ਲੰਡਨ (ਏਪੀ) : ਅਰਜਨਟੀਨਾ ਦੇ ਸਟਾਰ ਖਿਡਾਰੀ ਲਿਓਨ ਮੈਸੀ ਨੇ ਏਰਲਿੰਗ ਹਾਲੈਂਡ ਨੂੰ ਟਾਈਬ੍ਰੇਕਰ ਵਿਚ ਪਛਾੜ ਕੇ ਫੀਫਾ ਸਾਲ ਦੇ ਸਰਬੋਤਮ ਫੁੱਟਬਾਲਰ ਦਾ ਪੁਰਸਕਾਰ ਜਿੱਤਿਆ। ਇਸ ਦੌੜ ਵਿਚ ਫਰਾਂਸੀਸੀ ਸਟਾਰ ਕਾਇਲੀਅਨ ਐਮਬਾਪੇ ਤੀਜੇ ਸਥਾਨ ’ਤੇ ਰਹੇ। ਰਾਸ਼ਟਰੀ ਟੀਮ ਦੇ ਕੋਚਾਂ, ਕਪਤਾਨਾਂ, ਚੋਣਵੇਂ ਪੱਤਰਕਾਰਾਂ ਤੇ ਪ੍ਰਸ਼ੰਸਕਾਂ ਵੱਲੋਂ ਆਨਲਾਈਨ ਕੀਤੀ ਗਈ ਵੋਟਿੰਗ ਦੇ ਆਧਾਰ ’ਤੇ ਮੈਸੀ ਤੇ ਹਾਲੈਂਡ ਦੋਵਾਂ ਨੂੰ 48 ਅੰਕ ਮਿਲੇ। ਟਾਈਬ੍ਰੇਕਰ ਵਿਚ ਫ਼ੈਸਲਾ ਰਾਸ਼ਟਰੀ ਟੀਮਾਂ ਦੇ ਕਪਤਾਨਾਂ ਵੱਲੋਂ ‘ਪੰਜ ਪੁਆਇੰਟ’ ਸਕੋਰ ਜਾਂ ਪਹਿਲੇ ਸਥਾਨ ’ਤੇ ਰੱਖੇ ਜਾਣ ਦੇ ਆਧਾਰ ’ਤੇ ਕੀਤਾ ਗਿਆ। ਮੈਸੀ ਨੂੰ 15 ਸਾਲ ਵਿਚ ਅੱਠਵੀਂ ਵਾਰ ਇਹ ਵੱਕਾਰੀ ਪੁਰਸਕਾਰ ਮਿਲਿਆ ਹੈ।

ਹਾਲਾਂਕਿ ਕੋਈ ਵੀ ਖਿਡਾਰੀ ਪੱਛਮੀ ਲੰਡਨ ਦੇ ਅਪੋਲੋ ਥਿਏਟਰ ਵਿਚ ਹੋਏ ਪ੍ਰੋਗਰਾਮ ਵਿਚ ਨਹੀਂ ਪੁੱਜਾ ਸੀ। ਪੈਰਿਸ ਸੇਂਟ ਜਰਮੇਨ ਛੱਡ ਕੇ ਡੇਵਿਡ ਬੇਕਹਮ ਦੀ ਮਾਲਕੀ ਵਾਲੇ ਕਲੱਬ ਇੰਟਰ ਮਿਆਮੀ ਨਾਲ ਜੁੜੇ ਮੈਸੀ ਨੇ ਪਿਛਲੇ ਸਾਲ ਅਕਤੂਬਰ ਵਿਚ ਹਾਲੈਂਡ ਤੇ ਐਮਬਾਪੇ ਨੂੰ ਹਰਾ ਕੇ ਹੀ ਅੱਠਵੀਂ ਵਾਰ ਬੇਲੋਨ ਡਿਓਰ ਪੁਰਸਕਾਰ ਜਿੱਤਿਆ ਸੀ। ਮਹਿਲਾ ਵਰਗ ਵਿਚ ਸਪੇਨ ਦੀ ਵਿਸ਼ਵ ਕੱਪ ਚੈਂਪੀਅਨ ਏਤਾਨਾ ਬੋਨਮਾਤੀ ਨੂੰ ਸਰਬੋਤਮ ਖਿਡਾਰਨ ਚੁਣਿਆ ਗਿਆ। ਉਨ੍ਹਾਂ ਨੇ ਪਿਛਲੇ ਸਾਲ ਬੇਲੋਨ ਡਿਓਰ ਵੀ ਜਿੱਤਿਆ ਸੀ। ਉਹ ਵਿਸ਼ਵ ਕੱਪ ਤੇ ਚੈਂਪੀਅਨਜ਼ ਲੀਗ ਦੋਵਾਂ ਵਿਚ ਪਲੇਅਰ ਆਫ ਦ ਟੂਰਨਾਮੈਂਟ ਰਹੀ ਸੀ। ਬੋਨਮਾਤੀ ਨੇ ਹਮਵਤਨ ਜੇਨੀ ਹਰਮੋਸੋ ਤੇ ਕੋਲੰਬੀਆ ਦੀ ਲਿੰਡਾ ਕਾਇਸੇਡੋ ਨੂੰ ਪਛਾੜ ਕੇ ਇਹ ਪੁਰਸਕਾਰ ਜਿੱਤਿਆ। ਸਪੇਨ ਦੀ ਮਹਿਲਾ ਟੀਮ ਨੇ ਇੰਗਲੈਂਡ ਨੂੰ ਹਰਾ ਕੇ ਪਹਿਲੀ ਵਾਰ ਵਿਸ਼ਵ ਕੱਪ ਟਰਾਫੀ ਜਿੱਤੀ ਸੀ। ਪ੍ਰਸ਼ੰਸਕਾਂ ਨੇ ਜਿੱਥੇ ਮੈਸੀ ਦੇ ਸਮਰਥਨ ਵਿਚ ਵੋਟ ਦਿੱਤੇ ਤਾਂ ਜ਼ਿਆਦਾਤਰ ਪੱਤਰਕਾਰ ਹਾਲੈਂਡ ਦੇ ਪੱਖ ਵਿਚ ਸਨ। ਉਥੇ ਰਾਸ਼ਟਰੀ ਕੋਚਾਂ ਦੇ ਵੋਟ ਵਿਚ ਵੀ ਹਾਲੈਂਡ ਮੈਸੀ ਤੋਂ ਥੋੜ੍ਹਾ ਅੱਗੇ ਸਨ, ਪਰ ਕਪਤਾਨਾਂ ਨੇ ਮੈਸੀ ਦੇ ਪੱਖ ਵਿਚ ਵੋਟ ਦਿੱਤਾ। ਹਾਲੈਂਡ ਨੇ ਵਿਸ਼ਵ ਕੱਪ ਤੋਂ ਬਾਅਦ ਤੋਂ ਮਾਨਚੈਸਟਰ ਸਿਟੀ ਲਈ 36 ਮੁਕਾਬਲਿਆਂ ਵਿਚ 28 ਗੋਲ ਕੀਤੇ ਸਨ। ਉਥੇ ਮੈਸੀ ਨੇ ਵਿਸ਼ਵ ਕੱਪ ਤੋਂ ਬਾਅਦ ਤੋਂ 22 ਮੈਚਾਂ ਵਿਚ ਨੌਂ ਗੋਲ ਕੀਤੇ ਤੇ ਛੇ ਵਿਚ ਸਹਾਇਤਾ ਕੀਤੀ। ਸਰਬੋਤਮ ਗੋਲਕੀਪਰ ਦਾ ਐਵਾਰਡ ਬ੍ਰਾਜ਼ੀਲ ਦੇ ਐਂਡਰਸਨ ਤੇ ਇੰਗਲੈਂਡ ਦੀ ਮੇਰੀ ਇਯਰਪਸ ਨੇ ਜਿੱਤਿਆ।