Ad-Time-For-Vacation.png

ਭਾਜਪਾ ਆਗੂਆਂ ਦੀ ਬਿਆਨਬਾਜ਼ੀ ਅਤੇ ਦੇਸ਼ ਦੀ ਸੁਰੱਖਿਆ

ਲਗਾਤਾਰ ਤੀਸਰੇ ਦਿਨ ਵੀ ਜੰਮੂ-ਕਸ਼ਮੀਰ ਵਿੱਚੋਂ ਦਹਿਸ਼ਤਗਰਦਾਂ ਦੇ ਹਮਲੇ ਦੀ ਖ਼ਬਰ ਆ ਜਾਣ ਕਾਰਨ ਦੇਸ਼ ਦੇ ਲੋਕ ਆਪਣੀ ਸਰਕਾਰ ਦੀ ਬਿਆਨਾਂ ਵਿੱਚੋਂ ਝਲਕਦੀ ਤਾਕਤ ਬਾਰੇ ਯਕੀਨ ਕਰਨ ਵਿੱਚ ਬਹੁਤ ਮੁਸ਼ਕਲ ਮਹਿਸੂਸ ਕਰ ਰਹੇ ਹਨ। ਇੱਕ ਪਾਸੇ ਜਦੋਂ ਦੇਸ਼ ਦੀ ਸਰਕਾਰ ਹਾਲਾਤ ਨਾਲ ਸਿੱਝਣ ਦੇ ਦਮਗਜ਼ੇ ਮਾਰੀ ਜਾਂਦੀ ਹੈ ਤੇ ਦੂਸਰੇ ਪਾਸੇ ਸੁਰੱਖਿਆ ਜਵਾਨ ਲਗਾਤਾਰ ਮਾਰੇ ਜਾ ਰਹੇ ਹਨ ਤਾਂ ਲੋਕਾਂ ਵਿੱਚ ਸਰਕਾਰ ਬਾਰੇ ਏਦਾਂ ਦੀ ਰਾਇ ਦਾ ਪੈਦਾ ਹੋਣਾ ਸੁਭਾਵਕ ਹੈ। ਸਰਕਾਰ ਦੇ ਤਰਫੋਂ ਬੋਲੀ ਵੀ ਇੱਕ ਨਹੀਂ ਬੋਲੀ ਜਾਂਦੀ। ਇੰਝ ਜਾਪਦਾ ਹੈ ਕਿ ਇਸ ਦੇਸ਼ ਦੀ ਸਰਕਾਰ ਦੇ ਅੰਦਰ ਹਰ ਕੋਈ ਆਪਣੀ ਮਰਜ਼ੀ ਦੀ ਦਿਸ਼ਾ ਵਿੱਚ ਦੌੜ ਲਾਈ ਜਾਂਦਾ ਹੈ।

ਭਾਰਤ ਦੇ ਲੋਕ ਉਹ ਦਿਨ ਭੁੱਲ ਨਹੀਂ ਸਕਦੇ, ਜਦੋਂ ਵਿਰੋਧੀ ਧਿਰ ਵਿੱਚ ਹੁੰਦਿਆਂ ਭਾਜਪਾ ਆਗੂ ਰੋਜ਼ ਹੀ ਇਹ ਦੋਸ਼ ਲਾਇਆ ਕਰਦੇ ਸਨ ਕਿ ਮਨਮੋਹਨ ਸਿੰਘ ਦੀ ਸਰਕਾਰ ਨਿਕੰਮੀ ਹੈ, ਸਾਡੀ ਸਰਕਾਰ ਬਣਦੇ ਸਾਰ ਹੀ ਅਗਲੇ ਦਿਨ ਤੋਂ ਦਹਿਸ਼ਤਗਰਦਾਂ ਦਾ ਮੂੰਹ ਭੰਨਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਉਹ ਪਾਕਿਸਤਾਨ ਵਾਸਤੇ ਬੜੀ ਸਖਤ ਨੀਤੀ ਧਾਰਨ ਦੀ ਗੱਲ ਕਰਦੇ ਹੁੰਦੇ ਸਨ। ਹੁਣ ਇਹ ਗੱਲਾਂ ਉਹ ਸਿਰਫ ਮੂੰਹ ਦਿਖਾਵੇ ਵਾਸਤੇ ਕਰਦੇ ਹਨ, ਅਮਲ ਵਿੱਚ ਇਸ ਤੋਂ ਉਲਟ ਹੁੰਦਾ ਹੈ। ਹਮਲੇ ਹੁੰਦੇ ਤੇ ਲੋਕ ਮਰੀ ਜਾਂਦੇ ਹਨ। ਦੇਸ਼ ਦਾ ਗ੍ਰਹਿ ਮੰਤਰੀ ਹਰ ਹਮਲੇ ਪਿੱਛੋਂ ਇਹ ਬਿਆਨ ਦਾਗ ਦੇਂਦਾ ਹੈ ਕਿ ਅਸੀਂ ਹੁਣ ਪਾਕਿਸਤਾਨ ਨੂੰ ਜਵਾਬ ਦੇਣ ਵੇਲੇ ਗੋਲੀਆਂ ਦੀ ਗਿਣਤੀ ਨਹੀਂ ਕਰਾਂਗੇ। ਨਾਲ ਇਹ ਬਿਆਨ ਵੀ ਹੁੰਦਾ ਹੈ ਕਿ ਅਸੀਂ ਹੋਰ ਹਮਲੇ ਦੀ ਆਗਿਆ ਨਹੀਂ ਦੇਵਾਂਗੇ। ਜਿਨ੍ਹਾਂ ਨੇ ਪਹਿਲਾ ਹਮਲਾ ਬਿਨਾਂ ਆਗਿਆ ਦੇ ਕੀਤਾ ਹੁੰਦਾ ਹੈ, ਅਗਲਾ ਵੀ ਕਰ ਕੇ ਨਿਕਲ ਜਾਂਦੇ ਹਨ।

ਜਦੋਂ ਉਹ ਵਿਰੋਧੀ ਧਿਰ ਦੇ ਲੀਡਰ ਹੁੰਦਿਆਂ ਬੜਾ ਸਖਤ ਸਟੈਂਡ ਲੈਣ ਦਾ ਵਿਖਾਵਾ ਕਰਦੇ ਸਨ, ਦੇਸ਼ ਦੇ ਆਮ ਲੋਕ ਭਾਵੇਂ ਇਸ ਤੋਂ ਪ੍ਰਭਾਵਤ ਹੁੰਦੇ ਸਨ, ਸਥਿਤੀ ਦੀ ਘੋਖ ਰੱਖਣ ਵਾਲਿਆਂ ਨੂੰ ਓਦੋਂ ਵੀ ਪਤਾ ਸੀ ਕਿ ਇਹ ਓਸੇ ਪਾਰਟੀ ਦੇ ਲੀਡਰ ਹਨ, ਜਿਸ ਦੇ ਰਾਜ ਵਿੱਚ ਇੱਕ ਵਾਰੀ ਪਾਰਲੀਮੈਂਟ ਉੱਤੇ ਤੇ ਦੂਸਰੀ ਵਾਰੀ ਲਾਲ ਕਿਲ੍ਹੇ ਉੱਤੇ ਹਮਲਾ ਹੋ ਗਿਆ ਸੀ। ਇਹ ਓਦੋਂ ਵੀ ਸਿਰਫ ਗੱਲਾਂ ਕਰਦੇ ਰਹੇ ਤੇ ਅਮਲ ਵਿੱਚ ਫੋਕੇ ਨਿਕਲੇ ਸਨ ਤੇ ਇਸ ਵਾਰ ਵੀ ਅਮਲਾਂ ਵਿੱਚ ਪੂਰੇ ਉੱਤਰਨ ਦਾ ਯਕੀਨ ਨਹੀਂ। ਇਹ ਗੱਲ ਹੁਣ ਸੱਚੀ ਸਾਬਤ ਹੋ ਰਹੀ ਹੈ। ਚਲੰਤ ਸਾਲ ਦੇ ਚੜ੍ਹਦੇ ਸਾਰ ਪਠਾਨਕੋਟ ਵਿੱਚ ਭਾਰਤੀ ਹਵਾਈ ਫੌਜ ਦੇ ਏਅਰ ਬੇਸ ਉੱਤੇ ਹਮਲੇ ਨਾਲ ਸ਼ੁਰੂਆਤ ਹੋਈ ਸੀ ਤੇ ਉਸ ਦੇ ਬਾਅਦ ਵੀ ਛੋਟੀਆਂ-ਵੱਡੀਆਂ ਘਟਨਾਵਾਂ ਲਗਾਤਾਰ ਹੁੰਦੀਆਂ ਰਹੀਆਂ ਹਨ। ਘਟਨਾਵਾਂ ਦੀ ਲੜੀ ਭਾਜਪਾ ਦੇ ਸਹਿਯੋਗੀ ਦਲਾਂ ਦੇ ਆਗੂਆਂ ਨੂੰ ਵੀ ਆਮ ਲੋਕਾਂ ਸਾਹਮਣੇ ਸ਼ਰਮਿੰਦਾ ਕਰੀ ਜਾ ਰਹੀ ਹੈ।

