ਸਟੇਟ ਬਿਊਰੋ, ਜੰਮੂ : ਚੀਨ ਤੇ ਪਾਕਿਸਤਾਨ ਦੀ ਸਾਜ਼ਿਸ਼ ਨਾਕਾਮ ਬਣਾਉਣ ਲਈ ਮਜ਼ਬੂਤ ਹੋ ਰਹੀ ਹਵਾਈ ਫ਼ੌਜ ਨੇ ਕਾਰਗਿਲ ’ਚ ਸੀ-130 ਜੇ ਹਰਕਿਊਲਿਸ ਹਵਾਈ ਜਹਾਜ਼ ਉਤਾਰ ਕੇ ਦੁਸ਼ਮਣ ਨੂੰ ਸਖ਼ਤ ਸੰਦੇਸ਼ ਦਿੱਤਾ ਹੈ। ਕਾਰਗਿਲ ਦੀ ਇਹ ਹਵਾਈ ਪੱਟੀ ਚਾਰੇ ਪਾਸੇ ਪਹਾੜੀਆਂ ਨਾਲ ਘਿਰੀ ਹੋਈ ਹੈ। ਇੱਥੇ ਰਾਤ ਵੇਲੇ ਲੈਂਡਿੰਗ ਅਹਿਮ ਪ੍ਰਾਪਤੀ ਤੇ ਹਵਾਈ ਫ਼ੌਜ ਦਾ ਵੱਡਾ ਕਾਰਨਾਮਾ ਮੰਨਿਆ ਜਾ ਰਿਹਾ ਹੈ। ਹਾਲਾਂਕਿ ਹਵਾਈ ਫ਼ੌਜ ਲੇਹ ’ਚ ਆਪਣੀ ਐਡਵਾਂਸ ਲੈਂਡਿੰਗ ਗਰਾਊਂਡ ’ਤੇ ਪਹਿਲਾਂ ਤੋਂ ਨਾਈਟ ਲੈਂਡਿੰਗ ਕਰ ਰਹੀ ਹੈ।

ਹਵਾਈ ਫ਼ੌਜ ਨੇ ਐਤਵਾਰ ਨੂੰ ਐਕਸ ’ਤੇ ਇਹ ਜਾਣਕਾਰੀ ਦਿੱਤੀ ਹੈ।

ਮੰਨਿਆ ਜਾ ਰਿਹਾ ਹੈ ਕਿ ਹਵਾਈ ਫ਼ੌਜ ਦਾ ਇਹ ਮਿਸ਼ਨ ਇਕ ਅਜਿਹੇ ਅਭਿਆਸ ਦਾ ਹਿੱਸਾ ਹੈ, ਜਿਸ ਤਹਿਤ ਕਮਾਂਡੋ ਨੂੰ ਸਖ਼ਤ ਹਾਲਾਤ ’ਚ ਬਿਨ੍ਹਾਂ ਦੇਰੀ ਮੋਰਚੇ ’ਤੇ ਭੇਜਿਆ ਜਾ ਸਕਦਾ ਹੈ। ਹਵਾਈ ਫ਼ੌਜ ਦਾ ਕਹਿਣਾ ਹੈ ਕਿ ਕਾਰਗਿਲ ਹਵਾਈ ਪੱਟੀ ’ਤੇ ਰਾਤ ਵੇਲੇ ਹਵਾਈ ਜਹਾਜ਼ ਦੀ ਲੈਂਡਿੰਗ ਦੌਰਾਨ ਟੇਰੇਨ ਮਾਸਕਿੰਗ ਦਾ ਕੰਮ ਕੀਤਾ ਗਿਆ। ਇਸ ਨਾਲ ਹਵਾਈ ਫ਼ੌਜ ਨੇ ਕਿਹਾ ਕਿ ਇਸ ਅਭਿਆਸ ਨਾਲ ਗਰੁੜ ਕਮਾਂਡੋ ਦੇ ਸਿਖਲਾਈ ਮਿਸ਼ਨ ’ਚ ਵੀ ਮਦਦ ਮਿਲੀ। ਰੱਖਿਆ ਮਾਹਰਾਂ ਦਾ ਮੰਨਣਾ ਹੈ ਕਿ ਕਾਰਗਿਲ ’ਚ ਇਸ ਮਿਸ਼ਨ ਦੌਰਾਨ ਟੇਰੇਨ ਮਾਸਕਿੰਗ ਤਕਨੀਕ ਦਾ ਇਸਤੇਮਾਲ ਕੀਤਾ ਹੈ। ਟੇਰੇਨ ਮਾਸਕਿੰਗ ਉਹ ਰਣਨੀਤੀ ਹੁੰਦੀ ਹੈ, ਜਿਸ ਤਹਿਤ ਹਵਾਈ ਫ਼ੌਜ ਦੇ ਹਵਾਈ ਦੁਸ਼ਮਣ ਦੇਸ਼ ਜਾਂ ਫ਼ੌਜ ਦੇ ਰਡਾਰ ਨੂੰ ਚਕਮਾ ਦੇ ਕੇ ਆਪਣੇ ਟੀਚੇ ਤੱਕ ਪੁੱਜੇ ਹਨ।

