ਜਾਗਰਣ ਪੱਤਰ ਪ੍ਰੇਰਕ, ਲੁਧਿਆਣਾ : ਸਾਹਨੇਵਾਲ ਤੋਂ ਯੂਥ ਕਾਂਗਰਸੀ ਆਗੂ ਸਰਵੋਤਮ ਸਿੰਘ ਉਰਫ਼ ਲੱਕੀ ਸੰਧੂ ਨੂੰ ਵਿਆਹ ਸਮਾਗਮ ‘ਚ ਲਿਜਾਣ ਵਾਲੇ ਦੋਵੇਂ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਤੇ ਉਨ੍ਹਾਂ ਖ਼ਿਲਾਫ਼ ਵਿਭਾਗੀ ਜਾਂਚ ਦੇ ਹੁਕਮ ਵੀ ਦਿੱਤੇ ਗਏ ਹਨ। ਦਰਅਸਲ ਯੂਥ ਕਾਂਗਰਸੀ ਆਗੂ ਖ਼ਿਲਾਫ਼ ਦੋ ਅਪਰਾਧਿਕ ਮਾਮਲੇ ਦਰਜ ਹਨ ਤੇ ਉਹ ਜੇਲ੍ਹ ਵਿੱਚ ਹੈ। ਬਿਮਾਰ ਹੋਣ ਕਾਰਨ ਉਸ ਨੂੰ ਪੀਜੀਆਈ ਲਿਜਾਣ ਲਈ ਪੁਲਿਸ ਲਾਈਨ ਦਾ ਇਕ ਸਬ-ਇੰਸਪੈਕਟਰ ਤੇ ਇਕ ਏਐਸਆਈ ਉੱਥੇ ਪੁੱਜੇ ਸਨ ਤੇ ਬਾਅਦ ‘ਚ ਉਹ ਉਸ ਨੂੰ ਵਿਆਹ ਸਮਾਗਮ ‘ਚ ਲੈ ਗਏ। ਸ਼ਹਿਰ ਦੇ ਇਕ ਵਪਾਰੀ ਨੇ ਇਸ ਸਬੰਧੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਡੀਜੀਪੀ ਗੌਰਵ ਯਾਦਵ ਨੂੰ ਸ਼ਿਕਾਇਤ ਕੀਤੀ ਸੀ।

ਜ਼ਿਕਰਯੋਗ ਹੈ ਕਿ ਸੰਗੀਨ ਧਾਰਾਵਾਂ ਦੇ ਤਹਿਤ ਲੁਧਿਆਣਾ ਸੈਂਟਰਲ ਜੇਲ ਵਿੱਚ ਬੰਦ ਕਾਂਗਰਸ ਪਾਰਟੀ ਦਾ ਆਗੂ ਲੱਕੀ ਸੰਧੂ ਬਿਮਾਰੀ ਦਾ ਬਹਾਨਾ ਬਣਾ ਕੇ ਹਸਪਤਾਲ ਦਾਖਲ ਹੋਣ ਲਈ ਜੇਲ੍ਹ ਚੋਂ ਬਾਹਰ ਆਇਆ ਤੇ ਆਪਣੇ ਇਕ ਖਾਸਮ ਖਾਸ ਵਿਅਕਤੀ ਦੇ ਵਿਆਹ ‘ਚ ਸ਼ਾਮਿਲ ਹੋਣ ਲਈ ਰਾਏਕੋਟ ਪਹੁੰਚ ਗਿਆ l ਹਵਾਲਾਤੀ ਲੱਕੀ ਸੰਧੂ ਵੱਲੋਂ ਜਸ਼ਨ ‘ਚ ਸ਼ਾਮਿਲ ਹੋਣ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈਆਂl ਕਾਂਗਰਸੀ ਆਗੂ ਲੱਕੀ ਸੰਧੂ ਵੀਡੀਓ ਵਿੱਚ ਪੰਜਾਬੀ ਗਾਣਿਆਂ ‘ਤੇ ਭੰਗੜਾ ਪਾਉਂਦਾ ਨਜ਼ਰ ਆਇਆ l ਕਾਬਲੇ ਗੌਰ ਹੈ ਕਿ ਲੱਕੀ ਸੰਧੂ ਖਿਲਾਫ ਲੁਧਿਆਣਾ ਤੇ ਮੋਹਾਲੀ ‘ਚ ਦੋ ਕੇਸ ਦਰਜ ਹਨ l

ਕਾਬਲੇਗੌਰ ਹੈ ਕਿ ਰੀੜ੍ਹ ਦੀ ਹੱਡੀ ‘ਚ ਦਿੱਕਤ ਹੋਣ ਤੋਂ ਬਾਅਦ ਡਾਕਟਰਾਂ ਦੇ ਕਹਿਣ ਤੇ ਉਸਨੂੰ ਪੀਜੀਆਈ ਭੇਜਿਆ ਗਿਆ ਸੀ। ਜੇਲ੍ਹ ਅਧਿਕਾਰੀਆਂ ਮੁਤਾਬਕ ਇਸ ਮਾਮਲੇ ਸਬੰਧੀ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੂੰ ਇੱਕ ਪੱਤਰ ਭੇਜਿਆ ਗਿਆ ਹੈ l ਜੇਲ੍ਹ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁਲਿਸ ਦੇ ਜਿਹੜੇ ਮੁਲਾਜ਼ਮ ਉਸ ਨੂੰ ਵਿਆਹ ਸਮਾਗਮ ‘ਚ ਲੈ ਕੇ ਗਏ ਹਨ ਉਨ੍ਹਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।