ਇੱਕ ਗੱਲ ਕਿਸੇ ਸਮੇਂ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਬੜੇ ਜ਼ੋਰ ਨਾਲ ਕਿਹਾ ਕਰਦੇ ਸਨ ਕਿ ਪਾਕਿਸਤਾਨ ਦੇ ਹਾਕਮ ਆਉਣ ਤਾਂ ਭਾਰਤ ਦੀ ਮਨਮੋਹਨ ਸਿੰਘ ਸਰਕਾਰ ਬਿਰਿਆਨੀ ਪੇਸ਼ ਕਰਦੀ ਹੈ। ਸੰਬੰਧ ਤਾਂ ਹੁਣ ਵੀ ਓਦਾਂ ਦੇ ਹਨ। ਹਕੀਕਤ ਇਹ ਹੈ ਕਿ ਉਸ ਤੋਂ ਵੀ ਵੱਧ ਬਿਰਿਆਨੀ ਦੋਵੇਂ ਪਾਸਿਓਂ ਪੇਸ਼ ਕਰਨ ਅਤੇ ਬੇਸ਼ਰਮੀ ਨਾਲ ਖਾਣ ਦੀਆਂ ਗੱਲਾਂ ਲੁਕੋਈਆਂ ਨਹੀਂ ਜਾ ਰਹੀਆਂ। ਇਹ ਦ੍ਰਿਸ਼ ਪਰਸੋਂ ਵੀ ਵੇਖਣ ਨੂੰ ਮਿਲਿਆ ਸੀ, ਜਦੋਂ ਦਹਿਸ਼ਤਗਰਦਾਂ ਦੇ ਹਮਲੇ ਵਿੱਚ ਸਾਡੇ ਸੁਰੱਖਿਆ ਜਵਾਨ ਮਾਰੇ ਜਾ ਰਹੇ ਸਨ। ਉਸ ਦਿਨ ਪਾਕਿਸਤਾਨ ਦੇ ਹਾਈ ਕਮਿਸ਼ਨਰ ਨੇ ਦਿੱਲੀ ਵਿੱਚ ਇਫਤਾਰ ਪਾਰਟੀ ਦੇਣੀ ਸੀ। ਮੀਡੀਆ ਵਾਲਿਆਂ ਨੇ ਓਥੇ ਸਵਾਲ ਪੁੱਛ ਲਿਆ ਕਿ ਅੱਜ ਫਿਰ ਦਹਿਸ਼ਤਗਰਦ ਹਮਲਾ ਹੋਇਆ ਹੈ ਅਤੇ ਭਾਰਤ ਦੇ ਸੁਰੱਖਿਆ ਜਵਾਨਾਂ ਦੇ ਮਾਰੇ ਜਾਣ ਦੀ ਖਬਰ ਆਈ ਹੈ। ਭਾਰਤ ਨੂੰ ਚੋਟ ਲਾਉਣ ਦਾ ਕੋਈ ਮੌਕਾ ਨਾ ਛੱਡਣ ਵਾਲੇ ਪਾਕਿਸਤਾਨੀ ਹਾਈ ਕਮਿਸ਼ਨਰ ਨੇ ਆਖਿਆ ਕਿ ਉਸ ਘਟਨਾ ਨੂੰ ਛੱਡੋ, ਪਾਰਟੀ ਹੋ ਰਹੀ ਹੈ, ਇਸ ਦਾ ਮਜ਼ਾ ਲਓ। ਸਾਡੇ ਦੇਸ਼ ਦੇ ਸਾਰੇ ਮੀਡੀਆ ਚੈਨਲ ਉਸ ਦਿਨ ਪਾਕਿਸਤਾਨੀ ਹਾਈ ਕਮਿਸ਼ਨਰ ਦੇ ਇਸ ਬਿਆਨ ਦੀ ਚੀਰ-ਫਾੜ ਕਰ ਰਹੇ ਸਨ ਅਤੇ ਵਿਦੇਸ਼ ਮਾਮਲਿਆਂ ਦਾ ਰਾਜ ਮੰਤਰੀ ਸਾਬਕਾ ਜਨਰਲ ਵੀ ਕੇ ਸਿੰਘ ਉਸ ਦਿਨ ਉਸ ਹਾਈ ਕਮਿਸ਼ਨਰ ਦੀ ਪਾਰਟੀ ਦਾ ਮਜ਼ਾ ਲੈਣ ਨੂੰ ਓਥੇ ਬੈਠਾ ਹੋਇਆ ਸੀ। ਬਾਅਦ ਵਿੱਚ ਉਹ ਬੇਸ਼ਰਮੀ ਨਾਲ ਕਹਿੰਦਾ ਸੀ ਕਿ ਮੈਨੂੰ ਹਾਈ ਕਮਿਸ਼ਨਰ ਦੇ ਬਿਆਨ ਦਾ ਪਤਾ ਨਹੀਂ ਸੀ। ਬਿਨਾਂ ਸ਼ੱਕ ਨਾ ਪਤਾ ਹੋਵੇਗਾ, ਪਰ ਆਪਣੇ ਜਵਾਨਾਂ ਦੇ ਮਰਨ ਦਾ ਪਤਾ ਤਾਂ ਹੋਵੇਗਾ। ਉਸ ਦੀ ਇਸ ਬੇਹੂਦਾ ਦਲੀਲ ਦੇ ਬਾਅਦ ਕਈ ਪਾਸਿਆਂ ਤੋਂ ਨਰਿੰਦਰ ਮੋਦੀ ਸਰਕਾਰ ਦੀ ਨੁਕਤਾਚੀਨੀ ਹੋਈ ਹੈ।

ਲੋਕਾਂ ਨੂੰ ਗਰਮਾ-ਗਰਮ ਭਾਸ਼ਣ ਸੁਣਨ ਦਾ ਸ਼ੌਕ ਨਹੀਂ। ਇਹ ਭਾਸ਼ਣ ਪਾਰਲੀਮੈਂਟ ਚੋਣਾਂ ਵਿੱਚ ਬੜੀ ਵਾਰ ਲੋਕ ਸੁਣ ਚੁੱਕੇ ਸਨ ਤੇ ਜਿਹੜੇ ਓਦੋਂ ਸੁਣਨ ਤੋਂ ਰਹਿ ਗਏ ਸਨ, ਉਨ੍ਹਾਂ ਲੋਕਾਂ ਨੇ ਬਾਅਦ ਵਿੱਚ ਰਾਜਾਂ ਦੀਆਂ ਚੋਣਾਂ ਵਿੱਚ ਸੁਣ ਲਏ ਹੋਣਗੇ। ਜਿਹੜੀ ਭਾਰਤੀ ਜਨਤਾ ਪਾਰਟੀ ਕਹਿੰਦੀ ਸੀ ਕਿ ਦੁਸ਼ਮਣ ਨੂੰ ਉਸ ਦੇ ਘਰ ਵਿੱਚ ਵੀ ਜਾ ਕੇ ਮਾਰਾਂਗੇ, ਉਸ ਨੂੰ ਲੋਕ ਇਸ ਗੱਲ ਲਈ ਨਹੀਂ ਉਕਸਾਉਣਾ ਚਾਹੁੰਦੇ ਕਿ ਉਹ ਲਾਹੌਰ ਅੰਦਰ ਜਾ ਵੜੇ, ਪਰ ਏਨੀ ਆਸ ਉਸ ਕੋਲੋਂ ਜ਼ਰੂਰ ਕਰਦੇ ਹਨ ਕਿ ਦੇਸ਼ ਦੀ ਰਾਖੀ ਵੱਲ ਧਿਆਨ ਦੇਵੇ। ਆਏ ਦਿਨ ਲੋਕ ਮਾਰੇ ਜਾ ਰਹੇ ਹੋਣ ਤੇ ਰਾਜ ਕਰਦੀ ਪਾਰਟੀ ਦੇ ਲੀਡਰ ਇਹ ਬਿਆਨ ਦੇਈ ਜਾ ਰਹੇ ਹੋਣ ਕਿ ਅਸੀਂ ਕਿਸੇ ਨੂੰ ਵਾਰਦਾਤ ਕਰਨ ਦੀ ਆਗਿਆ ਨਹੀਂ ਦੇਵਾਂਗੇ, ਇਹ ਬਹੁਤ ਹਾਸੋਹੀਣਾ ਵਿਹਾਰ ਹੈ। ਦੋ ਸਾਲ ਰਾਜ ਕਰ ਲੈਣ ਦੇ ਬਾਅਦ ਤਾਂ ਕੇਂਦਰ ਸਰਕਾਰ ਚਲਾਉਣ ਵਾਲਿਆਂ ਨੂੰ ਆਪਣੇ ਅਹੁਦੇ ਦੀ ਜ਼ਿੰਮੇਵਾਰੀ ਦਾ ਅਹਿਸਾਸ ਹੋ ਜਾਣਾ ਚਾਹੀਦਾ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.