ਕਾਰਗਿਲ ’ਚ ਰਨਵੇ ਪੱਕਾ ਹੈ, ਪਰ ਇਸ ’ਚ ਰਾਤ ਵੇਲੇ ਲੈਂਡਿੰਗ ਦੀ ਸਹੂਲਤ ਨਹੀਂ ਸੀ। ਇਸ ਰਨਵੇ ਦਾ ਨਿਰਮਾਣ 1996 ’ਚ ਕੀਤਾ ਗਿਆ ਸੀ। ਇਸ ਰਨਵੇ ਦੇ ਆਲੇ ਦੁਆਲੇ ਜ਼ਮੀਨ ਹਵਾਈ ਫ਼ੌਜ ਨੂੰ ਟ੍ਰਾਂਸਫਰ ਕਰ ਦਿੱਤੀ ਸੀ। ਹਵਾਈ ਫ਼ੌਜ ਨੇ ਨਾਈਟ ਲੈਂਡਿੰਗ ਤੇ ਗਲੋਬਲ ਪੁਜ਼ੀਸ਼ਨਿੰਗ ਸਿਸਟਮ ਦੀ ਮਦਦ ਨਾਲ ਕਾਰਗਿਲ ’ਚ ਨਾਈਟ ਲੈਂਡਿੰਗ ਕਰ ਕੇ ਪਾਕਿਸਤਾਨ ਨੂੰ ਸਪਸ਼ਟ ਸੰਦੇਸ਼ ਦਿੱਤਾ ਹੈ ਕਿ ਉਸ ਨੇ ਕਾਰਗਿਲ ਦੁਹਰਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਮਿੱਟੀ ’ਚ ਮਿਲਾ ਦਿੱਤਾ ਜਾਵੇਗਾ। ਕਾਰਗਿਲ ’ਚ ਹਵਾਈ ਫ਼ੌਜ ਦੀ ਐਡਵਾਂਸ ਲੈਂਡਿੰਗ ਗਰਾਊਂਡ ਸਾਢੇ 10 ਹਜ਼ਾਰ ਫੁੱਟ ਦੀ ਉਚਾਈ ’ਤੇ ਪਾਕਿਸਤਾਨ ਨਾਲ ਲੱਗਦੀ ਕੰਟਰੋਲ ਲਾਈਨ ਦੇ ਕਰੀਬ ਹੈ। ਕਾਰਗਿਲ ’ਚ ਆਪਣੀ ਏਅਰ ਸਟ੍ਰਿਪ ’ਤੇ ਟ੍ਰੇਨਿੰਗ ’ਤੇ ਸੀ-130ਜੇ ਹਰਕਿਊਲਿਸ ਹਵਾਈ ਜਹਾਜ਼ ਤੋਂ ਗਰੁੜ ਕਮਾਂਡੋ ਉਤਾਰੇ ਗਏ।

