ਪਾਤੜਾ: ‘ਆਪ’ ਵਲੋਂ ਹਲਕਾ ਸ਼ੁਤਰਾਣਾ ਦੇ ਕਸਬਾ ਬਾਦਸ਼ਾਹਪੁਰ ਅਤੇ ਪਾਤੜਾਂ ਦੀ ਅਨਾਜ ਮੰਡੀ ਵਿਚ ਕੀਤੀਆਂ ਗਈਆਂ ਰੈਲੀਆਂ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਆਪ ਦਾ ਮੁੱਖ ਮੰਤਰੀ ਪੰਜਾਬ ਵਿਚੋਂ ਹੀ ਹੋਵੇਗਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਫੜ ਕੇ ਜੇਲ੍ਹਾਂ ਵਿਚ ਸੁਟਿਆ ਜਾਵੇਗਾ।
ਕੇਜਰੀਵਾਲ ਨੇ ਕਿਹਾ ਕਿ ‘ਆਪ’ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਨੂੰ ਨਸ਼ੇ ਅਤੇ ਭ੍ਰਿਸ਼ਟਾਚਾਰ ਤੋਂ ਮੁਕਤ ਕਰ ਕੇ ਨਸ਼ੇ ਫ਼ੈਲਾਉਣ ਵਾਲਿਆਂ ਨੂੰ ਸਖ਼ਤ ਸਜ਼ਾਵਾਂ ਦੇ ਕੇ ਜੇਲ੍ਹਾਂ ਵਿਚ ਸੁਟਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਦਿੱਲੀ ਦੇ ਲੋਕਾਂ ਨੇ ਉਨ੍ਹਾਂ ਨੂੰ ਮੁੱਖ ਮੰਤਰੀ ਚੁਣਿਆਂ ਹੈ ਤੇ ਉਹ ਦਿੱਲੀ ਦੇ ਮੁੱਖ ਮੰਤਰੀ ਹੀ ਰਹਿਣਗੇ। ਇੰਸਪੈਕਟਰੀ ਰਾਜ ਨੂੰ ਖ਼ਤਮ ਕਰ ਕੇ ਵਪਾਰੀ ਵਰਗ ਦੇ ਹੱਕ ਦੀਆਂ ਨੀਤੀਆਂ ਬਣਾਈਆਂ ਜਾਣਗੀਆਂ।
ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਆਪ ਦੀ ਸਰਕਾਰ ਆਉਣ ‘ਤੇ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਪਰਵਾਰਾਂ ਤੋਂ ਲੁੱਟ ਦਾ ਹਿਸਾਬ ਲਿਆ ਜਾਵੇਗਾ। ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਕੋਲ ਚੋਣਾਂ ਲੜਨ ਜੋਗੇ ਪੈਸੇ ਨਹੀਂ ਹਨ। ਜਿਸ ਕਰ ਕੇ ਪੰਜਾਬ ਦੇ ਲੋਕ ਇਸ ਨੂੰ ਅਪਣੀ ਪਾਰਟੀ ਸਮਝ ਕੇ ਵੋਟ ਪਾਉਣ ਅਤੇ ਪੰਜਾਬ ਵਿਚੋਂ ਦੋਨੋਂ ਰਵਾਇਤੀ ਪਾਰਟੀਆਂ ਦਾ ਸਫ਼ਾਇਆ ਕਰਨ।