ਓਟਾਵਾ (ਪੀਟੀਆਈ) : ਭਾਰਤ ਦੇ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਤੋਂ ਸੀਟੀਵੀ ਦੀ ਇੰਟਰਵਿਊ ਦੌਰਾਨ ਕੈਨੇਡਾ ’ਚ ਹਾਲੀਆ ਰਾਏਸ਼ੁਮਾਰੀ ਬਾਰੇ ਸਵਾਲ ਪੁੱਛੇ ਗਏ। ਉਨ੍ਹਾਂ ਨੂੰ ਕਿਹਾ ਗਿਆ ਕਿ ਖ਼ਾਲਿਸਤਾਨ ਹਮਾਇਤੀਆਂ ਵੱਲੋਂ ਕੈਨੇਡਾ ’ਚ ਰਾਏਸ਼ੁਮਾਰੀ ਕਰਵਾਉਣਾ ਨਫ਼ਰਤੀ ਭਾਸ਼ਣ ਨਹੀਂ ਹੈ। ਵਰਮਾ ਨੇ ਕਿਹਾ ਕਿ ਜੇਕਰ ਰਾਏਸ਼ੁਮਾਰੀ ਘਰੇਲੂ ਪੱਧਰ ’ਤੇ ਕੈਨੇਡਾ ਲਈ ਕਰਵਾਉਂਦੇ ਹੋ ਤਾਂ ਮੈਨੂੰ ਕੋਈ ਇਤਰਾਜ਼ ਨਹੀਂ। ਆਖ਼ਰ ਤੁਸੀਂ ਆਪਣੇ ਨਾਗਰਿਕਾਂ ਨੂੰ ਭਾਰਤ ਨੂੰ ਵੰਡਣ ਲਈ ਰਾਏਸ਼ੁਮਾਰੀ ਕਰਨ ਦੀ ਇਜਾਜ਼ਤ ਕਿਵੇਂ ਦੇ ਰਹੇ ਹੋ।

ਭਾਰਤੀ ਹਾਈ ਕਮਿਸ਼ਨਰ ਨੇ ਕਿਹਾ ਕਿ ਕੈਨੇਡਾ ਨਾਲ ਸਬੰਧਾਂ ’ਚ ਮੁੱਖ ਚਿੰਤਾ ਇਹ ਹੈ ਕਿ ਕੁਝ ਕੈਨੇਡੀਅਨ ਨਾਗਰਿਕ ਭਾਰਤ ਦੀ ਖ਼ੁਦਮੁਖਤਾਰੀ ਤੇ ਖੇਤਰੀ ਅਖੰਡਤਾ ’ਤੇ ਹਮਲਾ ਕਰਨ ਲਈ ਕੈਨੇਡੀਅਨ ਧਰਤੀ ਦੀ ਵਰਤੋਂ ਕਰ ਰਹੇ ਹਨ। ਕੈਨੇਡਾ ’ਚ ਮੌਜੂਦ ਜ਼ਿਆਦਾਤਰ ਅਪਰਾਧੀ ਤੇ ਅੱਤਵਾਦੀ ਖ਼ਾਲਿਸਤਾਨੀ ਮਾਨਸਿਕਤਾ ਦੇ ਹਨ। ਉਨ੍ਹਾਂ ’ਚੋਂ ਕਈ ਭਾਰਤ ’ਚ ਆਪਣੇ ਗਿਰੋਹ ਚਲਾ ਰਹੇ ਹਨ। ਉਹ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰ ਰਹੇ ਹਨ। ਉਹ ਹਥਿਆਰਾਂ ਤੇ ਮਨੁੱਖੀ ਤਸਕਰੀ ਦੀਆਂ ਸਰਗਰਮੀਆਂ ਚਲਾ ਰਹੇ ਹਨ। ਇਸ ਲਈ ਭਾਵੇਂ ਉਨ੍ਹਾਂ ਦੀਆਂ ਸਰਗਰਮੀਆਂ ਇੱਥੇ ਹਨ ਪਰ ਉਹ ਹੱਦ ਪਾਰ ਕਰ ਚੁੱਕੀਆਂ ਹਨ। ਜਦੋਂ ਤੱਕ ਇਹ ਕੈਨੇਡਾ ’ਚ ਘਰੇਲੂ ਮੁੱਦਾ ਹੈ, ਸਾਨੂੰ ਦਿੱਕਤ ਨਹੀਂ। ਬਦਕਿਸਮਤੀ ਨਾਲ ਇਹ ਹੱਦ ਪਾਰ ਕਰ ਕੇ ਭਾਰਤ ਤੱਕ ਪੁੱਜ ਗਿਆ ਹੈ।

ਵਰਮਾ ਨੇ ਕੈਨੇਡਾ ’ਚ ਕੰਮ ਕਰਨ ਵਾਲੇ ਭਾਰਤੀ ਡਿਪਲੋਮੈਟਾਂ ਤੇ ਅਧਿਕਾਰੀਆਂ ਦੀ ਸੁਰੱਖਿਆ ਬਾਰੇ ਚਿੰਤਾਵਾਂ ਦਾ ਵੀ ਜ਼ਿਕਰ ਕੀਤਾ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਉਹ ਭਾਰਤ ’ਚ ਘਰੇਲੂ ਸਿਆਸੀ ਫ਼ਾਇਦੇ ਲਈ ਖ਼ਾਲਿਸਤਾਨ ਹਮਾਇਤੀਆਂ ਦੇ ਜੋਖ਼ਮ ਨੂੰ ਵਧਾ-ਚੜ੍ਹਾਅ ਕੇ ਪੇਸ਼ ਕਰ ਰਹੇ ਹਨ ਤਾਂ ਵਰਮਾ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਕੈਨੇਡਾ ਸਰਕਾਰ ਨੂੰ ਸਾਂਝੇ ਤੌਰ ’ਤੇ ਸਹਿਮਤ ਚੈਨਲ ਜ਼ਰੀਏ ਇਹ ਸਾਬਤ ਕਰਨ ਲਈ ਦਸਤਾਵੇਜ਼ ਪੇਸ਼ ਕੀਤਾ ਹੈ ਕਿ ਕੈਨੇਡਾ ’ਚ ਰਹਿਣ ਵਾਲੇ ਖ਼ਾਲਿਸਤਾਨ ਹਮਾਇਤੀ ਦੋਵਾਂ ਦੇਸ਼ਾਂ ’ਚ ਅਪਰਾਧਕ ਸਰਗਰਮੀਆਂ ’ਚ ਸ਼ਾਮਲ ਹਨ। ਉਹ ਅੱਤਵਾਦੀ ਹਨ ਕਿਉਂਕਿ ਉਹ ਕੈਨੇਡਾ ’ਚ ਪੈਸਾ ਇਕੱਠਾ ਕਰ ਰਹੇ ਹਨ। ਇਹ ਪੈਸਾ ਭਾਰਤ ’ਚ ਗੈਂਗਸਟਰਾਂ ਤੇ ਗਿਰੋਹਾਂ ਨੂੰ ਭੇਜ ਰਹੇ ਹਨ ਜਿਹੜੇ ਉੱਥੇ ਨਾਜਾਇਜ਼ ਸਰਗਰਮੀਆਂ ਚਲਾ ਰਹੇ ਹਨ। ਸਾਡੀ ਮੁੱਖ ਚਿੰਤਾ ਉਨ੍ਹਾਂ ਦਾ ਅੱਤਵਾਦੀ ਹੋਣਾ ਹੈ।