ਨੈਨੀਤਾਲ: ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਸੁਰਖੀਆਂ ‘ਚ ਹਨ। ਇਕ ਪਾਸੇ ਉਨ੍ਹਾਂ ਨੇ ਵਿਸ਼ਵ ਕੱਪ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਤਾਂ ਦੂਜੇ ਪਾਸੇ ਕਾਰ ਹਾਦਸੇ ਤੋਂ ਬਾਅਦ ਲੋਕਾਂ ਦੀ ਜਾਨ ਵੀ ਬਚਾਈ ਹੈ। ਉਨ੍ਹਾਂ ਨੇ ਇਸ ਦੀ ਵੀਡੀਓ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤੀ ਤੇ ਲਿਖਿਆ ਹੈ ਕਿ ਮੈਂ ਕਿਸੇ ਦੀ ਜਾਨ ਬਚਾ ਕੇ ਬਹੁਤ ਖੁਸ਼ ਹਾਂ।

ਸ਼ਮੀ ਨੇ ਲਿਖਿਆ, ‘ਉਹ ਬਹੁਤ ਖੁਸ਼ਕਿਸਮਤ ਹਨ, ਰੱਬ ਨੇ ਉਨ੍ਹਾਂ ਨੂੰ ਦੂਜੀ ਜ਼ਿੰਦਗੀ ਦਿੱਤੀ। ਉਨ੍ਹਾਂ ਦੀ ਕਾਰ ਮੇਰੇ ਸਾਹਮਣੇ ਨੈਨੀਤਾਲ ਨੇੜੇ ਪਹਾੜੀ ਸੜਕ ਤੋਂ ਹੇਠਾਂ ਡਿੱਗ ਗਈ। ਅਸੀਂ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ।’

ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਸ਼ਮੀ ਜ਼ਖਮੀ ਵਿਅਕਤੀ ਦੇ ਹੱਥ ‘ਤੇ ਪੱਟੀ ਬੰਨ੍ਹ ਰਹੇ ਹਨ। ਸ਼ਮੀ ਨੇ ਸਫੈਦ ਰੰਗ ਦੇ ਕੱਪੜੇ ਤੇ ਲਾਲ ਰੰਗ ਦੀ ਟੋਪੀ ਪਹਿਨੀ ਹੋਈ ਸੀ। ਇਸ ਦੌਰਾਨ ਮੌਕੇ ‘ਤੇ ਕਾਫੀ ਲੋਕ ਖੜ੍ਹੇ ਸਨ ਤੇ ਇਕ ਸਫੈਦ ਰੰਗ ਦੀ ਕਾਰ ਦਰੱਖਤ ‘ਚ ਵੱਜੀ ਨਜ਼ਰ ਆ ਰਹੀ ਹੈ।

ਸ਼ਮੀ ਨੇ ਹਾਲ ਹੀ ਦੇ ਵਿਸ਼ਵ ਕੱਪ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਸਭ ਤੋਂ ਵੱਧ 24 ਵਿਕਟਾਂ ਲਈਆਂ। ਵਿਸ਼ਵ ਕੱਪ ਖਤਮ ਹੋਣ ਤੋਂ ਬਾਅਦ ਉਹ ਛੁੱਟੀਆਂ ‘ਤੇ ਨਿਕਲੇ ਹਨ। ਨੈਨੀਤਾਲ ਜਾਂਦੇ ਸਮੇਂ ਸ਼ਮੀ ਨੇ ਇਹ ਕਾਰ ਹਾਦਸਾ ਦੇਖਿਆ ਤੇ ਫਿਰ ਮਦਦ ਲਈ ਅੱਗੇ ਆਏ।