ਨਵੀਂ ਦਿੱਲੀ : ਦਿੱਲੀ ਪੁਲਿਸ ਨੇ ਸ਼ੁੱਕਰਵਾਰ ਨੂੰ ਅਦਾਲਤ ਨੂੰ ਦੱਸਿਆ ਕਿ ਸੰਸਦ ਸੁਰੱਖਿਆ ਉਲੰਘਣ ਦੇ ਕਥਿਤ ਮੁੱਖ ਦੋਸ਼ੀ ਲਲਿਤ ਝਾਅ ਤੇ ਉਸ ਦੇ ਹੋਰ ਸਹਿ-ਦੋਸ਼ੀ ਸਰਕਾਰ ਨੂੰ ਆਪਣੀਆਂ ਮੰਗਾਂ ਪੂਰੀਆਂ ਕਰਨ ਲਈ ਮਜਬੂਰ ਕਰਨ ਲਈ ਦੇਸ਼ ’ਚ “ਅਰਾਜਕਤਾ” ਪੈਦਾ ਕਰਨਾ ਚਾਹੁੰਦਾ ਸੀ। NDTV ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਪੁਲਿਸ ਇਸ ਪੂਰੀ ਘਟਨਾ ਨੂੰ ਰਿਕ੍ਰਿਏਟ ਕਰਨ ਲਈ ਸੰਸਦ ਦੀ ਮਨਜ਼ੂਰੀ ਲਵੇਗੀ।
ਲਲਿਤ ਝਾਅ ਸੰਸਦ ਘਟਨਾ ਤੋਂ ਬਾਅਦ ਗਿਆ ਸੀ ਰਾਜਸਥਾਨ
ਦਿੱਲੀ ਪੁਲਿਸ ਨੇ ਪਟਿਆਲਾ ਹਾਊਸ ਅਦਾਲਤ ਨੂੰ ਦੱਸਿਆ ਕਿ ਲਲਿਤ ਝਾਅ ਨੇ ਮੰਨਿਆ ਕਿ ਉਹ ਸੰਸਦ ਦੀ ਸੁਰੱਖਿਆ ਦੀ ਉਲੰਘਣਾ ਕਰਨ ਦੀ ਯੋਜਨਾ ਬਣਾਉਣ ਲਈ ਮਾਮਲੇ ਦੇ ਹੋਰ ਦੋਸ਼ੀਆਂ ਨਾਲ ਕਈ ਵਾਰ ਮੁਲਾਕਾਤ ਕਰ ਚੁੱਕਾ ਹੈ। ਬਿਹਾਰ ਦਾ ਰਹਿਣ ਵਾਲਾ ਝਾਅ ਕੋਲਕਾਤਾ ਵਿੱਚ ਅਧਿਆਪਕ ਵਜੋਂ ਕੰਮ ਕਰਦਾ ਹੈ ਤੇ ਉਸ ਨੂੰ ਸ਼ੁੱਕਰਵਾਰ ਨੂੰ ਸੱਤ ਦਿਨਾਂ ਦੀ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਗਿਆ।
ਲਲਿਤ ਝਾਅ ਤੋਂ ਵੀ ਇਹ ਵੀ ਪੁੱਛਗਿੱਛ ਕੀਤੀ ਜਾਵੇਗੀ ਕਿ ਦੋਸ਼ੀ ਦਾ ਕਿਸੇ ਦੁਸ਼ਮਣ ਦੇਸ਼ ਜਾਂ ਅੱਤਵਾਦੀ ਸੰਗਠਨ ਨਾਲ ਕੋਈ ਸਬੰਧ ਹੈ ਜਾਂ ਨਹੀਂ। ਸੁਰੱਖਿਆ ਦੀ ਉਲੰਘਣਾ ਦੇ ਤੁਰੰਤ ਬਾਅਦ ਉਹ ਰਾਜਸਥਾਨ ਭੱਜ ਗਿਆ।
ਖ਼ਬਰ ਏਜੰਸੀ ਪੀਟੀਆਈ ਦੁਆਰਾ ਦਿੱਲੀ ਪੁਲਿਸ ਦੇ ਇੱਕ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਗਿਆ, “ਘਟਨਾ ਤੋਂ ਬਾਅਦ, ਉਹ ਰਾਜਸਥਾਨ ਭੱਜ ਗਿਆ ਜਿੱਥੇ ਉਹ ਦੋ ਦਿਨ ਰਿਹਾ ਤੇ ਬੀਤੀ ਰਾਤ ਦਿੱਲੀ ਵਾਪਸ ਆ ਗਿਆ।” ਸੂਤਰਾਂ ਮੁਤਾਬਕ ਝਾਅ ਘਟਨਾ ਤੋਂ ਬਾਅਦ ਰਾਜਸਥਾਨ ਦੇ ਨਾਗੌਰ ਭੱਜ ਗਿਆ ਸੀ। ਉਸ ਨੇ ਦੱਸਿਆ ਕਿ ਉਸ ਦੇ ਚਚੇਰੇ ਭਰਾਵਾਂ ਕੈਲਾਸ਼ ਤੇ ਮਹੇਸ਼ ਕੁਮਾਵਤ ਨੇ ਉੱਥੇ ਉਸ ਦੇ ਠਹਿਰਣ ਦਾ ਪ੍ਰਬੰਧ ਕੀਤਾ ਸੀ। ਫਿਲਹਾਲ ਦੋਵੇਂ ਭਰਾਵਾਂ ਦੀ ਗ੍ਰਿਫ਼ਤਾਰੀ ਬਾਕੀ ਹੈ।
