ਪਲਵਿੰਦਰ ਸਿੰਘ ਢੁੱਡੀਕੇ,ਲੁਧਿਆਣਾ : ਸ਼ਨਿੱਚਰਵਾਰ ਨੂੰ ਲੋਕ ਮੰਚ ਪੰਜਾਬ ਵੱਲੋਂ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਸਹਿਯੋਗ ਨਾਲ ਪੰਜਾਬੀ ਭਵਨ ਵਿਖੇ ਵਿਸ਼ੇਸ਼ ਸਨਮਾਨ ਸਮਾਰੋਹ ਕਰਵਾਇਆ ਗਿਆ। ਸਮਾਰੋਹ ਦੇ ਮੁੱਖ ਮਹਿਮਾਨ ਪ੍ਰੋਗਰਾਮ ਮੁਖੀ ਦੂਰਦਰਸ਼ਨ ਕੇਂਦਰ ਜਲੰਧਰ ਪੁਨੀਤ ਸਹਿਗਲ ਸਨ ਜਦ ਕਿ ਸਮਾਰੋਹ ਦਾ ਉਦਘਾਟਨ ਪਦਮ ਸ੍ਰੀ ਸੁਰਜੀਤ ਪਾਤਰ ਵੱਲੋਂ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਪ੍ਰੋ.ਗੁਰਭਜਨ ਸਿੰਘ ਗਿੱਲ ਨੇ ਕੀਤੀ। ਇਸ ਮੌਕੇ ਸ੍ਰੋਮਣੀ ਗਾਇਕ ਪਾਲੀ ਦੇਤਵਾਲੀਆ ਨੂੰ ਨੰਦ ਲਾਲ ਨੂਰਪੁਰੀ ਪੁਰਸਕਾਰ ਪ੍ਰਦਾਨ ਕੀਤਾ ਗਿਆ। ਡਾ.ਗੁਰਇਕਬਾਲ ਸਿੰਘ ਨੇ ਪਾਲੀ ਦੇਤਵਾਲੀਆ ਦੀ ਸ਼ਖਸੀਅਤ ਅਤੇ ਪੰਜਾਬੀ ਗੀਤਕਾਰੀ ਬਾਰੇ ਚਾਨਣਾ ਪਾਇਆ। ਇਸ ਪਿੱਛੋਂ ਡਾ.ਨਿਰਮਲ ਜੌੜਾ ਨੇ ਪਾਲੀ ਦੇਤਵਾਲੀਆ ਨੂੰ ਭੇਟ ਕੀਤਾ ਜਾਣ ਵਾਲਾ ਸ਼ੋਭਾ ਪੱਤਰ ਪੜਿਆ।

ਇਸ ਮੌਕੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ.ਲਖਵਿੰਦਰ ਸਿੰਘ ਜੌਹਲ ਨੇ ਕਿਹਾ ਕਿ ਪੰਜਾਬੀ ਸਭਿਆਚਾਰ ਦੀ ਸੇਵਾ ਕਰਨ ਵਾਲੀਆਂ ਸ਼ਖਸੀਅਤਾਂ ਨੂੰ ਉਤਸ਼ਾਹਤ ਕਰਨਾ ਸ਼ਲਾਘਾਯੋਗ ਕਾਰਜ ਹੈ। ਉਨ੍ਹਾਂ ਪਾਲੀ ਦੇਤਵਾਲੀਆ ਦੇ ਨਾਲ ਨਾਲ ਪ੍ਰੋ.ਗੁਰਭਜਨ ਗਿੱਲ ਦਾ ਵੀ ਜ਼ਿਕਰ ਕੀਤਾ ਜਿੰਨ੍ਹਾਂ ਨੂੰ ਪਿਛਲੇ ਵਰ੍ਹੇ ਪਹਿਲਾ ਨੰਦ ਲਾਲ ਨੂਰਪੁਰੀ ਪੁਰਸਕਾਰ ਦਿੱਤਾ ਗਿਆ ਸੀ। ਇਸ ਮੌਕੇ ਪਾਲੀ ਨੂੰ ਮੁਬਾਰਕਵਾਦ ਦਿੰਦੇ ਹੋਏ ਪ੍ਰੋ.ਗੁਰਭਜਨ ਗਿੱਲ ਨੇ ਖੁਲਾਸਾ ਕੀਤਾ ਕਿ ਉਹਨਾਂ ਦੇ ਲਿਖੇ ਅਤੇ ਪਾਲੀ ਦੇ ਗਾਏ ਗੀਤ ਰਿਕਾਰਡ ਹੋਣ ਪਿੱਛੋਂ ਉਨ੍ਹਾਂ ਨੂੰ ਵਧੇਰੇ ਚੰਗੇ ਲੱਗਣ ਲੱਗੇ। ਇਸ ਮੌਕੇ ਪਦਮ ਸ੍ਰੀ ਸੁਰਜੀਤ ਪਾਤਰ ਨੇ ਇਨਾਮ ਦੇ ਰੁਤਬੇ ਦੀ ਗੱਲ ਕੀਤੀ। ਪਾਲੀ ਦੇਤਵਾਲੀਆ ਨੂੰ ਐਵਾਰਡ ਮਿਲਣ ਤੇ ਵਧਾਈ ਦਿੰਦੇ ਹੋਏ ਪਾਤਰ ਨੇ ਕਿਹਾ ਕਿ ਆਪਣੀ ਕਲਾ ਸਦਕਾ ਪਾਲੀ ਨੇ ਗੀਤਕਾਰੀ ਅਤੇ ਗਾਇਕੀ ਦੇ ਖੇਤਰ ਵਿੱਚ ਲੰਬਾ ਸਫਰ ਤਹਿ ਕੀਤਾ ਹੈ।

