ਪੀਟੀਆਈ, ਨਵੀਂ ਦਿੱਲੀ : ਦੇਸ਼ ‘ਚ ਕੋਰੋਨਾ ਦੇ ਮਾਮਲਿਆਂ ‘ਚ ਕਮੀ ਆਈ ਹੈ। ਕੇਂਦਰੀ ਸਿਹਤ ਮੰਤਰਾਲੇ ਅਨੁਸਾਰ ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 180 ਮਾਮਲੇ ਦਰਜ ਕੀਤੇ ਗਏ ਹਨ। ਇਸ ਤੋਂ ਇਲਾਵਾ ਕੋਰੋਨਾ ਵਾਇਰਸ ਕਾਰਨ ਤਿੰਨ ਲੋਕਾਂ ਦੀ ਜਾਨ ਜਾ ਚੁੱਕੀ ਹੈ।

ਦੇਸ਼ ‘ਚ ਮਿਲੇ 180 ਨਵੇਂ ਮਾਮਲੇ

ਕੇਂਦਰੀ ਸਿਹਤ ਮੰਤਰਾਲੇ ਨੇ ਮੰਗਲਵਾਰ ਨੂੰ ਕਿਹਾ ਕਿ ਦੇਸ਼ ਵਿਚ ਕੋਵਿਡ-19 ਦੇ 180 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦੋਂਕਿ ਸਰਗਰਮ ਮਾਮਲਿਆਂ ਦੀ ਗਿਣਤੀ ਘਟ ਕੇ 2,804 ਹੋ ਗਈ ਹੈ। ਮੰਗਲਵਾਰ ਸਵੇਰੇ 8 ਵਜੇ ਤੱਕ ਦੇ ਅਪਡੇਟ ਕੀਤੇ ਗਏ ਅੰਕੜਿਆਂ ਅਨੁਸਾਰ ਮਹਾਰਾਸ਼ਟਰ ਵਿਚ ਪਿਛਲੇ 24 ਘੰਟਿਆਂ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ।

ਅਪ੍ਰੈਲ-ਜੂਨ 2021 ਦੌਰਾਨ ਕੋਰੋਨਾ ਦੇ ਵਧੇ ਮਾਮਲੇ

ਜ਼ਿਕਰਯੋਗ ਹੈ ਕਿ 31 ਦਸੰਬਰ 2023 ਨੂੰ ਦੇਸ਼ ਵਿਚ ਇਕ ਦਿਨ ‘ਚ 841 ਨਵੇਂ ਮਾਮਲੇ ਸਾਹਮਣੇ ਆਏ ਸਨ, ਜੋ ਮਈ 2021 ਵਿਚ ਦਰਜ ਮਾਮਲਿਆਂ ਦਾ 0.2 ਫ਼ੀਸਦੀ ਹੈ। ਡੇਲਟਾ ਵਾਇਰਸ ਕਾਰਨ ਅਪ੍ਰੈਲ-ਜੂਨ 2021 ਦੌਰਾਨ ਰਿਕਾਰਡ ਤੋੜ ਮਾਮਲੇ ਦਰਜ ਕੀਤੇ ਗਏ ਸਨ।

5.3 ਲੱਖ ਤੋਂ ਵੱਧ ਲੋਕਾਂ ਦੀ ਹੋ ਚੁੱਕੀ ਹੈ ਮੌਤ

7 ਮਈ 2021 ਨੂੰ ਦੇਸ਼ ਵਿਚ 4 ਲੱਖ 14 ਹਜ਼ਾਰ 188 ਨਵੇਂ ਮਾਮਲੇ ਸਾਹਮਣੇ ਆਏ ਅਤੇ 3 ਹਜ਼ਾਰ 915 ਲੋਕਾਂ ਦੀ ਮੌਤ ਹੋ ਗਈ। 2020 ਦੀ ਸ਼ੁਰੂਆਤ ਵਿਚ ਮਹਾਮਾਰੀ ਦੇ ਫੈਲਣ ਤੋਂ ਬਾਅਦ ਦੇਸ਼ ਭਰ ਵਿਚ 4.5 ਕਰੋੜ ਤੋਂ ਵੱਧ ਲੋਕ ਸੰਕਰਮਿਤ ਹੋਏ ਹਨ ਅਤੇ 5.3 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।

4.4 ਕਰੋੜ ਤੋਂ ਵੱਧ ਲੋਕ ਹੋ ਚੁੱਕੇ ਹਨ ਠੀਕ

ਮੰਤਰਾਲੇ ਅਨੁਸਾਰ ਕੋਰੋਨਾ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ 4.4 ਕਰੋੜ ਤੋਂ ਵੱਧ ਹੈ, ਜਿਸ ਦੀ ਰਾਸ਼ਟਰੀ ਰਿਕਵਰੀ ਦਰ 98.81 ਫ਼ੀਸਦੀ ਹੈ। ਦੇਸ਼ ਵਿਚ ਹੁਣ ਤੱਕ ਕੋਵਿਡ ਵੈਕਸੀਨ ਦੀਆਂ 220.67 ਕਰੋੜ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਫਿਲਹਾਲ ਦੇਸ਼ ‘ਚ ਜੇਐੱਨ.1 ਵੇਰੀਐਂਟ ਦੇ ਮਾਮਲਿਆਂ ‘ਚ ਕਮੀ ਆਈ ਹੈ।