ਸਪੋਰਟਸ ਡੈਸਕ, ਨਵੀਂ ਦਿੱਲੀ : ਆਸਟ੍ਰੇਲੀਆ ਨੇ ਵੀਰਵਾਰ ਨੂੰ ਵਿਸ਼ਵ ਕੱਪ 2023 ਦੇ ਦੂਜੇ ਸੈਮੀਫਾਈਨਲ ‘ਚ ਦੱਖਣੀ ਅਫਰੀਕਾ ਨੂੰ 3 ਵਿਕਟਾਂ ਨਾਲ ਹਰਾ ਕੇ ਅੱਠਵੀਂ ਵਾਰ ਫਾਈਨਲ ‘ਚ ਪ੍ਰਵੇਸ਼ ਕੀਤਾ। ਆਸਟ੍ਰੇਲੀਆਈ ਕਪਤਾਨ ਪੈਟ ਕਮਿੰਸ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਭਾਰਤ ਖਿਲਾਫ ਫਾਈਨਲ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਹੈ।

ਵਿਸ਼ਵ ਕੱਪ 2023 ਦਾ ਫਾਈਨਲ ਮੁਕਾਬਲਾ 19 ਨਵੰਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡਿਆ ਜਾਵੇਗਾ। ਇਸ ਮੈਚ ਨੂੰ ਦੇਖਣ ਲਈ 1 ਲੱਖ 30 ਹਜ਼ਾਰ ਤੋਂ ਵੱਧ ਦਰਸ਼ਕ ਸਟੇਡੀਅਮ ਵਿਚ ਪਹੁੰਚਣਗੇ। ਭਾਰਤ ਨੇ ਸੈਮੀਫਾਈਨਲ ‘ਚ ਨਿਊਜ਼ੀਲੈਂਡ ਨੂੰ 70 ਦੌੜਾਂ ਨਾਲ ਹਰਾ ਕੇ ਚੌਥੀ ਵਾਰ ਫਾਈਨਲ ‘ਚ ਪ੍ਰਵੇਸ਼ ਕੀਤਾ।

ਪੈਟ ਕਮਿੰਸ ਨੇ ਕੀ ਕਿਹਾ

ਸਟੇਡੀਅਮ ਦਰਸ਼ਕਾਂ ਨਾਲ ਖਚਾਖਚ ਭਰਿਆ ਹੋਵੇਗਾ। ਸ਼ਾਇਦ ਦਰਸ਼ਕਾਂ ਦਾ ਸਮਰਥਨ ਇਕ ਤਰਫਾ ਹੋਵੇਗਾ ਪਰ ਅਸੀਂ ਇਸ ਦਾ ਆਨੰਦ ਮਾਣਾਂਗੇ। ਸਾਡੇ ਲਈ ਚੰਗੀ ਗੱਲ ਇਹ ਹੈ ਕਿ ਸਾਡੇ ਕੁਝ ਖਿਡਾਰੀ ਪਹਿਲਾਂ ਵੀ ਫਾਈਨਲ ਦਾ ਹਿੱਸਾ ਰਹੇ ਹਨ। 2015 ਦਾ ਵਿਸ਼ਵ ਕੱਪ ਸਾਡੇ ਕਰੀਅਰ ਦਾ ਹਾਈਲਾਈਟ ਸੀ, ਇਸ ਲਈ ਹੁਣ ਸਾਨੂੰ ਭਾਰਤ ਵਿਚ ਫਾਈਨਲ ਖੇਡਣਾ ਹੈ, ਜਿਸ ਲਈ ਅਸੀਂ ਉਤਸੁਕ ਹਾਂ।

ਪੈਟ ਕਮਿੰਸ ਨੇ ਦੱਸਿਆ ਕਿ ਉਨ੍ਹਾਂ ਨੂੰ ਅੰਦਾਜ਼ਾ ਸੀ ਕਿ ਪਿੱਚ ‘ਤੇ ਸਪਿਨ ਜ਼ਬਰਦਸਤ ਹੋਵੇਗੀ। ਉਸ ਨੇ ਕਿਹਾ, ‘ਸਾਨੂੰ ਲੱਗਿਆ ਕਿ ਪਿੱਚ ‘ਤੇ ਸਪਿਨ ਹੋਵੇਗੀ। ਸਾਨੂੰ ਉਮੀਦ ਨਹੀਂ ਸੀ ਕਿ ਸਟਾਰਕ ਅਤੇ ਹੇਜ਼ਲਵੁੱਡ ਇੰਨੀ ਜਲਦੀ ਗੇਂਦਬਾਜ਼ੀ ਕਰਨਗੇ। ਬੱਦਲਵਾਈ ਸੀ ਅਤੇ ਗੇਂਦ ਵੀ ਸਵਿੰਗ ਕਰ ਰਹੀ ਸੀ, ਇਸ ਲਈ ਅਸੀਂ ਨਿਰਾਸ਼ ਨਹੀਂ ਹੋਏ।

ਫੀਲਡਿੰਗ ਵਿਚ ਕੀਤਾ ਸੁਧਾਰ

ਆਸਟ੍ਰੇਲੀਆਈ ਕਪਤਾਨ ਪੈਟ ਕਮਿੰਸ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਨੇ ਆਪਣੇ ਫੀਲਡਿੰਗ ਪੱਧਰ ‘ਚ ਕਾਫੀ ਸੁਧਾਰ ਕੀਤਾ ਹੈ। ਕਮਿੰਸ ਨੇ ਕਿਹਾ, ‘ਅਸੀਂ ਇਸ ਬਾਰੇ ਬਹੁਤ ਗੱਲਬਾਤ ਕੀਤੀ। ਟੂਰਨਾਮੈਂਟ ਦੀ ਸ਼ੁਰੂਆਤ ‘ਚ ਸਾਡੀ ਫੀਲਡਿੰਗ ਥੋੜ੍ਹੀ ਖਰਾਬ ਸੀ। ਡੇਵਿਡ ਵਾਰਨਰ 37 ਸਾਲ ਦੀ ਉਮਰ ‘ਚ ਵੀ ਡਰਾਈਵ ਲਗਾ ਰਹੇ ਸੀ। ਅਸੀਂ ਬਹੁਤ ਸੁਧਾਰ ਕੀਤਾ ਹੈ।