ਸਰੀ, ਬੀ.ਸੀ. – ਇਨ੍ਹਾਂ ਗਰਮੀਆਂ ਵਿੱਚ ਸਿਟੀ ਆਫ਼ ਸਰੀ ਵੱਲੋਂ ਆਯੋਜਿਤ ਫੀਫਾ ਵਿਸ਼ਵ ਕੱਪ 2026™ ਸੌਕਰ ਫੈਨ ਜ਼ੋਨਾਂ ਵਿੱਚ 175,000ਤੋਂ ਵੱਧ ਪ੍ਰਸ਼ੰਸਕ ਸਰੀ ਭਰ ਵਿੱਚ ਇਕੱਠੇ ਹੋਏ। ਛੇ ਹਫ਼ਤਿਆਂ ਅਤੇ ਚਾਰ ਵੱਖ-ਵੱਖ ਸਥਾਨਾਂ ‘ਤੇ ਚੱਲੇ ਇਹ ਸਮਾਗਮ ਸਿਟੀ ਦੇ ਇਤਿਹਾਸ ਦੇ ਸਭ ਤੋਂ ਵੱਡੇ ਜਨਤਕ ਜਸ਼ਨ ਸਾਬਤ ਹੋਏ।
ਫੈਨ ਜ਼ੋਨਾਂ ਦੀ ਅਧਿਕਾਰਤ ਤੌਰ ‘ਤੇ ਸ਼ੁਰੂਆਤ 12 ਜੂਨ ਨੂੰ ਸਰੀ ਸਿਵਿਕ ਪਲਾਜ਼ਾ ਵਿੱਚ ਕੈਨੇਡਾ ਦੇ ਟੂਰਨਾਮੈਂਟ ਦੇ ਪਹਿਲੇ ਮੈਚ ਨਾਲ ਹੋਈ। ਇਸ ਤੋਂ ਬਾਅਦ ਕਲੋਵਰਡੇਲ ਐਗਰੀਪਲੈਕਸ, ਸਾਊਥ ਸਰੀ ਐਥਲੈਟਿਕ ਪਾਰਕ ਅਤੇ ਹਾਲੈਂਡ ਪਾਰਕ ਵਿੱਚ ਵੀ ਪ੍ਰਸ਼ੰਸਕ ਵੱਡੀ ਗਿਣਤੀ ਵਿੱਚ ਇਕੱਠੇ ਹੋਏ, ਜਿਵੇਂ-ਜਿਵੇਂ ਫੈਨ ਜ਼ੋਨ ਪੂਰੇ ਸ਼ਹਿਰ ਵਿੱਚ ਆਯੋਜਿਤ ਕੀਤੇ ਗਏ। ਇਨ੍ਹਾਂ ਸਮਾਗਮਾਂ ਦੌਰਾਨ 100 ਤੋਂ ਵੱਧ ਮੈਚਾਂ ਦਾ ਸਿੱਧਾ ਪ੍ਰਸਾਰਣ ਕੀਤਾ ਗਿਆ। ਇਸ ਦੇ ਨਾਲ ਹੀ ਲਾਈਵ ਮਨੋਰੰਜਨ, ਪਰਿਵਾਰਾਂ ਲਈ ਮਨੋਰੰਜਕ ਗਤੀਵਿਧੀਆਂ, ਕਮਿਊਨਿਟੀ ਪ੍ਰਦਰਸ਼ਨੀਆਂ ਅਤੇ ਫੂਡ ਟਰੱਕ ਵੀ ਖ਼ਾਸ ਆਕਰਸ਼ਨ ਰਹੇ।
ਸਰੀ ਦੇ ਮੇਅਰ ਬਰੈਂਡਾ ਲੌਕ ਨੇ ਕਿਹਾ, ” ਫੀਫਾ ਵਿਸ਼ਵ ਕੱਪ ਇੱਕ ਅਜਿਹਾ ਸਮਾਗਮ ਹੈ ਜਿਸਦਾ ਮੌਕਾ ਅਕਸਰ ਹੀ ਇੱਕ ਪੀੜ੍ਹੀ ਵਿੱਚ ਸਿਰਫ਼ ਇੱਕ ਵਾਰ ਆਉਂਦਾ ਹੈ, ਅਤੇ ਅਸੀਂ ਚਾਹੁੰਦੇ ਸੀ ਕਿ ਸਰੀ ਦਾ ਹਰ ਵਸਨੀਕ ਇਸ ਇਤਿਹਾਸਕ ਮੌਕੇ ਦਾ ਹਿੱਸਾ ਬਣ ਸਕੇ। ਮੁਫ਼ਤ ਫੈਨ ਜ਼ੋਨਜ਼ ਨੇ ਪਰਿਵਾਰਾਂ, ਦੋਸਤਾਂ ਅਤੇ ਆਂਢ – ਗੁਆਂਢ ਨੂੰ ਬਿਨਾਂ ਮੈਚ ਦੀ ਟਿਕਟ ਖ਼ਰੀਦੇ ਟੂਰਨਾਮੈਂਟ ਦੇ ਉਤਸ਼ਾਹ ਨੂੰ ਇਕੱਠੇ ਆਨੰਦ ਲੈਣ ਦਾ ਮੌਕਾ ਦਿੱਤਾ। ਇਸ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਹਰ ਵਿਅਕਤੀ, ਸੇਵਾ ਦੇਣ ਅਤੇ ਇਸ ਜਸ਼ਨ ਨੂੰ ਕਾਮਯਾਬ ਬਣਾਉਣ ਵਿੱਚ ਯੋਗਦਾਨ ਪਾਉਣ ਵਾਲੇ ਸਾਰੇ ਲੋਕਾਂ ਦਾ ਮੈਂ ਧੰਨਵਾਦ ਕਰਦੀ ਹਾਂ। ਨਾਲ ਹੀ, ਬੀਸੀ ਸਰਕਾਰ ਦਾ ਵੀ ਉਸ ਦੇ ਸਹਿਯੋਗ ਲਈ ਧੰਨਵਾਦ।”
ਟੂਰਨਾਮੈਂਟ ਦੌਰਾਨ, ਫੈਨ ਜ਼ੋਨਜ਼ ਵਿੱਚ 75 ਤੋਂ ਵੱਧ ਸਥਾਨਕ ਕਲਾਕਾਰਾਂ ਨੇ ਆਪਣੀਆਂ ਪੇਸ਼ਕਾਰੀਆਂ ਦਿੱਤੀਆਂ ਅਤੇ 50 ਤੋਂ ਵੱਧ ਕਮਿਊਨਿਟੀ ਭਾਈਵਾਲਾਂ ਨੇ ਹਿੱਸਾ ਲਿਆ। ਇਸ ਤੋਂ ਇਲਾਵਾ, 250 ਸੇਵਾਦਾਰਾਂ ਨੇ ਸਮਾਗਮਾਂ ਵਿੱਚ ਯੋਗਦਾਨ ਪਾਇਆ, ਜੋ ਇਨ੍ਹਾਂ ਜਸ਼ਨਾਂ ਦੀ ਸਫਲਤਾ ਵਿੱਚ ਸਥਾਨਕ ਸੰਸਥਾਵਾਂ ਅਤੇ ਵਿਅਕਤੀਆਂ ਦੀ ਮਹੱਤਵਪੂਰਨ ਭੂਮਿਕਾ ਨੂੰ ਦਰਸਾਉਂਦਾ ਹੈ।



