ਪੱਤਰ ਪੇ੍ਰਰਕ, ਪਾਇਲ : ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ‘ਚ ਬਲਾਕ ਦੋਰਾਹਾ ਦੇ ਠੇਕਾ ਆਧਾਰਿਤ ਕੰਮ ਕਰਦੇ ਕਾਮਿਆਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਰੋਸ ਪ੍ਰਦਰਸ਼ਨ ਕੀਤਾ ਹੈ। ਠੇਕਾ ਕਾਮਿਆਂ ਨੇ ਪਿੰਡ ਸ਼ਾਹਪੁਰ ਦੀ ਪਾਣੀ ਵਾਲੀ ਟੈਂਕੀ ‘ਤੇ ਇਕੱਤਰ ਹੋ ਕੇ ਪ੍ਰਧਾਨ ਪਲਵਿੰਦਰ ਸਿੰਘ ਯੂਨੀਅਨ ਦੀ ਅਗਵਾਈ ਹੇਠ ਪ੍ਰਦਰਸ਼ਨ ਕਰਦੇ ਹੋਏ ਕਿਹਾ ਉਨ੍ਹਾਂ ਨੂੰ ਤਿੰਨ ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ। ਮਹਿੰਗਾਈ ਦੇ ਦੌਰ ‘ਚ ਤਨਖਾਹਾਂ ਨਾ ਮਿਲਣ ਕਰਕੇ ਕਾਮਿਆਂ ਵੱਲੋਂ ਕਾਲੀ ਦੀਵਾਲੀ ਮਨਾਈ ਗਈ ਹੈ ਤੇ ਉਨ੍ਹਾਂ ਦੀ ਡਵੀਜ਼ਨ ‘ਚ ਕੋਈ ਸੁਣਵਾਈ ਨਹੀਂ ਹੋ ਰਹੀ। ਠੇਕਾ ਕਾਮਿਆਂ ਦੀ ਹਮਾਇਤ ਕਰਦੇ ਹੋਏ ਜਲ ਸਪਲਾਈ ਯੂਨੀਅਨ ਦੇ ਪ੍ਰਧਾਨ ਚੰਦ ਸਿੰਘ ਰਸੂਲੜਾ ਨੇ ਕਿਹਾ ਜੇਕਰ ਠੇਕਾ ਕਾਮਿਆਂ ਦੀਆਂ ਤਨਖਾਹਾਂ ਨਾ ਪਾਈਆ ਗਈਆਂ ਤਾਂ ਉਨ੍ਹਾਂ ਵੱਲੋਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।

ਇਸ ਸਬੰਧੀ ਜੇਕਰ ਕੋਈ ਵੀ ਕਾਰਵਾਈ ਸਾਹਮਣੇ ਆਉਂਦੀ ਹੈ ਤਾਂ ਉਸ ਦੀ ਜ਼ਿੰਮੇਵਾਰੀ ਸਰਕਾਰ ਤੇ ਪ੍ਰਸ਼ਾਸਨ ਦੀ ਹੋਵੇਗੀ ਤੇ ਜੇਕਰ ਕੋਈ ਸੁਣਵਾਈ ਨਾ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਸੂਬਾ ਪੱਧਰ ‘ਤੇ ਕਾਰਵਾਈ ਕਰਕੇ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਪ੍ਰਧਾਨ ਪਲਵਿੰਦਰ ਸਿੰਘ, ਸੁਖਵਿੰਦਰ ਸਿੰਘ, ਪ੍ਰਰੀਤਮ ਸਿੰਘ, ਜਸਵਿੰਦਰ ਸਿੰਘ, ਜਗਤਾਰ ਸਿੰਘ ਸ਼ਾਹਪੁਰ, ਗੁਰਸ਼ਰਨ ਸਿੰਘ ਆਦਿ ਹਾਜ਼ਰ ਸਨ। ਇਸ ਸਬੰਧੀ ਜਲ ਸਪਲਾਈ ਦਫ਼ਤਰ ਖੰਨਾ ਦੇ ਐਕਸੀਅਨ ਆਦਰਸ਼ ਨੇ ਕਿਹਾ ਸਾਡੇ ਵੱਲੋਂ ਕਾਰਵਾਈ ਮੁਕੰਮਲ ਕਰਕੇ ਭੇਜੀ ਗਈ ਹੈ।