Ad-Time-For-Vacation.png

ਇਹ ਕਿਉਂ ਹੋਇਆ…?

ਜਸਪਾਲ ਸਿੰਘ ਹੇਰਾਂ

ਪੰਜਾਬ ਦੇ ਪੰਜ ਵਾਰੀ ਦੇ ਮੁੱਖ ਮੰਤਰੀ, ਜਿਸਨੂੰ ਕਦੇ ਦਰਵੇਸ ਸਿਆਸਤਦਾਨ ਮੰਨਿਆ ਜਾਂਦਾ ਸੀ। ਉਮਰ ਦੇ ਨੌਵੇਂ ਦਹਾਕੇ ਨੂੰ ‘ਪਾਰ ਕਰ ਚੁੱਕੇ ਬਜ਼ੁਰਗ ਪ੍ਰਕਾਸ਼ ਸਿੰਘ ਬਾਦਲ ਦੇ ਇਕ ਟਕਸਾਲੀ ਸਿੱਖ ਵੱਲੋਂ ਜੁੱਤੀ ਕੱਢ ਮਾਰਨ ਦੀ ਘਟਨਾ ਨੂੰ ਅਸੀਂ ਬੇਹੱਦ ਦੁੱਖਦਾਈ ਮੰਨਦੇ ਹਾਂ। ਇਸ ਘਟਨਾ ਕਾਰਣ ਬਜ਼ੁਰਗ ਬਾਦਲ ਨੂੰ ਅਤੇ ਉਸਦੇ ਫਰਜ਼ੰਦ ਛੋਟੇ ਬਾਦਲ ਨੂੰ ਜਿਹੜੀ ਡੂੰਘੀ ਮਾਨਸਿਕ ਪੀੜਾਂ ਹੋਈ ਹੋਵੇਗੀ, ਉਸਦਾ ਵੀ ਸਾਨੂੰ ਅਹਿਸਾਸ ਹੋ ਰਿਹਾ ਹੈ। ਪ੍ਰੰਤੂ ਜਿਵੇਂ ਅਸੀਂ ਉਪਰ ਲਿਖਿਆ ਹੈ ਕਿ ਜਿਸ ਆਗੂ ਨੂੰ ਪੰਜਾਬ ਦੇ ਲੋਕ ‘ਦਰਵੇਸ਼ ਸਿਆਸਤ’ ਮੰਨਦੇ ਸਨ, ਆਖ਼ਰ ਉਸਨੂੰ ਜੁੱਤੀਆਂ ਮਾਰਨ ਦੀ ਨੌਬਤ ਕਿਉਂ ਆ ਗਈ? ਇਸ ਸੁਆਲ ਦਾ ਜਵਾਬ, ਸਿਆਸਤ ਦੇ ਪਿੜ ‘ਚ ਨਿੱਤਰੇ ਹੋਏ ਹਰ ਸਿਆਸੀ ਆਗੂ ਨੂੰ ਬਾਖ਼ੂਬੀ ਪੱਲੇ ਬੰਨ ਲੈਣਾ ਚਾਹੀਦਾ ਹੈ। ਬਾਦਲ ਸਾਬ ਨੇ ”ਦਰਵੇਸ਼ ਸਿਆਸਤਦਾਨ” ਤੋਂ ”ਘਾਗ ਸਿਆਸਤਦਾਨ” ਦਾ ਸਫ਼ਰ ਕੀਤਾ ਅਤੇ ਇਹੋ ਸਫ਼ਰ ਉਨਾਂ ਦੀ ਦਰਵੇਸ਼ੀ ਨੂੰ ਨਿਗਲ ਗਿਆ। ਜਿਸਨੂੰ ਪੰਜਾਬ ਦੇ ਲੋਕਾਂ ਨੇ ਪੰਜ ਵਾਰੀ ਉਸਦੇ ”ਸਿੱਧੇ ਸਾਦੇ” ਅਕਸ ਤੇ ਪੰਥਕ ਆਗੂ ਹੋਣ ਕਾਰਣ ਮੁੱਖ ਮੰਤਰੀ ਦਾ ਤਾਜ ਪਹਿਨਾਇਆ ਸੀ। ਉਹੀ ਲੋਕ ਹੁਣ ਇਸ ਲੋਕ ਨਾਇਕ, ਪੰਥ-ਰਤਨ ਤੇ ਫ਼ਖਰ-ਏ-ਕੌਮ ਨੂੰ ‘ਪੰਥ ਦੋਖੀ’, ਗੁਰੂ ਸਾਹਿਬ ਦੀ ਬੇਅਦਬੀ ਕਰਵਾਉਣ ਵਾਲਾ, ਸਿੱਖੀ ਦੀਆਂ ਜੜਾਂ ਵੱਢਣ ਵਾਲਾ, ਪੰਥ ਤੇ ਪੰਜਾਬ ਨੂੰ ਆਪਣੀ ਸੱਤ ਲਾਲਸਾ ਲਈ ਦੁਸ਼ਮਣਾਂ ਕੋਲ ਵੇਚਣ ਵਾਲਾ, ਪਰਿਵਾਰ ਪਾਲਣ ਵਾਲਾ, ਸੱਤ ਪੀੜੀਆਂ ਲਈ ਤਿਜੌਰੀਆਂ ਭਰਨ ਵਾਲਾ…? ਪਤਾ ਨਹੀਂ ਕੀ-ਕੀ ਪੰਥ ਤੇ ਪੰਜਾਬ ਵਿਰੋਧੀ ਖਿਤਾਬ ਦੇ ਰਹੇ ਹਨ।
ਨਾਇਕ ਤੋਂ ਖਲਨਾਇਕ ਬਣਦਿਆ ਦੇਰ ਨਹੀਂ ਲੱਗਦੀ ਹਾਲਕਿ ਖ਼ਲਨਾਇਕ ਤੋਂ ਨਾਇਕ ਬਣਨ ਲਈ ਸਾਰੀ ਉਮਰ ਜੀਅ ਤੋੜ ਯਤਨ ਕਰਨੇ ਪੈਂਦੇ ਹਨ। ਜਿਸ ਬਾਦਲ ਨੂੰ ਹਰ ਪੰਜਾਬ ਵਾਸੀ, ਰਾਜਸੀ ਧੜੇਬੰਦੀ ਦੇ ਬਾਵਜੂਦ ਵੀ ਸਤਿਕਾਰ ਦਿੰਦਾ ਸੀ। ਅੱਜ ਉਸੇ ਪੰਜਾਬ ‘ਚ ਇਸ ਬਜ਼ੁਰਗ ਆਗੂ ਨੂੰ ਜੁੱਤੀਆਂ ਪੈਣ ਲੱਗ ਜਾਣ ਤਾਂ ਇਸਤੋਂ ਮਾੜਾ ਹਸ਼ਰ ਕੌਮੀ ਹਿੱਤਾਂ ਨਾਲ ਖਿਲਵਾੜ ਕਰਨ ਵਾਲੇ ਦਾ ਹੋਰ ਕੀ ਹੋ ਸਕਦਾ ਹੈ। ਜਿਵੇਂ ਅਸੀਂ ਸ਼ੁਰੂ ‘ਚ ਆਖਿਆ ਹੈ ਕਿ ਅਸੀਂ ਇਸ ਘਟਨਾ ਨੂੰ ਅੱਤ ਦੁੱਖਦਾਈ ਮੰਨਦੇ ਹਾਂ। ਪ੍ਰੰਤੂ ਇਸਦੇ ਸਬਕ ਨੂੰ ਪੂਰੀ ਅਹਿਮੀਅਤ ਦਿੰਦੇ ਹਾਂ। ਲੋਕਾਂ ਦੀਆਂ ਭਾਵਨਾਵਾਂ ਤੇ ਖ਼ਾਸ ਕਰਕੇ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨਾ, ਇਕ ਤਰਾਂ ਉਨਾਂ ਤੇ ਜ਼ੋਰ-ਜ਼ੁਲਮ ਕਰਨਾ ਹੁੰਦਾ ਹੈ। ਜ਼ੋਰ-ਜਬਰ ਤੇ ਜ਼ੁਲਮ ਤਸ਼ੱਦਦ ਨੂੰ ਕੋਈ ਕੌਮ ਭਲਾ ਕਿੰਨਾ ਕੁ ਅਤੇ ਕਦੋਂ ਤੱਕ ਬਰਦਾਸ਼ਤ ਕਰ ਸਕਦੀ ਹੈ। ਦਸਮੇਸ਼ ਪਿਤਾ ਨੇ ਵੀ ਜ਼ੁਲਮ ਦੇ ਸਿਖ਼ਰਾਂ ਤੇ ਪੁੱਜ ਜਾਣ ਅਤੇ ਜ਼ੁਲਮ ਰੋਕਣ ਦੇ ਸਾਰੇ ਹੀਲੇ-ਵਸੀਲੇ ਫੇਲ ਹੋ ਜਾਣ ਤੋਂ ਬਾਅਦ ਤਾਕਤ ਦੀ ਵਰਤੋਂ ਨੂੰ ਪ੍ਰਵਾਨਗੀ ਦਿੱਤੀ ਹੈ। ਲੋਕ ਨਾਇਕ ਦੇ ਖਿਤਾਬ ਦੇ ਫਰਜ਼ੀ ਅਤੇ ਅਸਲੀ ਹੋਣ ‘ਚ ਵੀ ਇਹੋ ਫ਼ਰਕ ਹੈ ਕਿ ਅਸਲ ਲੋਕ ਨਾਇਕ, ਲੋਕਾਂ ਦੇ ਦਿਲਾਂ ਤੇ ਰਾਜ ਕਰਦਾ ਹੈ।

ਉਸਦੇ ਲੋਕ ਉਸਦੇ ਇਕ ਬੋਲ ‘ਤੇ ਜਾਨਾਂ ਦੇਣ ਲਈ ਤੇ ਲੈਣ ਲਈ ਤੱਤਪਰ ਹੋ ਜਾਂਦੇ ਹਨ। ਪ੍ਰੰਤੂ ਨਕਲੀ ਲੋਕ ਨਾਇਕ ਪ੍ਰਤੀ ਲੋਕਾਂ ਦੇ ਮਨ ‘ਚ ਸਤਿਕਾਰ ਦੀ ਥਾਂ ਨਫ਼ਰਤ ਹੁੰਦੀ ਹੈ। ਜਿਸਦਾ ਪ੍ਰਗਟਾਵਾ ਉਹ ਮੌਕਾ ਮਿਲਣ ਤੇ ਕਰਦੇ ਹਨ। ਅਸੀਂ ਨਹੀਂ ਚਾਹੁੰਦੇ ਕਿ ਇਸ ਤਰਾਂ ਦੀ ਪਿਰਤ ਨੂੰ ਮੰਨਜ਼ੂਰੀ ਦਿੱਤੀ ਜਾਵੇ। ਪ੍ਰੰਤੂ ਇਸ ਨੂੰ ਰੋਕਣ ਲਈ ਸਿਆਸੀ ਆਗੂਆਂ ਨੂੰ ਆਪਣੇ ਲੋਕਾਂ ਪ੍ਰਤੀ ਸੱਚੇ ਮਨੋਂ ਇਮਾਨਦਾਰ ਹੋਣਾ ਪਵੇਗਾ। ਉਨਾਂ ਨੂੰ ਲੋਕਾਂ ਨਾਲ ਕੀਤੇ ਵਾਅਦੇ, ਹਮੇਸ਼ਾ ਯਾਦ ਰੱਖਦੇ ਹੋਣਗੇ। ਉਨਾਂ ਨੂੰ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸਿਆਸਤ ਤੇ ਵੋਟਾਂ ਦੀ ਤੱਕੜੀ ‘ਚ ਤੋਲਣ ਤੋਂ ਤੋਬਾ ਕਰਨੀ ਹੋਵੇਗੀ। ਜਿਸ ਆਗੂ ਨੂੰ ਸਰਕਾਰੀ ਸੁਰੱਖਿਆ ਦੀ ਥਾਂ ਆਪਣੇ ਲੋਕਾਂ ਦੇ ਪਿਆਰ-ਸਤਿਕਾਰ ਤੇ ਭਰੋਸਾ ਹੋਵੇਗਾ। ਉਹੋ ਆਗੂ ਹੀ ਲੋਕਾਂ ਦੇ ਇਹੋ ਜਿਹੇ ਗੁੱਸੇ ਦਾ ਸ਼ਿਕਾਰ ਹੋਣ ਤੋਂ ਬਚਿਆ ਰਹਿ ਸਕਦਾ ਹੈ। ਭੜਕੀਆਂ ਭਾਵਨਾਵਾਂ, ਜੁਆਲਾ ਮੁਖੀ ਵਾਗੂੰ ਹੁੰਦੀਆਂ ਹਨ। ਉਨਾਂ ਨੇ ਸਿਰਫ਼ ਤਬਾਹੀ ਹੀ ਮਚਾਉਣੀ ਹੁੰਦੀ ਹੈ। ਇਸ ਲਈ ਸਿਆਸੀ ਆਗੂਆਂ ਨੂੰ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਸਿਆਸੀ ਖੇਡ ਖੇਡਣ ਤੋਂ ਪੱਕੇ ਤੌਰ ‘ਤੇ ਗੁਰੇਜ਼ ਕਰਨਾ ਚਾਹੀਦਾ ਹੈ।
11 ਜਨਵਰੀ 2017 ਨੂੰ ਵਾਪਰੀ ਇਹ ਮੰਦਭਾਗੀ ਘਟਨਾ ਨੂੰ ਜਿਹੜੇ ਆਗੂ ਪ੍ਰੇਰਣਾਦਾਇਕ ਮੰਨ ਲੈਣ ਲੈਣਗੇ, ਉਹ ਭਵਿੱਖ ‘ਚ ਲੋਕ ਆਗੂ ਵਜੋਂ ਉਭਰ ਕੇ ਅੱਗੇ ਆਉਣਗੇ ਅਤੇ ਜਿਹੜੇ ਇਸਤੇ ਗੁੱਸਾ ਕਰਕੇ, ਇਸਨੂੰ ਵਿਰੋਧੀਆਂ ਦੀ ਸ਼ਰਾਰਤ ਆਖ਼ ਕੇ ਸੱਚ ਤੋਂ ਅੱਖਾਂ ਬੰਦ ਕਰਨ ਦਾ ਯਤਨ ਕਰਨਗੇ, ਉਨਾਂ ਨੂੰ ਭਵਿੱਖ ‘ਚ ਬਾਦਲ ਸਾਬ! ਵਾਲੀ ਇਸ ਪੀੜਾਂ ਦਾ ਕਦੇ ਵੀ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਕੌੜੇ ਸੱਚ ਤੇ ਸਾਰੇ ਸਿਆਸਤਦਾਨਾਂ ਨੂੰ ਚਾਹੇ ਉਹ ਕਿਸੇ ਵੀ ਰੰਗ ਦੇ ਹਨ, ਇਕ ਵਾਰੀ ਆਤਮ ਵਿਸਲੇਸ਼ਣ ਜ਼ਰੂਰ ਕਰਨਾ ਚਾਹੀਦਾ ਹੈ ਅਤੇ ਸਾਰਿਆਂ ਨੂੰ ਸੱਚੇ ਮਨੋਂ ਇਸ ਦਿਸ਼ਾ ‘ਚ ਤੁਰਨਾ ਚਾਹੀਦਾ ਹੈ ਕਿ ਭਵਿੱਖ ‘ਚ ਅਜਿਹੀ ਮੰਦਭਾਗੀ ਘਟਨਾ ਪੰਜਾਬ ਦੀ ਪਵਿੱਤਰ ਤੇ ਸਰਬੱਤ ਦਾ ਭਲਾ ਮੰਗਣ ਵਾਲੀ ਧਰਤੀ ਤੇ ਨਾਂਹ ਵਾਪਰੇ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.