ਜੈਪ੍ਰਕਾਸ਼ ਰੰਜਨ, ਨਵੀਂ ਦਿੱਲੀ: ਰਾਸ਼ਟਰਪਤੀ ਮੁਹੰਮਦ ਮੁਇੱਜੂ ਦੇ ਸੱਤਾ ’ਚ ਆਉਣ ਤੋਂ ਬਾਅਦ ਤੋਂ ਹੀ ਮਾਲਦੀਵ ਸਰਕਾਰ ਵੱਲੋਂ ਜਿਸ ਤਰ੍ਹਾਂ ਭਾਰਤ ਵਿਰੋਧੀ ਰਵਈਆ ਅਪਣਾਇਆ ਗਿਆ ਹੈ, ਉਸ ਦਾ ਅਸਰ ਏਨੀ ਛੇਤੀ ਦਿਖਾਈ ਦੇਵੇਗਾ ਕਿ ਇਹ ਕਿਸੇ ਨੇ ਸੋਚਿਆ ਨਹੀਂ ਸੀ। ਭਾਰਤੀ ਹਾਈ ਕਮਿਸ਼ਨ ਦੇ ਸਖ਼ਤ ਇਤਰਾਜ਼ ਤੇ ਭਾਰਤੀਆਂ ਦੇ ਸਖ਼ਤ ਰੁਖ਼ ਤੋਂ ਬਾਅਦ ਮਾਲਦੀਵ ਸਰਕਾਰ ਨੇ ਆਪਣੇ ਉਨ੍ਹਾਂ ਤਿੰਨਾਂ ਮੰਤਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ ਜਿਨ੍ਹਾਂ ਨੇ ਪੀਐੱਮ ਨਰਿੰਦਰ ਮੋਦੀ ਦੀ ਲਕਸ਼ਦੀਪ ਦੌਰੇ ਸਮੇਂ ਜਾਰੀ ਤਸਵੀਰਾਂ ’ਤੇ ਕਾਫ਼ੀ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਸਨ। ਇਨ੍ਹਾਂ ਮੰਤਰੀਆਂ ’ਚ ਮਰੀਅਮ ਸ਼ਿਊਨਾ, ਮਾਲਸ਼ਾ ਸ਼ਰੀਫ਼ ਤੇ ਮਹਜੂਮ ਮਾਜਿਦ ਸ਼ਾਮਿਲ ਹਨ। ਪੀਐੱਮ ਮੋਦੀ ’ਤੇ ਕੀਤੀਆਂ ਗਈਆਂ ਟਿੱਪਣੀਆਂ ਦੇ ਵਿਰੋਧ ’ਚ ਭਾਰਤੀ ਭੜਕ ਉੱਠੇ। ਪਿਛਲੇ 24 ਘੰਟਿਆਂ ਦੌਰਾਨ ਹੀ ਕਰੀਬ ਚਾਰ ਹਜ਼ਾਰ ਭਾਰਤੀਆਂ ਨੇ ਮਾਲਦੀਵ ’ਚ ਹੋਟਲ ਬੁਕਿੰਗ ਰੱਦ ਕਰਵਾਈ। ਇਸ ਤੋਂ ਇਲਾਵਾ ਕਰੀਬ ਤਿੰਨ ਹਜ਼ਾਰ ਹਵਾਈ ਟਿਕਟਾਂ ਵੀ ਰੱਦ ਕਰਵਾਈਆਂ ਗਈਆਂ। ਜਾਣਕਾਰਾਂ ਦਾ ਕਹਿਣਾ ਹੈ ਕਿ ਇਹ ਦੁਨੀਆ ’ਚ ਪਹਿਲਾ ਮਾਮਲਾ ਹੈ ਜਦੋਂ ਕਿਸੇ ਇਕ ਦੇਸ਼ ਦੇ ਮੰਤਰੀਆਂ ਨੂੰ ਇਸ ਲਈ ਮੁਅੱਤਲ ਕੀਤਾ ਗਿਆ ਹੈ ਕਿ ਉਨ੍ਹਾਂ ਨੇ ਦੂਜੇ ਦੇਸ਼ ਦੇ ਕਿਸੇ ਨੇਤਾ ਖ਼ਿਲਾਫ਼ ਟਿੱਪਣੀ ਕੀਤੀ ਹੈ।

