ਕਿਹਾ, ਸੜਕਾਂ ਦੇ ਬਰਮਾਂ ‘ਤੇ ਇੰਟਰਲਾਕ ਟਾਈਲ ਲਗਾਈ ਜਾਵੇਗੀ
ਕਰਮਜੀਤ ਸਿੰਘ ਆਜ਼ਾਦ, ਸ੍ਰੀ ਮਾਛੀਵਾੜਾ ਸਾਹਿਬ : ਵਿਧਾਨ ਸਭਾ ਹਲਕਾ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਵੱਲੋਂ 1 ਕਰੋੜ ਰੁਪਏ ਦੀ ਲਾਗਤ ਨਾਲ ਸ਼ੁਰੂ ਹੋਣ ਵਾਲੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ। ਬੱਸ ਸਟੈਂਡ ਨੇੜੇ ਨੀਂਹ ਪੱਥਰ ਤੋਂ ਪਰਦਾ ਹਟਾਉਣ ਉਪਰੰਤ ਵਿਧਾਇਕ ਦਿਆਲਪੁਰਾ ਨੇ ਕਿਹਾ ਕਿ ਇਤਿਹਾਸਕ ਸ਼ਹਿਰ ਮਾਛੀਵਾੜਾ ਦੀ ਦਿੱਖ ਨੂੰ ਹੋਰ ਸੁੰਦਰ ਬਣਾਉਣ ਲਈ ਇਸ ਦੀਆਂ ਪ੍ਰਮੁੱਖ ਸੜਕਾਂ ਦੇ ਬਰਮਾਂ ‘ਤੇ ਇੰਟਰਲਾਕ ਟਾਈਲ ਲਗਾਈ ਜਾਵੇਗੀ, ਜਿਸ ਉੱਪਰ 1 ਕਰੋੜ ਰੁਪਏ ਖਰਚਾ ਆਵੇਗਾ। ਉਨਾਂ੍ਹ ਕਿਹਾ ਕਿ ਨਗਰ ਕੌਂਸਲ ਵਲੋਂ ਬੱਸ ਸਟੈਂਡ ਤੋਂ ਲੈ ਕੇ ਚਰਨ ਕੰਵਲ ਸਾਹਿਬ ਚੌਂਕ ਤੱਕ, ਗਨੀ ਖਾਂ ਨਬੀ ਖਾਂ ਗੇਟ ਤੋਂ ਪੁਲਿਸ ਥਾਣਾ ਤੱਕ ਤੇ ਖਾਲਸਾ ਚੌਕ ਤੋਂ ਰਾਹੋਂ ਰੋਡ ਤੱਕ ਸੜਕ ਦੇ ਦੋਵੇਂ ਪਾਸੇ ਜੋ ਕੱਚੇ ਬਰਮ ਹਨ, ਉਨਾਂ੍ਹ ‘ਤੇ ਇੰਟਰਲਾਕ ਟਾਈਲ ਲਗਾਈ ਜਾਵੇਗੀ, ਜਿਸ ਲਈ ਠੇਕੇਦਾਰ ਨੂੰ ਟੈਂਡਰ ਅਲਾਟ ਕੀਤਾ ਹੈ, ਜਿਸ ਦਾ ਕੰਮ ਵੀ ਸ਼ੁਰੂ ਹੋ ਚੁੱਕਾ ਹੈ। ਉਨਾਂ੍ਹ ਕਿਹਾ ਕਿ ਮਾਛੀਵਾੜਾ ਸ਼ਹਿਰ ਦੇ ਵਿਕਾਸ ਲਈ ਨਗਰ ਕੌਂਸਲ ਵੱਲੋਂ ਕੁੱਲ 4 ਕਰੋੜ ਰੁਪਏ ਦੇ ਟੈਂਡਰ ਲਗਾਏ ਗਏ ਹਨ ਜਿਸ ‘ਚੋਂ 1 ਕਰੋੜ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ ਤੇ ਬਾਕੀ 3 ਕਰੋੜ ਦੇ ਟੈਂਡਰ ਵੀ ਜਲਦ ਸ਼ੁਰੂ ਕਰਵਾ ਦਿੱਤੇ ਜਾਣਗੇ। ਵਿਧਾਇਕ ਦਿਆਲਪੁਰਾ ਨੇ ਕਿਹਾ ਕਿ ਕੌਂਸਲ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਦਿੱਤੇ ਹਨ ਕਿ ਵਿਕਾਸ ਕਾਰਜਾਂ ਮੌਕੇ ਗੁਣਵੱਤਾ ਦਾ ਖਿਆਲ ਰੱਖਿਆ ਜਾਵੇ ਕਿਉਂਕਿ ਕਿਸੇ ਵੀ ਕਿਸਮ ਦੀ ਕੁਤਾਹੀ ਬਰਦਾਸ਼ਤ ਨਹੀਂ ਹੋਵੇਗੀ। ਇਸ ਮੌਕੇ ਕਾਰਜ ਸਾਧਕ ਅਫ਼ਸਰ ਗੁਰਪਾਲ ਸਿੰਘ, ‘ਆਪ’ ਆਗੂ ਮੋਹਿਤ ਕੁੰਦਰਾ, ਸੁਖਵਿੰਦਰ ਸਿੰਘ ਗਿੱਲ, ਜਗਮੀਤ ਸਿੰਘ ਮੱਕੜ, ਬਲਵਿੰਦਰ ਸਿੰਘ ਮਾਨ, ਨਗਿੰਦਰਪਾਲ ਸਿੰਘ ਮੱਕੜ, ਪ੍ਰਵੀਨ ਮੱਕੜ, ਦਲੀਪ ਸਿੰਘ ਮੱਲ੍ਹੀ, ਲੇਖਾਕਾਰ ਸੰਜੀਵ ਗਰੋਵਰ, ਧਰਮਵੀਰ ਧੰਮੀ, ਸੁਖਦੇਵ ਸਿੰਘ ਬਿੱਟੂ, ਜਸਵੀਰ ਸਿੰਘ ਗਿੱਲ, ਦੀਪਕ ਕੁਮਾਰ, ਭੁਪਿੰਦਰ ਸਿੰਘ, ਅਜੀਤ ਸਿੰਘ, ਇੰਦਰਜੀਤ ਸਿੰਘ ਮੌਜੂਦ ਸਨ।


