ਡਿਜੀਟਲ ਡੈਸਕ, ਨਵੀਂ ਦਿੱਲੀ: Rajasthan Deputy CM Prem Chand Bairwa: ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਤੋਂ ਬਾਅਦ ਹੁਣ ਰਾਜਸਥਾਨ ਦੇ ਮੁੱਖ ਮੰਤਰੀ ਦੇ ਨਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਭਜਨ ਲਾਲ ਸ਼ਰਮਾ ਦੇ ਹੱਥ ਸੂਬੇ ਦੀ ਕਮਾਨ ਸੌਂਪ ਦਿੱਤੀ ਗਈ ਹੈ।

ਮੰਗਲਵਾਰ ਨੂੰ ਪਾਰਟੀ ਸਕੱਤਰੇਤ ‘ਤੇ ਭਾਜਪਾ ਵਿਧਾਇਕ ਦਲ ਦੀ ਬੈਠਕ ਹੋਣ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ। ਉੱਥੇ, ਨਵੇਂ ਚੁਣੇ ਵਿਧਾਇਕ ਦੀਅ ਕੁਮਾਰੀ ਅਤੇ ਡਾਕਟਰ ਪ੍ਰੇਮ ਚੰਦ ਬੈਰਵਾ ਨੂੰ ਰਾਜਸਥਾਨ ਦਾ ਉਪ ਮੁੱਖ ਮੰਤਰੀ ਚੁਣਿਆ ਗਿਆ ਹੈ। ਮੱਧ ਪ੍ਰਦੇਸ਼ ਵਾਂਗ ਰਾਜਸਥਾਨ ਵਿੱਚ ਵੀ ਦੋ ਡਿਪਟੀ ਸੀਐੱਮ ਦੇ ਫਾਰਮੂਲੇ ਨੂੰ ਪਾਰਟੀ ਨੇ ਲਾਗੂ ਕੀਤਾ ਗਿਆ ਹੈ। ਰਾਜਸਥਾਨ ਦੇ ਨਿਗਰਾਨ ਬਣਾਏ ਗਏ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਭਜਨ ਲਾਲ ਦੇ ਨਾਂ ਦਾ ਐਲਾਨ ਕੀਤਾ।

ਕੌਣ ਹੈ ਡਾ.ਪ੍ਰੇਮ ਚੰਦ ਬੈਰਵਾ?

ਡਾ. ਪ੍ਰੇਮ ਚੰਦ ਬੈਰਵਾ ਰਾਜਸਥਾਨ ਦੇ ਦੂਦੂ ਵਿਧਾਨ ਸਭਾ ਹਲਕੇ ਤੋਂ ਮੌਜ਼ੂਦਾ ਭਾਜਪਾ ਵਿਧਾਇਕ ਹਨ। ਪ੍ਰੇਮ ਚੰਦ ਮੌਜਮਾਬਾਦ ਤਹਿਸੀਲ ਦੇ ਸ੍ਰੀਨਿਵਾਸਪੁਰਮ ਦੇ ਰਹਿਣ ਵਾਲੇ ਹਨ ਅਤੇ ਦਲਿਤ ਪਰਿਵਾਰ ਨਾਲ ਸਬੰਧ ਰੱਖਦੇ ਹਨ। ਬੈਰਵਾ ਨੇ 2023 ਦੀਆਂ ਰਾਜਸਥਾਨ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੇ ਉਮੀਦਵਾਰ ਬਾਬੂ ਲਾਲ ਨਾਗਰ ਨੂੰ 35743 ਵੋਟਾਂ ਦੇ ਫਰਕ ਨਾਲ ਹਰਾ ਕੇ ਸੀਟ ਜਿੱਤੀ ਸੀ। ਇਸ ਤੋਂ ਪਹਿਲਾਂ, ਬੈਰਵਾ ਨੇ 2013 ਵਿੱਚ ਕਾਂਗਰਸ ਦੇ ਉਮੀਦਵਾਰ ਹਜ਼ਾਰੀ ਲਾਲ ਨਾਗਰ ਨੂੰ 33720 ਵੋਟਾਂ ਦੇ ਫਰਕ ਨਾਲ ਹਰਾ ਕੇ ਦੂਦੂ ਹਲਕੇ ਤੋਂ ਚੋਣ ਜਿੱਤੀ ਸੀ। ਹਾਲਾਂਕਿ, ਉਹ 2018 ਵਿੱਚ ਦੂਦੂ ਤੋਂ ਕਾਂਗਰਸ ਉਮੀਦਵਾਰ ਬਾਬੂ ਲਾਲ ਨਾਗਰ ਤੋਂ 14,779 ਵੋਟਾਂ ਦੇ ਫਰਕ ਨਾਲ ਹਾਰ ਗਏ ਸਨ।

ਏਬੀਵੀਪੀ ਤੋਂ ਕੀਤੀ ਸਿਆਸੀ ਸਫ਼ਰ ਦੀ ਸ਼ੁਰੂਆਤ

  • ਪ੍ਰੇਮ ਚੰਦ ਬੈਰਵਾ ਨੇ ਆਪਣਆ ਸਿਆਸੀ ਸਫ਼ਰ ਦੀ ਸ਼ੁਰੂਆਤ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ABVP) ਤੋਂ 1995 ਵਿੱਚ ਕੀਤੀ ਸੀ।
  • 1995 ਵਿੱਚ ਉਨ੍ਹਾਂ ਨੇ ਦੂਦੂ ਬਲਾਕ ਸੰਗਠਨ ਵਿੱਚ ਕੰਮ ਕੀਤਾ।
  • ਪ੍ਰੇਮ ਚੰਦ ਨੇ ਐੱਮ.ਫਿਲ ਤੇ ਪੀਐੱਚਡੀ ਕੀਤੀ ਹੋਈ ਹੈ।
  • ਵਿਧਾਇਕ ਦੇ ਨਾਲ-ਨਾਲ ਉਹ ਪੈਟਰੋਲ ਪੰਪ ਦੇ ਡੀਲਰ ਵੀ ਹਨ।
  • ਐੱਸਸੀ ਮੋਰਚਾ ਵਿੱਚ ਭਾਜਪਾ ਦੇ ਸਹਿ ਇੰਚਾਰਜ ਅਤੇ ਬੈਰਵਾ ਮਹਾਸਭਾ ਦੇ ਪ੍ਰਧਾਨ ਵੀ ਹਨ।