ਨਵੀਂ ਦਿੱਲੀ : ਕਰਮਚਾਰੀ ਰਾਜ ਬੀਮਾ ਨਿਗਮ (ਈਐੱਸਆਈਸੀ) ਨਾਲ ਪਿਛਲੇ ਸਾਲ ਨਵੰਬਰ ’ਚ 15.92 ਲੱਖ ਨਵੇਂ ਮੈਂਬਰ ਜੁੜੇ ਹਨ। ਮੰਗਲਵਾਰ ਨੂੰ ਜਾਰੀ ਤਾਜ਼ਾ ਪੈਰੋਲ ਡਾਟਾ ਮੁਤਾਬਕ ਇਸ ਸਮੇਂ ਦੌਰਾਨ 20,830 ਨਵੇਂ ਅਦਾਰੇ ਈਐੱਸਆਈਸੀ ਦੀ ਸਮਾਜਿਕ ਸੁਰੱਖਿਆ ਦੇ ਦਾਇਰੇ ’ਚ ਆਏ ਹਨ। ਡਾਟਾ ਮੁਤਾਬਕ ਪਿਛਲੇ ਸਾਲ ਨਵੰਬਰ ’ਚ ਨੌਜਵਾਨਾਂ ਲਈ ਜ਼ਿਆਦਾ ਨੌਕਰੀਆਂ ਪੈਦਾ ਹੋਈਆਂ ਹਨ। ਇਸ ਸਮੇਂ ਦੌਰਾਨ ਈਐੱਸਆਈਸੀ ਨਾਲ ਜੁੜੇ ਕੁੱਲ 15.92 ਲੱਖ ਨਵੇਂ ਮੈਂਬਰਾਂ ’ਚ 7.47 ਲੱਖ ਦੀ ਉਮਰ 25 ਸਾਲ ਤੱਕ ਰਹੀ ਹੈ। ਇਹ ਕੁੱਲ ਨਵੇਂ ਮੈਂਬਰਾਂ ਦਾ 47 ਫ਼ੀਸਦੀ ਹੈ। ਇਸ ਦੌਰਾਨ ਈਐੱਸਆਈਸੀ ਨਾਲ ਜੁੜਨ ਵਾਲੇ ਮੈਂਬਰਾਂ ’ਚ ਔਰਤਾਂ ਦੀ ਗਿਣਤੀ 3.17 ਲੱਖ ਰਹੀ ਹੈ। 58 ਟਰਾਂਸਜੈਂਡਰ ਵੀ ਈਐੱਸਆਈਸੀ ਦੀਆਂ ਯੋਜਨਾਵਾਂ ਨਾਲ ਜੁੜੇ ਹਨ। ਕਿਰਤ ਮੰਤਰਾਲੇ ਮੁਤਾਬਕ ਇਹ ਡਾਟਾ ਦਰਸਾਉਂਦਾ ਹੈ ਕਿ ਈਐੱਸਆਈਸੀ ਸਮਾਜ ਦੇ ਹਰ ਵਰਗ ਤੱਕ ਆਪਣਾ ਲਾਭ ਪਹੁੰਚਾਉਣ ਲਈ ਵਚਨਬੱਧ ਹੈ।