———–

ਫ਼ੌਜ, ਗੋਲ਼ਾ ਬਾਰੂਦ, ਤੋਪ ਤੇ ਟੈਂਕ ਵੀ ਪਹੁੰਚਾਏ ਜਾ ਸਕਦੇ ਹਨ

ਹਵਾਈ ਫ਼ੌਜ ਅਮਰੀਕਾ ਤੋਂ ਹਾਸਲ ਇਸ ਜਹਾਜ਼ ਦੀ ਮਦਦ ਨਾਲ ਏਨੀ ਉਚਾਈ ’ਤੇ ਕਾਰਗਿਲ ’ਚ ਰਾਤ ਨੂੰ ਫ਼ੌਜੀਆਂ, ਗੋਲਾ-ਬਾਰੂਦ, ਤੋਪਾਂ ਦੇ ਨਾਲ-ਨਾਲ ਟੈਂਕ ਵੀ ਪਹੁੰਚਾਏ ਜਾ ਸਕਦੇ ਹਨ। ਹਵਾਈ ਫ਼ੌਜ ਭਵਿੱਖੀ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਲੱਦਾਖ ’ਚ ਸਾਰੇ ਐਡਵਾਂਸ ਲੈਂਡਿੰਗ ਗਰਾਊਂਡ ’ਤੇ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾ ਰਹੀ ਹੈ। ਪੂਰਬੀ ਲੱਦਾਖ ’ਚ ਕੰਟਰੋਲ ਲਾਈਨ ਦੇ ਨੇੜੇ 16,700 ਫੁੱਟ ਦੀ ਉਚਾਈ ’ਤੇ ਦੌਲਤ ਬੇਗ ਓਲਡੀ ਤੇ 13000 ਹਜ਼ਾਰ ਫੁੱਟ ਦੀ ਉਚਾਈ ’ਤੇ ਨਿਓਮਾ ਐਡਵਾਂਸ ਲੈਂਡਿੰਗ ਗਰਾਊਂਡ ਆਪ੍ਰੇਸ਼ਨਲ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਬਿਹਤਰ ਬਣਾਏ ਹਨ। ਇਸ ਸਮੇਂ ਨਿਓਮਾ ਐਡਵਾਂਸ ਲੈਂਡਿੰਗ ਗਰਾਊਂਡ ’ਚ ਫਾਈਟਰ ਹਵਾਈ ਜਹਾਜ਼ ਉਤਾਰਨ ਲਈ ਬੁਨਿਆਦੀ ਢਾਂਚੇ ਨੂੰ ਹੋਰ ਬਿਹਤਰ ਬਣਾਇਆ ਜਾ ਰਿਹਾ ਹੈ। ਮਾਹਰ ਦੱਸਦੇ ਕਾਰਗਿਲ ਹਵਾਈ ਪੱਟੀ ’ਤੇ ਰਾਤ ਦੇ ਹਨੇਰੇ ’ਚ ਕਿਸੇ ਹਵਾਈ ਜਹਾਜ਼ ਦੀ ਲੈਂਡਿੰਗ ਬਹੁਤ ਮੁਸ਼ਕਲ ਕਾਰਜ ਹੈ। ਇਸ ਹਾਲਤ ’ਚ ਮੁਸ਼ਕਲ ਕਾਰਜ ਨੂੰ ਕਾਮਯਾਬੀ ਨਾਲ ਨੇਪਰੇ ਚੜ੍ਹਾਉਣ ਭਾਰਤੀ ਹਵਾਈ ਫ਼ੌਜ ਨੇ ਆਪਣੀ ਦਲੇਰਾਨਾ ਸਮਰੱਥਾ ਦਾ ਬਿਹਤਰੀਨ ਮੁਜ਼ਾਹਰਾ ਕੀਤਾ ਹੈ। ਸੇਵਾਮੁਕਤ ਕਮਾਂਡਰ ਕਮਲ ਸਿੰਘ ਨੇ ਕਿਹਾ ਲੱਦਾਖ ’ਚ ਜੰਗੀ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਹਵਾਈ ਫ਼ੌਜ ਮਜ਼ੂਬਤ ਹੋ ਰਹੀ ਹੈ। ਨਾਈ ਲੈਂਡਿੰਗ ਤਕਨੀਕੀ ਤੌਰ ’ਤੇ ਮਜ਼ਬੂਤ ਹੋਣ ਦਾ ਸਬੂਤ ਹੈ।