ਸਪੋਰਟਸ ਡੈਸਕ, ਨਵੀਂ ਦਿੱਲੀ : ਆਈਸੀਸੀ ਵਨਡੇ ਵਿਸ਼ਵ ਕੱਪ 2023 ‘ਚ ਪਾਕਿਸਤਾਨੀ ਟੀਮ ਦਾ ਸਫ਼ਰ ਖ਼ਤਮ ਹੋ ਗਿਆ ਹੈ। ਇਸ ਹਾਰ ਤੋਂ ਬਾਅਦ ਪਾਕਿਸਤਾਨ ਦੀ ਟੀਮ ਘਰ ਪਹੁੰਚ ਗਈ ਹੈ। ਇਸ ਟੂਰਨਾਮੈਂਟ ‘ਚ ਬਾਬਰ ਆਜ਼ਮ ਦੀ ਕਪਤਾਨੀ ਵਾਲੀ ਪਾਕਿਸਤਾਨੀ ਟੀਮ ਦੇ ਪ੍ਰਦਰਸ਼ਨ ਤੋਂ ਬਾਅਦ ਪ੍ਰਸ਼ੰਸਕ ਲਗਾਤਾਰ ਉਨ੍ਹਾਂ ਨੂੰ ਟ੍ਰੋਲ ਕਰ ਰਹੇ ਹਨ।
ਇਸ ਦੌਰਾਨ ਪਾਕਿਸਤਾਨੀ ਟੀਮ ਦੇ ਸਾਬਕਾ ਆਲਰਾਊਂਡਰ ਅਬਦੁਲ ਰਜ਼ਾਕ ਨੇ ਪੀਸੀਬੀ ਦੀ ਆਲੋਚਨਾ ਕਰਦਿਆਂ ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਨੂੰ ਲੈ ਕੇ ਇਕ ਬਿਆਨ ਦਿੱਤਾ ਹੈ। ਉਨ੍ਹਾਂ ਨੇ ਪੀਸੀਬੀ ਦੀ ਤਪਲਨਾ ਐਸ਼ਵਰਿਆ ਨਾਲ ਕਰਦਿਆਂ ਜੋ ਬਿਆਨ ਦਿੱਤਾ, ਉਸ ਨਾਲ ਹਰ ਕੋਈ ਭੜਕਿਆ ਨਜ਼ਰ ਆ ਰਿਹਾ ਹੈ।
ਹੁਣ ਪਾਕਿਸਤਾਨ ਟੀਮ ਦੇ ਸਾਬਕਾ ਕਪਤਾਨ ਸ਼ਾਹਿਦ ਅਫਰੀਦੀ ਨੇ ਵੀ ਇਸ ਮਾਮਲੇ ‘ਚ ਅਬਦੁਲ ਰਜ਼ਾਕ ਦੀ ਕਲਾਸ ਲਗਾਈ ਹੈ ਹਾਲਾਂਕਿ ਇਸ ਇਵੈਂਟ ‘ਚ ਜਦੋਂ ਅਬਦੁਲ ਇਹ ਕਹਿ ਰਹੇ ਸਨ ਤਾਂ ਸ਼ਾਹਿਦ ਉਨ੍ਹਾਂ ਦੇ ਬਿਲਕੁਲ ਨਾਲ ਬੈਠੇ ਸਨ ਅਤੇ ਉਹ ਹੱਸ ਰਹੇ ਸਨ। ਇਸ ਤੋਂ ਬਾਅਦ ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਏਬ ਅਖਤਰ ਨੇ ਵੀ ਇਸ਼ਾਰਿਆਂ ਨਾਲ ਅਫ਼ਰੀਦੀ ਨੂੰ ਝਿੜਕਿਆ।
ਐਸ਼ਵਰਿਆ ਰਾਏ ‘ਤੇ ਵਿਵਾਦਿਤ ਟਿੱਪਣੀ ਕਰਨ ‘ਤੇ ਅਫਰੀਦੀ-ਅਖਤਰ ਨੇ ਅਬਦੁਲ ਰਜ਼ਾਕ ਦੀ ਲਾਈ ਕਲਾਸ
ਦਰਅਸਲ ਪਾਕਿਸਤਾਨੀ ਟੀਮ ਦੇ ਸਾਬਕਾ ਆਲਰਾਊਂਡਰ ਅਬਦੁਲ ਰਜ਼ਾਕ ਨੇ ਪਾਕਿਸਤਾਨੀ ਟੀਮ ਦੇ ਪ੍ਰਦਰਸ਼ਨ ਨੂੰ ਲੈ ਕੇ ਇਕ ਈਵੈਂਟ ‘ਚ ਅਜਿਹੀ ਟਿੱਪਣੀ ਕੀਤੀ ਸੀ, ਜਿਸ ਤੋਂ ਬਾਅਦ ਹਰ ਕੋਈ ਉਸ ਤੋਂ ਨਾਰਾਜ਼ ਹੈ। ਪੀਸੀਬੀ ਦੀ ਤੁਲਨਾ ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਨਾਲ ਕਰਦਿਆਂ ਉਨ੍ਹਾਂ ਕਿਹਾ ਕਿ ਜਦੋਂ ਮੈਂ ਖੇਡ ਰਿਹਾ ਸੀ ਤਾਂ ਮੈਨੂੰ ਪਤਾ ਸੀ ਕਿ ਮੇਰੇ ਕਪਤਾਨ ਯੂਨਿਸ ਖਾਨ ਦੇ ਇਰਾਦੇ ਚੰਗੇ ਹਨ। ਮੈਂ ਉਸ ਤੋਂ ਆਤਮ-ਵਿਸ਼ਵਾਸ ਅਤੇ ਹਿੰਮਤ ਸਿੱਖੀ ਅਤੇ ਅੱਲ੍ਹਾ ਦਾ ਸ਼ੁਕਰ ਕੀਤਾ ਕਿ ਮੈਂ ਪਾਕਿਸਤਾਨ ਕ੍ਰਿਕਟ ਲਈ ਚੰਗਾ ਪ੍ਰਦਰਸ਼ਨ ਕਰ ਸਕਿਆ।
ਰਜ਼ਾਕ ਨੇ ਕਿਹਾ ਕਿ ਜੇ ਤੁਹਾਡੀ ਸੋਚ ਹੈ ਕਿ ਮੈਂ ਐਸ਼ਵਰਿਆ ਰਾਏ ਨਾਲ ਵਿਆਹ ਕਰਾਂਗਾ ਤੇ ਫਿਰ ਨੇਕ ਤੇ ਗੁਣਵਾਨ ਬੱਚਾ ਪੈਦਾ ਹੋਵੇਗਾ ਤਾਂ ਅਜਿਹਾ ਕਦੇ ਨਹੀਂ ਹੋ ਸਕਦਾ, ਇਸ ਲਈ ਤੁਹਾਨੂੰ ਪਹਿਲਾਂ ਆਪਣੀ ਨੀਯਤ ਠੀਕ ਕਰਨੀ ਪਵੇਗੀ। ਇਸ ਦੌਰਾਨ ਸ਼ਾਹਿਦ ਅਫਰੀਦੀ ਸਮੇਤ ਹੋਰ ਖਿਡਾਰੀ ਉਸ ਦੀ ਟਿੱਪਣੀ ਤੋਂ ਬਾਅਦ ਹੱਸਣ ਲੱਗੇ। ਹੁਣ ਇਸ ਦੌਰਾਨ ਸ਼ਾਹਿਦ ਅਫਰੀਦੀ ਨੇ ਸਮਾ ਟੀਵੀ ‘ਤੇ ਕਿਹਾ ਕਿ ਕੱਲ੍ਹ ਪ੍ਰੋਗਰਾਮ ਚੱਲ ਰਿਹਾ ਸੀ ਅਤੇ ਅਸੀਂ ਸਟੇਜ ‘ਤੇ ਬੈਠੇ ਸੀ। ਰਜ਼ਾਕ ਨੇ ਉਥੇ ਕੁਝ ਕਿਹਾ ਪਰ ਮੈਂ ਸਮਝ ਨਹੀਂ ਸਕਿਆ। ਮੈਂ ਉਵੇਂ ਹੀ ਹੱਸ ਰਿਹਾ ਸੀ। ਮੈਂ ਸੋਚਿਆ ਕਿ ਉਸ ਦੇ ਹੱਥ ਵਿਚ ਮਾਈਕ ਹੈ, ਇਸ ਲਈ ਜਦੋਂ ਮੈਂ ਇਸ ਨੂੰ ਧਿਆਨ ਨਾਲ ਸੁਣਿਆ ਤਾਂ ਮੈਨੂੰ ਅਜੀਬ ਲੱਗਾ ਕਿ ਮੈਂ ਵੀ ਉਸ ਸਮੇਂ ਹੱਸ ਰਿਹਾ ਸੀ। ਮੈਂ ਤੁਰੰਤ ਰਜ਼ਾਕ ਨੂੰ ਸਾਰਿਆਂ ਤੋਂ ਮੁਆਫੀ ਮੰਗਣ ਨੂੰ ਮੈਸੇਜ ਕਰਾਂਗਾ। ਇਹ ਬਹੁਤ ਗ਼ਲਤ ਮਜ਼ਾਕ ਸੀ। ਅਜਿਹਾ ਮਜ਼ਾਕ ਨਹੀਂ ਹੋਣਾ ਚਾਹੀਦਾ।
ਇਸ ਤੋਂ ਬਾਅਦ ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਏਬ ਅਖਤਰ ਨੇ ਕਿਹਾ ਕਿ ਮੈਂ ਰਜ਼ਾਕ ਦੇ ਇਸ ਮਜ਼ਾਕ ਜਾਂ ਬਿਆਨ ਦੀ ਨਿੰਦਾ ਕਰਦਾ ਹਾਂ। ਕਿਸੇ ਵੀ ਔਰਤ ਦਾ ਇਸ ਤਰ੍ਹਾਂ ਅਪਮਾਨ ਨਹੀਂ ਹੋਣਾ ਚਾਹੀਦਾ। ਉਸ ਦੇ ਕੋਲ ਬੈਠੇ ਲੋਕਾਂ ਨੂੰ ਹੱਸਣ ਦੀ ਬਜਾਏ ਆਵਾਜ਼ ਉਠਾਉਣੀ ਚਾਹੀਦੀ ਸੀ।



