ਅਭਿਸ਼ੇਕ ਤ੍ਰਿਪਾਠੀ, ਅਹਿਮਦਾਬਾਦ: 23 ਮਾਰਚ 2003, ਜੋਹਾਨਸਬਰਗ ਦੀ ਉਹ ਕਾਲੀ ਰਾਤ, ਜਿਸ ਵਿਚ ਰਿਕੀ ਪੋਂਟਿੰਗ ਦੀ ਕਪਤਾਨੀ ਵਾਲੀ ਆਸਟ੍ਰੇਲੀਆਈ ਟੀਮ ਨੇ ਸੌਰਵ ਗਾਂਗੁਲੀ ਦੀ ਅਗਵਾਈ ਵਾਲੀ ਭਾਰਤੀ ਟੀਮ ਨੂੰ 125 ਦੌੜਾਂ ਨਾਲ ਹਰਾ ਕੇ ਤੀਜੀ ਵਾਰ ਵਨਡੇ ਵਿਸ਼ਵ ਕੱਪ ਦੀ ਟਰਾਫੀ ਆਪਣੇ ਨਾਂ ਕੀਤੀ ਸੀ। ਹੁਣ ਆਸਟ੍ਰੇਲੀਆ ਪੰਜ ਵਾਰ ਵਿਸ਼ਵ ਚੈਂਪੀਅਨ ਹੈ ਜਦਕਿ ਭਾਰਤ ਨੇ ਇਹ ਟਰਾਫੀ ਸਿਰਫ਼ ਦੋ ਵਾਰ ਜਿੱਤੀ ਹੈ। ਹਾਲਾਂਕਿ, 20 ਸਾਲਾਂ ਬਾਅਦ ਸਭ ਕੁਝ ਬਦਲ ਗਿਆ ਹੈ। ਆਸਟ੍ਰੇਲੀਆ ਹੁਣ ਪਹਿਲਾਂ ਵਰਗਾ ਨਹੀਂ ਰਿਹਾ ਅਤੇ ਨਾ ਹੀ ਭਾਰਤ ਦੀ ਕੋਈ ਕਮਜ਼ੋਰੀ ਹੈ। ਜਿਸ ਤਰ੍ਹਾਂ ਭਾਰਤੀ ਟੀਮ ਨੇ 10 ’ਚੋਂ 10 ਮੈਚ ਸ਼ਾਨਦਾਰ ਅਤੇ ਖਤਰਨਾਕ ਤਰੀਕੇ ਨਾਲ ਜਿੱਤੇ ਹਨ, ਉਸ ’ਚ ਕੋਈ ਕਮਜ਼ੋਰੀ ਨਜ਼ਰ ਨਹੀਂ ਆ ਰਹੀ। ਹੁਣ ਭਾਰਤ ਕੋਲ ਆਸਟ੍ਰੇਲੀਆ ਨਾਲ ਹਿਸਾਬ ਬਰਾਬਰ ਕਰਨ ਅਤੇ ਤੀਜੀ ਵਿਸ਼ਵ ਕੱਪ ਟਰਾਫੀ ਜਿੱਤਣ ਦਾ ਸੁਨਹਿਰੀ ਮੌਕਾ ਹੈ ਕਿਉਂਕਿ ਮੈਦਾਨ ਸਾਡਾ ਹੈ ਅਤੇ ਇੱਛਾਵਾਂ ਵੀ ਸਾਡੀਆਂ ਹਨ। 2003 ਵਿਚ ਫਾਈਨਲ ਵਿਚ ਸੌਰਵ ਗਾਂਗੁਲੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ ਪਰ ਇੱਥੇ ਜੇਕਰ ਰੋਹਿਤ ਸ਼ਰਮਾ ਜਿੱਤਦਾ ਹੈ ਤਾਂ ਉਹ ਪਹਿਲਾਂ ਬੱਲੇਬਾਜ਼ੀ ਕਰ ਸਕਦਾ ਹੈ। ਉਦੋਂ ਐਡਮ ਗਿਲਕ੍ਰਿਸਟ ਅਤੇ ਮੈਥਿਊ ਹੇਡਨ ਦੀ ਜੋੜੀ ਨੇ ਆਸਟ੍ਰੇਲੀਆ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ ਅਤੇ ਸਿਰਫ 14 ਓਵਰਾਂ ’ਚ 105 ਦੌੜਾਂ ਦਾ ਸਕੋਰ ਬੋਰਡ ’ਤੇ ਖੜ੍ਹਾ ਕਰ ਦਿੱਤਾ ਪਰ ਇਸ ਵਾਰ ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸ਼ਮੀ ਟਰੈਵਿਸ ਅਤੇ ਡੇਵਿਡ ਵਾਰਨਰ ਨੂੰ ਅਜਿਹਾ ਨਹੀਂ ਕਰਨ ਦੇਣਗੇ। ਇਸ ਤੋਂ ਬਾਅਦ ਆਸਟ੍ਰੇਲੀਆ ਨੇ 359 ਦੌੜਾਂ ਦਾ ਵੱਡਾ ਰਿਕਾਰਡ ਸਕੋਰ ਖੜ੍ਹਾ ਕੀਤਾ ਸੀ, ਜਿਸ ’ਚ ਕਪਤਾਨ ਰਿਕੀ ਪੋਂਟਿੰਗ ਨੇ 140 ਦੌੜਾਂ ਦੀ ਪਾਰੀ ਖੇਡੀ ਸੀ। ਪੂਰੀ ਉਮੀਦ ਹੈ ਕਿ ਕੁਲਦੀਪ ਯਾਦਵ ਅਤੇ ਰਵਿੰਦਰ ਜਡੇਜਾ ਤੀਜੇ ਨੰਬਰ ’ਤੇ ਆਉਣ ਵਾਲੇ ਮਿਸ਼ੇਲ ਮਾਰਸ਼ ਨੂੰ ਅਜਿਹਾ ਨਹੀਂ ਕਰਨ ਦੇਣਗੇ। ਉਦੋਂ ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤ ਨੇ ਸ਼ੁਰੂਆਤੀ ਓਵਰਾਂ ’ਚ ਹੀ ਸਚਿਨ ਤੇਂਦੁਲਕਰ ਦਾ ਵਿਕਟ ਗੁਆ ਦਿੱਤਾ, ਜਿਸ ਤੋਂ ਬਾਅਦ ਟੀਮ ਇਸ ਝਟਕੇ ਤੋਂ ਉਭਰ ਨਹੀਂ ਸਕੀ। ਪੂਰੀ ਟੀਮ ਪੂਰੇ 50 ਓਵਰ ਵੀ ਨਹੀਂ ਖੇਡ ਸਕੀ ਅਤੇ 39.2 ਓਵਰਾਂ ਵਿਚ 234 ਦੌੜਾਂ ਬਣਾ ਕੇ ਆਊਟ ਹੋ ਗਈ। ਵਰਿੰਦਰ ਸਹਿਵਾਗ ਨੇ ਸਭ ਤੋਂ ਵੱਧ 88 ਦੌੜਾਂ ਬਣਾਈਆਂ ਸਨ। ਇਸ ਵਾਰ ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਭਾਰਤ ਨੂੰ ਮਜ਼ਬੂਤ ਸ਼ੁਰੂਆਤ ਦੇਣਗੇ ਕਿਉਂਕਿ ਦੋਵੇਂ ਸ਼ਾਨਦਾਰ ਲੈਅ ’ਚ ਹਨ। ਉਦੋਂ ਫਾਈਨਲ ਤੋਂ ਪਹਿਲਾਂ ਭਾਰਤ ਆਪਣੀ ਮੁਹਿੰਮ ਵਿਚ ਸਿਰਫ਼ ਇਕ ਮੈਚ ਹਾਰਿਆ ਸੀ ਅਤੇ ਉਹ ਵੀ ਆਸਟ੍ਰੇਲੀਆ ਹੱਥੋਂ ਹਾਰਿਆ ਸੀ। ਇਸ ਵਾਰ ਭਾਰਤ ਨੇ ਇਕ ਵੀ ਮੈਚ ਨਹੀਂ ਹਾਰਿਆ ਹੈ ਅਤੇ ਲੀਗ ਦੌਰ ਵਿਚ ਆਸਟ੍ਰੇਲੀਆ ਨੂੰ ਹਰਾਇਆ ਹੈ। ਇਸ ਦਾ ਮਤਲਬ ਹੈ ਕਿ ਇਸ ਵਾਰ ਰੋਹਿਤ ਦੀ ਟੀਮ ਕੋਲ ਪੈਟ ਕਮਿੰਸ ਨੂੰ ਹਰਾਉਣ ਦਾ ਪੂਰਾ ਮੌਕਾ ਹੈ।

ਰਾਹੁਲ ਕਰ ਰਿਹਾ ਹੈ ਕਮਾਲ

ਅਹਿਮਦਾਬਾਦ:

ਵਿਸ਼ਵ ਕੱਪ ’ਚ ਭਾਰਤੀ ਟੀਮ ਦੀ ਸਫਲਤਾ ’ਚ ਲੋਕੇਸ਼ ਰਾਹੁਲ ਨੇ ਵਿਕਟ ਦੇ ਪਿੱਛੇ ਵੱਡਾ ਯੋਗਦਾਨ ਪਾਇਆ ਹੈ। ਰਾਹੁਲ ਨੇ ਬੱਲੇ ਨਾਲ ਕਈ ਵਾਰ ਟੀਮ ਲਈ ਸ਼ਾਨਦਾਰ ਪਾਰੀਆਂ ਖੇਡੀਆਂ ਹਨ ਅਤੇ ਵਿਕਟ ਦੇ ਪਿੱਛੇ ਕੁਝ ਸ਼ਾਨਦਾਰ ਕੈਚ ਵੀ ਲਏ ਹਨ। ਰੋਹਿਤ ਦੀ ਧਮਾਕੇਦਾਰ ਬੱਲੇਬਾਜ਼ੀ, ਵਿਰਾਟ ਕੋਹਲੀ ਦੀ ਸੰਜਮੀ ਖੇਡ ਅਤੇ ਮੁਹੰਮਦ ਸ਼ਮੀ ਦੀ ਖਤਰਨਾਕ ਗੇਂਦਬਾਜ਼ੀ ਦੇ ਸਾਹਮਣੇ ਰਾਹੁਲ ਦੀ ਬੱਲੇਬਾਜ਼ੀ ਭਾਵੇਂ ਜ਼ਿਆਦਾ ਚਰਚਾ ’ਚ ਨਾ ਰਹੀ ਹੋਵੇ ਪਰ ਮੌਜੂਦਾ ਵਿਸ਼ਵ ਕੱਪ ’ਚ ਜਦੋਂ ਵੀ ਟੀਮ ਨੂੰ ਬੱਲੇ ਨਾਲ ਉਸ ਦੇ ਯੋਗਦਾਨ ਦੀ ਲੋੜ ਪਈ ਤਾਂ ਉਸ ਨੇ ਇਸ ਭੂਮਿਕਾ ਨੂੰ ਬਾਖੂਬੀ ਨਿਭਾਇਆ ਹੈ। ਇਸ ਦੌਰਾਨ ਰਾਹੁਲ ਨੇ 99 ਦੀ ਸਟਰਾਈਕ ਰੇਟ ਅਤੇ 77 ਦੀ ਔਸਤ ਨਾਲ 386 ਦੌੜਾਂ ਬਣਾਈਆਂ ਹਨ। ਭਾਰਤੀ ਟੀਮ ਲਈ ਆਪਣੇ ਡੈਬਿਊ ਦੇ ਬਾਅਦ ਤੋਂ ਹੀ ਰਾਹੁਲ ਨੂੰ ਹੁਨਰ ਦੇ ਲਿਹਾਜ਼ ਨਾਲ ਕੋਹਲੀ ਅਤੇ ਰੋਹਿਤ ਵਾਂਗ ਪ੍ਰਤਿਭਾਸ਼ਾਲੀ ਖਿਡਾਰੀ ਮੰਨਿਆ ਜਾਂਦਾ ਰਿਹਾ ਹੈ, ਪਰ ਖਰਾਬ ਸ਼ਾਟ ਖੇਡਣ ਤੋਂ ਬਾਅਦ ਆਊਟ ਹੋਣ ਕਾਰਨ ਉਹ ਪਿਛਲੇ ਸਮੇਂ ਵਿਚ ਇਹ ਦਰਜਾ ਹਾਸਲ ਨਹੀਂ ਕਰ ਸਕਿਆ। ਰਾਹੁਲ ਦੇ ਕਰੀਅਰ ’ਚ ਸ਼ਾਨਦਾਰ ਬੱਲੇਬਾਜ਼ੀ ਦੇ ਵਿਚਾਲੇ ਕੁਝ ਪਲ ਅਜਿਹੇ ਵੀ ਆਏ ਜਦੋਂ ਉਹ ਖੁਦ ਹੀ ਆਪਣੀ ਬੱਲੇਬਾਜ਼ੀ ਦੀ ਸਮਰੱਥਾ ’ਤੇ ਸ਼ੱਕ ਕਰਨ ਲੱਗੇ। ਅਜਿਹੇ ’ਚ ਵਿਕਟਕੀਪਰ ਦੀ ਭੂਮਿਕਾ ਨਿਭਾਉਣ ਨਾਲ ਉਸ ਦੇ ਮਨ ’ਚੋਂ ਸ਼ੱਕ ਦੂਰ ਹੋ ਗਏ ਅਤੇ ਬੱਲੇ ਨਾਲ ਉਸ ਦੇ ਪ੍ਰਦਰਸ਼ਨ ’ਚ ਵੀ ਕਾਫੀ ਸੁਧਾਰ ਹੋਇਆ। ਸੈਮੀਫਾਈਨਲ ’ਚ ਜਿਸ ਤਰ੍ਹਾਂ ਰਾਹੁਲ ਨੇ ਡੇਵੋਨ ਕੋਨਵੇ ਨੂੰ ਕੈਚ ਫੜਿਆ, ਉਸ ਨੂੰ ਦੇਖ ਕੇ ਮਹਿੰਦਰ ਸਿੰਘ ਧੋਨੀ ਜ਼ਰੂਰ ਖੁਸ਼ ਹੋਏ ਹੋਣਗੇ। ਮੌਜੂਦਾ ਟੂਰਨਾਮੈਂਟ ’ਚ ਉਸ ਨੇ 10 ਮੈਚਾਂ ’ਚ 16 ਸ਼ਿਕਾਰ (15 ਕੈਚ ਅਤੇ ਇਕ ਸਟੰਪਿੰਗ) ਕੀਤੇ ਹਨ। ਵਿਕਟ ਦੇ ਪਿੱਛੇ ਸਭ ਤੋਂ ਵੱਧ ਕੈਚਾਂ ਦੇ ਮਾਮਲੇ ਵਿਚ ਉਹ ਦੱਖਣੀ ਅਫ਼ਰੀਕਾ ਦੇ ਮਹਾਨ ਖਿਡਾਰੀ ਕਵਿੰਟਨ ਡਿਕਾਕ ਤੋਂ ਪਿੱਛੇ ਹੈ। ਅਜਿਹਾ ਖਿਡਾਰੀ ਜੋ ਕੁਝ ਸਮੇਂ ਪਹਿਲਾਂ ਤੱਕ ਕੀਪਿੰਗ ਨਹੀਂ ਕਰਦਾ ਸੀ ਉਸ ਲਈ ਇਹ ਵੱਡੀ ਉਪਲਬੱਧੀ ਹੈ। ਡੀਆਰਐੱਸ ਸਬੰਧੀ ਰਾਹੁਲ ਦੇ ਫੈਸਲੇ ਸ਼ਾਨਦਾਰ ਰਹੇ ਹਨ।