ਟੋਰਾਂਟੋ— ਕੈਨੇਡਾ ਦੇ ਸ਼ਹਿਰ ਟੋਰਾਂਟੋ ‘ਚ ਵੈੱਸਟ ਕੁਈਨ ਵੈੱਸਟ ਦੀ ਇਕ ਇਮਾਰਤ ‘ਚ ਇਕ ਔਰਤ ਦੀ ਸ਼ੱਕੀ ਹਾਲਾਤਾਂ ‘ਚ ਮੌਤ ਹੋ ਗਈ ਜੋ ਤਿੰਨ ਹਫਤੇ ਪਹਿਲਾਂ ਹੀ ਇੱਥੇ ਰਹਿਣ ਲਈ ਆਈ ਸੀ। ਪੁਲਸ ਨੇ ਜਾਣਕਾਰੀ ਦਿੱਤੀ ਕਿ 28 ਸਾਲਾ ਸੈਲਬੀ ਰੀਡਮੈਨ ਨਾਂ ਦੀ ਔਰਤ ਮੰਗਲਵਾਰ ਨੂੰ ਨਿਆਗਰਾ ਸਟਰੀਟ ਨੇੜਲੀ ਇਕ ਇਮਾਰਤ ‘ਚ ਮ੍ਰਿਤਕ ਪਾਈ ਗਈ। ਉਹ ਇਸ ਇਮਾਰਤ ਦੀ ਚੌਥੀ ਮੰਜ਼ਲ ‘ਤੇ ਰਹਿੰਦੀ ਸੀ। ਐਤਵਾਰ ਨੂੰ ਪੁਲਸ ਨੇ ਇਸ ਸੰਬੰਧੀ ਜਾਂਚ ਕਰਨ ਮਗਰੋਂ 41 ਸਾਲਾ ਇਕ ਵਿਅਕਤੀ ਨੂੰ ਸ਼ੱਕ ਵਜੋਂ ਹਿਰਾਸਤ ‘ਚ ਲਿਆ ਹੈ।
ਪੁਲਸ ਨੇ ਦੱਸਿਆ ਕਿ ਜਿਸ ਦੋਸ਼ੀ ਨੂੰ ਹਿਰਾਸਤ ‘ਚ ਲਿਆ ਗਿਆ ਹੈ, ਉਹ ਦੁਰਹਮ ਰੀਜਨ ‘ਚ ਕਈ ਘਰੇਲੂ ਹਿੰਸਕ ਵਾਰਦਾਤਾਂ ‘ਚ ਸ਼ਾਮਲ ਰਿਹਾ ਹੈ। ਉਸ ਦੀ ਪਛਾਣ 41 ਸਾਲਾ ਰਿਚਰਡ ਦੇ ਤੌਰ ‘ਤੇ ਕੀਤੀ ਗਈ ਹੈ। ਸ਼ੱਕੀ ਵਿਅਕਤੀ ਨੂੰ ਐਤਵਾਰ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ ਸੀ। ਪੁਲਸ ਨੇ ਕਿਹਾ ਸੋਸ਼ਲ ਮੀਡੀਆ ਰਾਹੀਂ ਕਈ ਹੋਰ ਔਰਤਾਂ ਵੀ ਇਸ ਵਿਅਕਤੀ ਦੇ ਸੰਪਰਕ ‘ਚ ਆਈਆਂ ਹੋਣਗੀਆਂ ਅਤੇ ਉਹ ਉਨ੍ਹਾਂ ਨੂੰ ਅਪੀਲ ਕਰਦੇ ਹਨ ਕਿ ਉਹ ਪੁਲਸ ਦੀ ਮਦਦ ਕਰਨ ਲਈ ਅੱਗੇ ਆਉਣ।