ਇਨ੍ਹਾਂ ਮੰਤਰੀਆਂ ਤੇ ਕੁਝ ਦੂਜੇ ਰਾਜਨੇਤਾਵਾਂ ਵੱਲੋਂ ਭਾਰਤ ’ਤੇ ਕੀਤੀਆਂ ਗਈਆਂ ਟਿੱਪਣੀਆਂ ਤੋਂ ਬਾਅਦ ਇੰਟਰਨੈੱਟ ਮੀਡੀਆ ’ਤੇ ਜ਼ਬਰਦਸਤ ਮਾਲਦੀਵ ਵਿਰੋਧੀ ਮਾਹੌਲ ਬਣਿਆ। ਹਜ਼ਾਰਾਂ ਭਾਰਤੀਆਂ ਨੇ ਮਾਲਦੀਵ ਜਾਣ ਦੀਆਂ ਆਪਣੀਆਂ ਟਿਕਟਾਂ ਰੱਦ ਕਰਵਾਉਣ ਦੀ ਸੂਚਨਾ ਜਨਤਕ ਕੀਤੀ। ਇਸ ਤੋਂ ਪਹਿਲਾਂ ਮਾਲੇ ਸਥਿਤ ਭਾਰਤੀ ਹਾਈ ਕਮਿਸ਼ਨਰ ਮੁਨੂ ਮਹਾਵਰ ਨੇ ਉੱਥੋਂ ਦੇ ਸੀਨੀਅਰ ਅਧਿਕਾਰੀਆਂ ਦੇ ਸਾਹਮਣੇ ਭਾਰਤ ਦਾ ਇਤਰਾਜ਼ ਦਰਜ ਕਰਵਾਇਆ। ਇਸ ਦੌਰਾਨ ਮਾਲਦੀਵ ਦੀਆਂ ਵਿਰੋਧੀ ਪਾਰਟੀਆਂ ਤੋਂ ਇਲਾਵਾ ਸਾਬਕਾ ਰਾਸ਼ਟਰਪਤੀ ਮੁਹੰਮਦ ਨਸ਼ੀਦ, ਸਾਬਕਾ ਰਾਸ਼ਟਰਪਤੀ ਮੁਹੰਮਦ ਸੋਲਿਹ, ਸਾਬਕਾ ਵਿਦੇਸ਼ ਮੰਤਰੀ ਅਬਦੁੱਲ੍ਹਾ ਸ਼ਾਹਿਦ ਨੇ ਵੀ ਭਾਰਤੀ ਪ੍ਰਧਾਨ ਮੰਤਰੀ ਮੋਦੀ ਬਾਰੇ ਕੀਤੀਆਂ ਗਈਆਂ ਟਿੱਪਣੀਆਂ ’ਤੇ ਡੂੰਘੀ ਨਾਰਾਜ਼ਗੀ ਪ੍ਰਗਟਾਈ ਤੇ ਰਾਸ਼ਟਰਪਤੀ ਮੁਇੱਜੂ ਤੋਂ ਕਾਰਵਾਈ ਦੀ ਮੰਗ ਕੀਤੀ। ਮਾਲਦੀਵ ਦੇ ਸਾਬਕਾ ਰਾਸ਼ਟਰਪਤੀ ਨਸ਼ੀਦ ਨੇ ਸਰਕਾਰ ਨੂੰ ਸ਼ੀਸ਼ਾ ਦਿਖਾਉਂਦੇ ਹੋਏ ਕਿਹਾ ਕਿ ਭਾਰਤ ਸਾਡਾ ਦੋਸਤ ਹੈ।

ਮਾਲਦੀਵ ਦੇ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਜਾਰੀ ਕਰ ਕੇ ਇਸ ਪੂਰੇ ਵਿਵਾਦ ਤੋਂ ਆਪਣੇ ਆਪ ਨੂੰ ਵੱਖ ਕਰਨ ਦੀ ਕੋਸ਼ਿਸ਼ ਕੀਤੀ। ਇਸ ’ਚ ਕਿਹਾ ਗਿਆ ਹੈ ਕਿ ਮਾਲਦੀਵ ਦੀ ਸਰਕਾਰ ਵਿਦੇਸ਼ੀ ਨੇਤਾਵਾਂ ਤੇ ਕੁਝ ਸਿਖਰਲੇ ਲੋਕਾਂ ਖ਼ਿਲਾਫ਼ ਕੀਤੀਆਂ ਗਈਆਂ ਟਿੱਪਣੀਆਂ ਬਾਰੇ ਜਾਣਦੀ ਹੈ। ਇਹ ਨਿੱਜੀ ਪੱਧਰ ’ਤੇ ਕੀਤੀਆਂ ਗਈਆਂ ਟਿੱਪਣੀਆਂ ਹਨ ਤੇ ਮਾਲਦੀਵ ਦੀ ਸਰਕਾਰ ਇਸ ਦਾ ਸਮਰਥਨ ਨਹੀਂ ਕਰਦੀ। ਸਾਡੀ ਸਰਕਾਰ ਇਹ ਮੰਨਦੀ ਹੈ ਕਿ ਪ੍ਰਗਟਾਵੇ ਦੀ ਆਜ਼ਾਦੀ ਦਾ ਲੋਕਤੰਤਰੀ ਤੇ ਜ਼ਿੰਮੇਵਾਰੀ ਨਾਲ ਪਾਲਣ ਹੋਣਾ ਚਾਹੀਦਾ ਹੈ। ਇਹ ਨਫ਼ਰਤ, ਨਕਾਰਾਤਮਕਤਾ ਫੈਲਾਉਣ ਵਾਲਾ ਨਹੀਂ ਹੋਣਾ ਚਾਹੀਦਾ ਤੇ ਨਾ ਹੀ ਇਸ ਨਾਲ ਮਾਲਦੀਵ ਦੇ ਕਿਸੇ ਦੂਜੇ ਦੇਸ਼ ਨਾਲ ਰਿਸ਼ਤਿਆਂ ’ਤੇ ਅਸਰ ਹੋਣਾ ਚਾਹੀਦਾ ਹੈ। ਹਾਲਾਂਕਿ ਸਰਕਾਰ ਦੇ ਸਬੰਧਤ ਵਿਭਾਗ ਇਸ ਤਰ੍ਹਾਂ ਦੀ ਟਿੱਪਣੀ ਕਰਨ ਦੇ ਜ਼ਿੰਮੇਵਾਰ ਕੁਝ ਲੋਕਾਂ ਖ਼ਿਲਾਫ਼ ਕਦਮ ਚੁੱਕਣ ਤੋਂ ਪਿੱਛੇ ਨਹੀਂ ਹਟਣਗੇ। ਇਸ ਬਿਆਨ ਦੇ ਕੁਝ ਹੀ ਦੇਰ ਬਾਅਦ ਮਾਲਦੀਵ ਸਰਕਾਰ ਦੇ ਬੁਲਾਰੇ ਨੇ ਤਿੰਨ ਮੰਤਰੀਆਂ ਨੂੰ ਮੁਅੱਤਲ ਕਰਨ ਦਾ ਐਲਾਨ ਕੀਤਾ।

ਇਸ ਤਰ੍ਹਾਂ ਚੱਲਿਆ ਸਿਲਸਿਲਾ

-ਪੀਐੱਮ ਮੋਦੀ ਨੇ ਆਪਣੇ ਲਕਸ਼ਦੀਪ ਦੌਰੇ ਦੇ ਕੁਝ ਤਜਰਬੇ ਐਕਸ ’ਤੇ ਸਾਂਝੇ ਕੀਤੇ ਸਨ। ਇਸ ’ਚ ਲਿਖਿਆ ਸੀ ਕਿ ਜਿਹੜੇ ਲੋਕ ਰੁਮਾਂਚਕਾਰੀ ਤਜਰਬਾ ਚਾਹੁੰਦੇ ਹਨ, ਲਕਸ਼ਦੀਪ ਉਨ੍ਹਾਂ ਦੀ ਸੂਚੀ ’ਚ ਜ਼ਰੂਰ ਹੋਣਾ ਚਾਹੀਦਾ ਹੈ। ਮੈਂ ਸਨਾਰਕਲਿੰਗ ਦੀ ਵੀ ਕੋਸ਼ਿਸ਼ ਕੀਤੀ। ਇਹ ਬਹੁਤ ਮਜ਼ੇਦਾਰ ਅਨੁਭਵ ਸੀ। ਉਨ੍ਹਾਂ ਨੇ ਲਕਸ਼ਦੀਪ ਨੂੰ ਸੈਰ ਸਪਾਟੇ ਲਈ ਬਿਹਤਰ ਬਦਲ ਦੱਸਿਆ ਸੀ। ਹਾਲਾਂਕਿ ਉਨ੍ਹਾਂ ਨੇ ਮਾਲਦੀਵ ਦਾ ਨਾਂ ਨਹੀਂ ਲਿਆ ਸੀ।

