ਮੁੰਬਈ (ਪੀਟੀਆਈ) : ਦਿਨ ਭਰ ਦੇ ਉਤਾਰ-ਚੜ੍ਹਾਅ ਤੋਂ ਬਾਅਦ ਆਈਟੀ ਸ਼ੇਅਰਾਂ ’ਚ ਵਿਕਰੀ ਕਾਰਨ ਘਰੇਲੂ ਸ਼ੇਅਰ ਬਾਜ਼ਾਰ ਸ਼ੁੱਕਰਵਾਰ ਨੂੰ ਲਗਾਤਾਰ ਦੂਜੇ ਦਿਨ ਗਿਰਾਵਟ ਨਾਲ ਬੰਦ ਹੋਏ। ਬੀਐੱਸਈ ਦਾ ਪ੍ਰਮੁੱਖ ਸੂਚਕ ਅੰਕ ਸੈਂਸੇਕਸ 47.77 ਅੰਕ ਡਿੱਗ ਕੇ 66 ਹਜ਼ਾਰ ਦੇ ਪੱਧਰ ਤੋਂ ਹੇਠਾਂ ਡਿੱਗਦੇ ਹੋਏ 65,970.04 ਅੰਕ ’ਤੇ ਜਾ ਕੇ ਬੰਦ ਹੋਇਆ। ਇਸੇ ਤਰ੍ਹਾਂ, ਐੱਨਐੱਸਈ ਦਾ ਨਿਫਟੀ 7.30 ਅੰਕਾਂ ਦੀ ਗਿਰਾਵਟ ਨਾਲ 19,794.70 ਅੰਕਾਂ ’ਤੇ ਬੰਦ ਹੋਇਆ।
ਸੈਂਸੇਕਸ ’ਚ ਐੱਚਸੀਐੱਲ ਟੈਕ, ਵਿਪ੍ਰੋ, ਟੀਸੀਐੱਸ, ਟੈਕ ਮਹਿੰਦਰਾ, ਨੈਸਲੇ, ਟਾਟਾ ਮੋਟਰਜ਼, ਇੰਫੋਸਿਸ, ਭਾਰਤੀ ਏਅਰਟੈਲ, ਅਲਟ੍ਰਾਟੈਕ ਸੀਮੈਂਟ ਤੇ ਟਾਟਾ ਸਟੀਲ ਦੇ ਸ਼ੇਅਰਾਂ ’ਚ ਗਿਰਾਵਟ ਦਰਜ ਕੀਤੀ ਗਈ। ਦੂਜੇ ਪਾਸੇ ਐਕਸਿਸ ਬੈਂਕ, ਐੱਚਡੀਐੱਫਸੀ ਬੈਂਕ, ਆਈਸੀਆਈਸੀਆਈ ਬੈਂਕ, ਜੇਐੱਸਡਬਲਯੂ ਸਟੀਲ, ਮਹਿੰਦਰਾ ਐਂਡ ਮਹਿੰਦਰਾ ਤੇ ਕੋਟਕ ਮਹਿੰਦਰਾ ਬੈਂਕ ਦੇ ਸ਼ੇਅਰ ਬੜ੍ਹਤ ਦੇ ਨਾਲ ਬੰਦ ਹੋਣ ’ਚ ਕਾਮਯਾਬ ਰਹੇ। ਐੱਚਡੀਐੱਫਸੀ ਸਕਿਓਰਿਟੀਜ਼ ਦੇ ਖੋਜ ਮੁਖੀ ਦੀਪਕ ਜਸਾਨੀ ਦਾ ਕਹਿਣਾ ਹੈ ਕਿ ਅਮਰੀਕੀ ਬਾਜ਼ਾਰਾਂ ਤੋਂ ਕੋਈ ਸੰਕੇਤ ਨਹੀਂ ਮਿਲਣ ਕਾਰਨ ਸ਼ੁੱਕਰਵਾਰ ਨੂੰ ਵਿਸ਼ਵ ਬਾਜ਼ਾਰਾਂ ’ਚ ਗਿਰਾਵਟ ਰਹੀ। ਨਿਵੇਸ਼ਕਾਂ ਨੂੰ ਇਸ ਗੱਲ ’ਤੇ ਸ਼ੱਕ ਸੀਕਿ ਕੀ ਅਮਰੀਕਾ ਦੇ ਕੇਂਦਰੀ ਬੈਂਕ ਫੈਡਰਲ ਰਿਜ਼ਰਵ ਨੇ ਵਿਆਜ ਦਰਾਂ ’ਚ ਵਾਧਾ ਕੀਤਾ, ਜਿਸ ਨਾਲ ਖਤਰੇ ’ਤੇ ਕੰਟਰੋਲ ਰੱਖਿਆ ਜਾ ਸਕੇ।
ਪੰਜ ਅਰਬ ਡਾਲਰ ਵਧਿਆ ਵਿਦੇਸ਼ੀ ਮੁਦਰਾ ਭੰਡਾਰ
ਦੇਸ਼ ਦੇ ਵਿਦੇਸ਼ੀ ਮੁਦਰਾ ਭੰਡਾਰ ’ਚ 17 ਨਵੰਬਰ ਨੂੰ ਖਤਮ ਹਫਤੇ ’ਚ 5.07 ਅਰਬ ਡਾਲਰ ਦਾ ਮਜ਼ਬੂਤ ਵਾਧਾ ਰਿਹਾ ਹੈ। ਆਰਬੀਆਈ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਹੁਣ ਕੁਲ ਵਿਦੇਸ਼ੀ ਮੁਦਰਾ ਭੰਡਾਰ ਵੱਧ ਕੇ 595.397 ਅਰਬ ਡਾਲਰ ’ਤੇ ਪਹੁੰਚ ਗਿਆ ਹੈ। ਇਸ ਤੋਂ ਪਿਛਲੇ ਹਫਤੇ ’ਚ ਵਿਦੇਸ਼ੀ ਭੰਡਾਰ 46.2 ਕਰੋੜ ਡਾਲਰ ਘੱਟ ਕੇ 590.321 ਅਰਬ ਡਾਲਰ ਰਹਿ ਗਿਆ ਸੀ।


