ਅਰਵਿੰਦ ਪਾਂਡੇ, ਨਵੀਂ ਦਿੱਲੀ : ਚੋਣਾਂ ਤੋਂ ਪਹਿਲਾਂ ਤੇ ਨਤੀਜੇ ਆਉਣ ਤੋਂ ਬਾਅਦ ਈਵੀਐੱਮ (ਇਲੈਕਟ੍ਰਾਨਿਕ ਵੋਟਿੰਗ ਮਸ਼ੀਨ) ਨੂੰ ਲੈ ਕੇ ਪਿਛਲੇ ਕੁਝ ਸਮੇਂ ਤੋਂ ਜਿਸ ਢੰਗ ਨਾਲ ਵਿਵਾਦ ਫੈਲਾਇਆ ਜਾ ਰਿਹਾ ਹੈ, ਉਸ ਤੋਂ ਚੋਣ ਕਮਿਸ਼ਨ ਨਾ ਸਿਰਫ਼ ਖ਼ਫ਼ਾ ਹੈ ਬਲਕਿ ਹੁਣ ਉਹ ਅਜਿਹੇ ਸਾਰੇ ਕੂੜ ਪ੍ਰਚਾਰਾਂ ਨਾਲ ਸਖ਼ਤੀ ਨਾਲ ਨਿਪਟਣ ਦੀ ਤਿਆਰੀ ’ਚ ਹੈ। ਕਮਿਸ਼ਨ ਨੇ ਜੋ ਯੋਜਨਾ ਬਣਾਈ ਹੈ ਉਸ ਤਹਿਤ ਇੰਟਰਨੈੱਟ ਮੀਡੀਆ ’ਤੇ ਈਵੀਐੱਮ ਸਣੇ ਚੋਣ ਭਰੋਸੇ ਨੂੰ ਤੋੜਨ ਵਾਲੇ ਸਾਰੇ ਭਰਮਾਊ ਤੇ ਝੂਠੇ ਸੰਦੇਸ਼ਾਂ ਦੀ ਸੱਚਾਈ ਨੂੰ ਲੈ ਕੇ ਫੈਕਟ ਚੈੱਕ ਜਾਰੀ ਕਰੇਗਾ ਤਾਂ ਜੋ ਇਨ੍ਹਾਂ ਸੰਦੇਸ਼ਾਂ ਤੇ ਪੋਸਟਾਂ ਨੂੰ ਦੇਖ ਕੇ ਦੂਜਾ ਕੋਈ ਇਨ੍ਹਾਂ ਨੂੰ ਸਹੀ ਨਾ ਮੰਨ ਬੈਠੇ ਤੇ ਭਰਮ ’ਚ ਨਾ ਪੈ ਜਾਵੇ। ਨਾਲ ਹੀ ਕਮਿਸ਼ਨ ਇਸ ਨਾਲ ਜੁੜੀਆਂ ਵੀਡੀਓ ਪੋਸਟਾਂ ਨੂੰ ਲੈ ਕੇ ਡਿਸਕਲੇਮਰ ਵੀ ਜਾਰੀ ਕਰਨ ਦੀ ਤਿਆਰੀ ’ਚ ਹੈ। ਇਸ ’ਤੇ ਕੰਮ ਸ਼ੁਰੂ ਹੋ ਗਿਆ ਹੈ ਅਤੇ ਅਗਲੇ ਹਫ਼ਤੇ ਤੋਂ ਇਸ ਵਿਚ ਤੇਜ਼ੀ ਨਜ਼ਰ ਆਵੇਗੀ। ਏਨਾ ਹੀ ਨਹੀਂ, ਚੋਣ ਪ੍ਰਕਿਰਿਆ ਤੇ ਈਵੀਐੱਮ ਵਿਰੁੱਧ ਕੂੜ ਪ੍ਰਚਾਰ ਫੈਲਾਉਣ ਵਾਲਿਆਂ ਨਾਲ ਨਿਪਟਣ ਲਈ ਕਮਿਸ਼ਨ ਅਜਿਹੇ ਸਾਰੇ ਇੰਟਰਨੈੱਟ ਮੀਡੀਆ ਅਕਾਊਂਟ ਨੂੰ ਬੰਦ ਕਰਵਾਉਣ ਦੀ ਵੀ ਤਿਆਰੀ ’ਚ ਹੈ, ਜੋ ਫ਼ਰਜ਼ੀ ਤੇ ਗੁਮਨਾਮ ਤਰੀਕੇ ਨਾਲ ਸੰਚਾਲਿਤ ਹਨ। ਇਸ ਕੂੜ ਪ੍ਰਚਾਰ ਦੀ ਖੇਡ ’ਚ ਸ਼ਾਮਲ ਲੋਕਾਂ ਵਿਰੁੱਧ ਕਾਨੂੰਨੀ ਕਾਰਵਾਈ ਦੀ ਵੀ ਤਿਆਰੀ ਹੈ। ਸੂਤਰਾਂ ਦੀ ਮੰਨੀਏ ਤਾਂ ਚੋਣ ਕਮਿਸ਼ਨ ਆਈਟੀ ਐਕਟ ਤੇ ਆਈਪੀਸੀ ਤਹਿਤ ਅਕਸ ਵਿਗਾੜਨ ਨਾਲ ਜੁੜਿਆ ਮਾਮਲਾ ਦਰਜ ਕਰਵਾਉਣ ’ਤੇ ਵੀ ਵਿਚਾਰ ਕਰ ਰਿਹਾ ਹੈ। ਉਂਜ ਵੀ ਈਵੀਐੱਮ ਨੂੰ ਲੈ ਕੇ ਵਾਰ-ਵਾਰ ਸਫ਼ਾਈ ਦੇਣ ਤੇ ਵੱਖ-ਵੱਖ ਅਦਾਲਤਾਂ ’ਚ ਚੱਲੀ ਲੰਬੀ ਬਹਿਸ ’ਚ ਜਦੋਂ ਇਸ ਦੇ ਭਰੋਸੇਯੋਗਤਾ ਪ੍ਰਮਾਣਤ ਹੋ ਚੁੱਕੀ ਹੈ ਤਾਂ ਇਸ ਤੋਂ ਬਾਅਦ ਵੀ ਇਸ ਤਰ੍ਹਾਂ ਦੇ ਕੂੜ ਪ੍ਰਚਾਰ ਚੋਣ ਭਰੋਸੇ ਨੂੰ ਕਮਜ਼ੋਰ ਕਰ ਰਹੇ ਹਨ। ਇਹ ਲੋਕਤੰਤਰ ਤੇ ਕਮਿਸ਼ਨ ਦੇ ਵੱਕਾਰ, ਦੋਵਾਂ ਲਈ ਹੀ ਖ਼ਤਰਨਾਕ ਹੈ।

ਚੋਣ ਕਮਿਸ਼ਨ ਨੇ ਇਹ ਕਦਮ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਈਵੀਐੱਮ ਤੇ ਚੋਣ ਪ੍ਰਕਿਰਿਆ ਨੂੰ ਲੈ ਕੇ ਇੰਟਰਨੈੱਟ ਮੀਡੀਆ ’ਤੇ ਫੈਲਾਏ ਜਾ ਰਹੇ ਝੂਠ ਦੇ ਅਚਾਨਕ ਆਏ ਹੜ੍ਹ ਪਿੱਛੋਂ ਚੁੱਕਿਆ ਹੈ। ਇਸ ’ਚ ਤੇਜ਼ੀ ਹਾਲ ਹੀ ’ਚ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਦਿਸੀ ਹੈ। ਇਨ੍ਹਾਂ ਚੋਣਾਂ ’ਚ ਮੱਧ ਪ੍ਰਦੇਸ਼ ਸਮੇਤ ਹਿੰਦੀ ਪੱਟੀ ਦੇ ਤਿੰਨ ਸੂਬਿਆਂ ’ਚ ਕਾਂਗਰਸ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਦਰਮਿਆਨ ਕਾਂਗਰਸੀ ਆਗੂਆਂ ਨੇ ਈਵੀਐੱਮ-ਵੀਵੀਪੈਟ ਨਾਲ ਜੁੜਿਆ ਮੁੱਦਾ ਮੁੜ ਛੇੜ ਦਿੱਤਾ ਹੈ। ਚੋਣ ਕਮਿਸ਼ਨ ਨੇ ਉਨ੍ਹਾਂ ਦੇ ਇਨ੍ਹਾਂ ਦੋਸ਼ਾਂ ਦਾ ਜਵਾਬ ਵੀ ਦਿੱਤਾ ਹੈ, ਨਾਲ ਹੀ ਦੱਸਿਆ ਹੈ ਕਿ ਈਵੀਐੱਮ ਨਾਲ ਹੁਣ ਤੱਕ ਹੋਈਆਂ 148 ਵਿਧਾਨ ਸਭਾ ਚੋਣਾਂ ’ਚ 49 ਵਾਰ ਸਿਆਸੀ ਪਾਰਟੀਆਂ ਦੀਆਂ ਸੀਟਾਂ ’ਚ ਤਬਦੀਲੀ ਹੋਈ ਹੈ। ਹਾਲ ਹੀ ’ਚ ਤੇਲੰਗਾਨਾ ’ਚ ਵੀ ਕਾਂਗਰਸ ਨੇ ਈਵੀਐੱਮ ਜ਼ਰੀਏ ਹੋਈਆਂ ਚੋਣਾਂ ’ਚ ਜਿੱਤ ਦਰਜ ਕੀਤੀ ਤੇ ਸੱਤਾ ’ਤੇ ਕਾਬਜ਼ ਹੋਈ ਹੈ। ਲੋਕ ਸਭਾ ਚੋਣਾਂ ’ਚ ਵੀ ਹੁਣ ਤੱਕ ਚਾਰ ਵਾਰ ਈਵੀਐੱਮ ਦੀ ਵਰਤੋਂ ਹੋਈ ਹੈ, ਇਨ੍ਹਾਂ ’ਚ ਦੋ ਵਾਰ ਯਾਨੀ 2004 ਤੇ 2009 ’ਚ ਕਾਂਗਰਸ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਤੇ ਉਸ ਨੇ ਸਹਿਯੋਗੀ ਪਾਰਟੀਆਂ ਨਾਲ ਮਿਲ ਕੇ ਸਰਕਾਰ ਵੀ ਬਣਾਈ।

———————————-