ਪੁਲਿਸ ਨੂੰ ਵੱਡੀ ਸਾਜਿਸ਼ ਦਾ ਸ਼ੱਕ
ਪੁਲਿਸ ਅਧਿਕਾਰੀ ਨੇ ਕਿਹਾ, “ਅਸੀਂ ਸਦਨ ਦੇ ਅੰਦਰ ਤੇ ਸੰਸਦ ਭਵਨ ਦੇ ਬਾਹਰ ਘਟਨਾ ਨੂੰ ਦੁਬਾਰਾ ਬਣਾਉਣ ਦੀ ਇਜਾਜ਼ਤ ਲੈਣ ਲਈ ਸੰਸਦ ਤੱਕ ਪਹੁੰਚ ਕਰਨ ਦੀ ਯੋਜਨਾ ਬਣਾ ਰਹੇ ਹਾਂ। ਵੀਰਵਾਰ ਨੂੰ ਗ੍ਰਿਫ਼ਤਾਰ ਕੀਤੇ ਗਏ ਲਲਿਤ ਝਾਅ ਨੇ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਕਿ ਉਸ ਨੇ ਆਪਣਾ ਫ਼ੋਨ ਸੁੱਟ ਦਿੱਤਾ ਸੀ। ਦਿੱਲੀ-ਜੈਪੁਰ ਸਰਹੱਦ ਦੇ ਨੇੜੇ ਅਤੇ ਹੋਰ ਦੋਸ਼ੀਆਂ ਦੇ ਫੋਨ ਨਸ਼ਟ ਕਰ ਦਿੱਤੇ ਸਨ।
ਪੁਲਿਸ ਫੁੱਟਵੀਅਰ ਡਿਜ਼ਾਈਨਰ ਦੀ ਵੀ ਭਾਲ ਕਰ ਰਹੀ ਹੈ ਜਿਸ ਨੇ ਸੰਸਦ ਭਵਨ ਦੇ ਅੰਦਰ ਮੁਲਜ਼ਮਾਂ ਦੁਆਰਾ ਵਰਤੇ ਗਏ ਧੂੰਏਂ ਦੇ ਡੱਬਿਆਂ ਨੂੰ ਛੁਪਾਉਣ ਵਾਲੇ ਜੁੱਤੇ ਤਿਆਰ ਕੀਤੇ ਸੀ।
ਸੰਸਦ ਦੀ ਸੀਸੀਟੀਵੀ ਫੁਟੇਜ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਜਦੋਂਕਿ ਜਾਂਚ ਵਿੱਚ ਸੁਰਾਗ ਲਈ ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਮੋਬਾਈਲ ਫੋਨ ਦਾ ਡਾਟਾ ਵੀ ਇਕੱਠਾ ਕੀਤਾ ਜਾ ਰਿਹਾ ਹੈ। ਪੁਲਿਸ ਨੂੰ ਇਹ ਵੀ ਸ਼ੱਕ ਹੈ ਕਿ ਜੇਕਰ ਮੁੱਖ ਯੋਜਨਾ ਫੇਲ੍ਹ ਹੁੰਦੀ ਤਾਂ ਉਸ ਦੀ ਥਾਂ ‘ਪਲਾਨ ਬੀ’ ਵੀ ਬਣਾਇਆ ਗਿਆ ਸੀ।
ਜੁੱਤੀਆਂ ’ਚ ਕਿਵੇਂ ਲੁਕੀ ਹੋਈ ਸੀ ਰੰਗ ਦੀ ਸਪਰੇਅ?
“ਝਾਅ ਨੇ ਖੁਲਾਸਾ ਕੀਤਾ ਕਿ ਉਹ ਦੇਸ਼ ਵਿੱਚ ਅਰਾਜਕਤਾ ਪੈਦਾ ਕਰਨਾ ਚਾਹੁੰਦੇ ਸਨ ਤਾਂ ਜੋ ਉਹ ਸਰਕਾਰ ਨੂੰ ਆਪਣੀਆਂ ਮੰਗਾਂ ਪੂਰੀਆਂ ਕਰਨ ਲਈ ਮਜਬੂਰ ਕਰ ਸਕਣ। ਝਾਅ ਨੇ ਇੱਕ ਵੱਡੀ ਸਾਜ਼ਿਸ਼ ਦੇ ਹਿੱਸੇ ਵਜੋਂ ਉਨ੍ਹਾਂ ਨੂੰ ਛੁਪਾਉਣ ਤੇ ਸਬੂਤ ਨਸ਼ਟ ਕਰਨ ਲਈ (ਹੋਰ ਦੋਸ਼ੀਆਂ ਦੇ) ਫੋਨ ਲਏ ਸਨ।
ਪੁਲਿਸ ਨੇ ਪਟਿਆਲਾ ਹਾਊਸ ਕੋਰਟ ਨੂੰ ਦੱਸਿਆ, “ਉਸ ਨੇ ਜੈਪੁਰ ਤੋਂ ਦਿੱਲੀ ਜਾਂਦੇ ਸਮੇਂ ਆਪਣਾ ਫ਼ੋਨ ਸੁੱਟ ਦਿੱਤਾ ਸੀ।”



