ਜੇਐੱਨਐੱਨ, ਨਵੀਂ ਦਿੱਲੀ: 2008 ‘ਚ ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ‘ਚ ਹੋਏ ਅੱਤਵਾਦੀ ਹਮਲੇ ਨੂੰ 15 ਸਾਲ ਹੋ ਗਏ ਹਨ ਪਰ ਅੱਜ ਵੀ ਹਰ ਕੋਈ ਉਸ ਭਿਆਨਕ ਦ੍ਰਿਸ਼ ਨੂੰ ਯਾਦ ਕਰਦਾ ਹੈ। 15 ਸਾਲ ਪਹਿਲਾਂ ਅੱਜ ਦੇ ਦਿਨ 26/11 ਨੂੰ ਅੱਤਵਾਦੀਆਂ ਨੇ ਭਾਰਤ ‘ਚ ਸਭ ਤੋਂ ਵਹਿਸ਼ੀ ਅੱਤਵਾਦੀ ਹਮਲਾ ਕੀਤਾ ਸੀ।
ਪਾਕਿਸਤਾਨ ਤੋਂ ਆਏ ਇਨ੍ਹਾਂ ਅੱਤਵਾਦੀਆਂ ਨੂੰ ਉੱਚ ਪੱਧਰੀ ਸਿਖਲਾਈ ਦਿੱਤੀ ਗਈ ਸੀ। ਉਨ੍ਹਾਂ ਦਾ ਉਦੇਸ਼ ਦੇਸ਼ ਵਿੱਚ ਤਬਾਹੀ ਮਚਾਉਣਾ ਅਤੇ ਕੰਧਾਰ ਅਗਵਾ ਕਾਂਡ ਵਿੱਚ ਸ਼ਾਮਲ ਅੱਤਵਾਦੀਆਂ ਨੂੰ ਰਿਹਾਅ ਕਰਨਾ ਸੀ।
ਕਰਾਚੀ ਦੇ ਰਸਤੇ ਕਿਸ਼ਤੀ ਰਾਹੀਂ ਆਏ 10 ਲਸ਼ਕਰ-ਏ-ਤੋਇਬਾ ਦੇ ਅੱਤਵਾਦੀ ਮੁੰਬਈ ਵਿੱਚ ਦਾਖਲ ਹੋਏ ਅਤੇ ਚਾਰ ਦਿਨਾਂ ਤੱਕ ਗੋਲੀਬਾਰੀ ਅਤੇ ਲੜੀਵਾਰ ਬੰਬ ਧਮਾਕੇ ਕੀਤੇ।
ਮੁੰਬਈ ‘ਚ ਦਾਖਲ ਹੁੰਦੇ ਹੀ ਅੱਤਵਾਦੀਆਂ ਨੇ ਤਾਜ ਹੋਟਲ, ਓਬਰਾਏ ਟ੍ਰਾਈਡੈਂਟ ਅਤੇ ਨਰੀਮਨ ਹਾਊਸ ‘ਤੇ ਹਮਲਾ ਕਰ ਦਿੱਤਾ। ਤਾਜ ਹੋਟਲ ਵਿੱਚ ਛੇ ਦੇ ਕਰੀਬ ਧਮਾਕੇ ਹੋਏ ਸਨ ਅਤੇ ਕਈ ਲੋਕ ਮਾਰੇ ਗਏ ਸਨ। ਦਿਲ ਦਹਿਲਾ ਦੇਣ ਵਾਲੇ ਹਮਲਿਆਂ ਵਿਚ 18 ਸੁਰੱਖਿਆ ਕਰਮਚਾਰੀਆਂ ਸਮੇਤ 164 ਲੋਕ ਮਾਰੇ ਗਏ ਸਨ ਅਤੇ 300 ਤੋਂ ਵੱਧ ਜ਼ਖਮੀ ਹੋ ਗਏ ਸਨ।
ਅਜਮਲ ਕਸਾਬ ਫੜਿਆ ਗਿਆ
ਐਨਐਸਜੀ ਨੇ ਇਸ ਹਮਲੇ ਖਿਲਾਫ ਆਪਰੇਸ਼ਨ ਸੰਭਾਲਿਆ ਅਤੇ 10 ਵਿੱਚੋਂ 9 ਅੱਤਵਾਦੀ ਮਾਰੇ ਗਏ, ਜਦੋਂ ਕਿ ਅਜਮਲ ਕਸਾਬ ਨੂੰ ਅਗਲੇ ਦਿਨ ਜੁਹੂ ਚੌਪਾਟੀ ਤੋਂ ਜ਼ਿੰਦਾ ਫੜ ਲਿਆ ਗਿਆ। ਉਸ ਖਿਲਾਫ ਦੇਸ਼ ਖਿਲਾਫ ਜੰਗ ਛੇੜਨ, ਯੂ.ਏ.ਪੀ.ਏ. ਸਮੇਤ ਕਈ ਗੰਭੀਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।
ਫਾਂਸੀ
ਆਖ਼ਰਕਾਰ, ਨਿਆਂਇਕ ਪ੍ਰਕਿਰਿਆ ਤੋਂ ਬਾਅਦ, 21 ਨਵੰਬਰ 2012 ਨੂੰ ਉਹ ਪਲ ਆਇਆ ਜਦੋਂ ਅੱਤਵਾਦੀ ਅਜਮਲ ਕਸਾਬ ਨੂੰ ਫਾਂਸੀ ਦਿੱਤੀ ਗਈ। ਕਸਾਬ ਨੂੰ ਸਵੇਰੇ 7:30 ਵਜੇ ਪੁਣੇ ਦੀ ਯਰਵਦਾ ਜੇਲ੍ਹ ਵਿੱਚ ਫਾਂਸੀ ਦਿੱਤੀ ਗਈ। ਫਾਂਸੀ ਦੇ ਸਮੇਂ ਅਜਮਲ ਬਹੁਤ ਘਬਰਾਇਆ ਹੋਇਆ ਸੀ ਅਤੇ ਆਪਣੇ ਗੁਨਾਹਾਂ ਦੀ ਮਾਫੀ ਮੰਗ ਰਿਹਾ ਸੀ। ਪਾਕਿਸਤਾਨ ਵੱਲੋਂ ਉਸ ਦੀ ਲਾਸ਼ ਲੈਣ ਤੋਂ ਇਨਕਾਰ ਕਰਨ ਤੋਂ ਬਾਅਦ ਉਸ ਦੀ ਲਾਸ਼ ਨੂੰ ਜੇਲ੍ਹ ਦੇ ਅਹਾਤੇ ਵਿੱਚ ਹੀ ਦਫ਼ਨਾ ਦਿੱਤਾ ਗਿਆ।