-ਮੋਦੀ ਦੇ ਇਸ ਬਿਆਨ ਨੂੰ ਇੰਟਰਨੈੱਟ ਮੀਡੀਆ ਯੂਜ਼ਰਸ ਨੇ ਹੱਥੋਂ ਹੱਥ ਲਿਆ ਤੇ ਲਕਸ਼ਦੀਪ ਨੂੰ ਮਾਲਦੀਵ ਦੇ ਬਦਲਵੇਂ ਸੈਰ ਸਪਾਟਾ ਕੇਂਦਰ ਕਿਹਾ। ਇਸ ਤੋਂ ਬਾਅਦ ਮਾਲਦੀਵ ਸਰਕਾਰ ਦੇ ਤਿੰਨਾਂ ਮੰਤਰੀਆਂ ਤੇ ਹੋਰ ਨੇਤਾਵਾਂ ਨੇ ਮੋਦੀ ਨੂੰ ਘੇਰਿਆ। ਮੰਤਰੀ ਮਾਜਿਦ ਨੇ ਕਿਹਾ ਸੀ-ਮਾਲਦੀਵ ਦੀ ਬਰਾਬਰੀ ਨਹੀਂ ਕਰ ਸਕਦਾ ਲਕਸ਼ਦੀਪ। ਇਕ ਹੋਰ ਨੇ ਕਿਹਾ ਸੀ-ਸਾਡੇ ਨਾਲ ਮੁਕਾਬਲਾ ਕਰਨ ਦਾ ਵਿਚਾਰ ਭਰਮ ਹੈ। ਉਹ ਸਾਡੇ ਵੱਲੋਂ ਦਿੱਤੀ ਜਾਣ ਵਾਲੀ ਸਰਵਿਸ ਕਿਵੇਂ ਦੇ ਸਕਦੇ ਹਨ? ਉਹ ਏਨੇ ਸਾਫ਼ ਕਿਵੇਂ ਹੋ ਸਕਦੇ ਹਨ। ਕਮਰਿਆਂ ’ਚ ਆਉਣ ਵਾਲੀ ਬਦਬੂ ਸਭ ਤੋਂ ਵੱਡੀ ਦਿੱਕਤ ਹੈ।

-ਮਾਲੇ ’ਚ ਭਾਰਤੀ ਹਾਈ ਕਮਿਸ਼ਨ ਨੇ ਮੁੱਦਾ ਉੱਥੋਂ ਦੀ ਸਰਕਾਰ ਦੇ ਸਾਹਮਣੇ ਉਠਾਇਆ। ਇਤਰਾਜ਼ ਦਰਜ ਕਰਵਾਇਆ। ਮਾਲਦੀਵ ਦੇ ਵਿਦੇਸ਼ ਮੰਤਰਾਲੇ ਨੇ ਇਨ੍ਹਾਂ ਬਿਆਨਾਂ ਤੋਂ ਆਪਣੇ ਆਪ ਨੂੰ ਵੱਖ ਰੱਖਿਆ।

ਮੋਦੀ ਦੇ ਅਪਮਾਨ ’ਤੇ ਹਜ਼ਾਰਾਂ ਭਾਰਤੀਆਂ ਨੇ ਮਾਲਦੀਵ ਦੀ ਹੋਟਲ ਬੁਕਿੰਗ ਰੱਦ ਕਰਵਾਉਂਦੇ ਹੋਏ ਟਿਕਟਾਂ ਰੱਦ ਕਰਵਾਈਆਂ। ਪ੍ਰਮੁੱਖ ਹਸਤੀਆਂ ਨੇ ਵੀ ਕਿਹਾ ਕਿ ਬਾਹਰ ਜਾਣ ਦੀ ਜ਼ਰੂਰਤ ਨਹੀਂ, ਲਕਸ਼ਦੀਪ ਜਾਓ। ਇਸ ਤੋਂ ਬਾਅਦ ਐਤਵਾਰ ਦੇਰ ਸ਼ਾਮ ਟਿੱਪਣੀ ਕਰਨ ਮੰਤਰੀ ਮਰੀਅਮ ਸ਼ਿਊਨਾ, ਮਾਲਸ਼ਾ ਸ਼ਰੀਫ਼ ਤੇ ਮਹਜੂਮ ਮਾਜਿਦ ਮੁਅੱਤਲ ਕੀਤੇ ਗਏ।