‘ਪੰਜਾਬੀ ਜਾਗਰਣ’ ਨਾਲ ਗੱਲ ਕਰਦੇ ਹੋਏ ਮਾਲਵਾ ਸਭਿਆਚਾਰਕ ਮੰਚ ਦੇ ਚੇਅਰਮੈਨ ਕੇਕੇ ਬਾਵਾ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਬਜ਼ੁਰਗ ਕਲਾਕਾਰਾਂ ਨੂੰ ਪੈਂਨਸ਼ਨ ਦੇਵੇ ਜਿਸ ਦੇ ਮੁੱਖ ਮੰਤਰੀ ਖੁਦ ਕਲਾ ਨਾਲ ਜੁੜੇ ਰਹੇ ਹਨ। ਸਮਾਗਮ ਦੀ ਸਮਾਪਤੀ ਤੇ ਲੋਕ ਮੰਚ ਪੰਜਾਬ ਦੇ ਪ੍ਰਧਾਨ ਸੁਰਿੰਦਰ ਸਿੰਘ ਸੁੰਨੜ ਵੱਲੋਂ ਆਈਆਂ ਹੋਈਆਂ ਸਮੂਹ ਸ਼ਖਸੀਅਤਾਂ ਦਾ ਧੰਨਵਾਦ ਕੀਤਾ ਗਿਆ।

ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਪ੍ਰੋ.ਰਵਿੰਦਰ ਸਿੰਘ ਭੱਠਲ, ਬਲਬੀਰ ਮਾਨ, ਬਲਵਿੰਦਰ ਮੋਹੀ, ਸਰਬਜੀਤ ਸਿੰਘ ਵਿਰਦੀ, ਕੁਲਵਿੰਦਰ ਕੌਰ ਕਿਰਨ, ਸਿਮਰਨ ਧੁੱਗਾ, ਸੁਖਵਿੰਦਰ ਸੁੱਖੀ, ਗਿੱਲ ਨੱਥੋਹੇੜੀ, ਕਰਮਦੀਪ ਵਿਰਦੀ, ਸੁੱਖ ਚਮਕੀਲਾ, ਅਸ਼ਵਨੀ ਜੇਤਲੀ, ਅਸ਼ਵਨੀ ਵਰਮਾ, ਰਵਿੰਦਰ ਰਵੀ, ਸਰਵਜੀਤ ਚਿਮਟੇ ਵਾਲੀ, ਕਹਾਣੀਕਾਰਾ ਅਤੇ ਪੰਜਾਬੀ ਭਵਨ ਦੀ ਦਫਤਰ ਇੰਚਾਰਜ ਸੁਰਿੰਦਰ ਦੀਪ, ਜਸਮੇਰ ਢੱਟ, ਸੋਹਣ ਸਿਕੰਦਰ, ਪਰਗਟ ਖਾਨ, ਜਗਦੇਵ ਖਾਨ, ਰਾਜੂ ਕੁਲਚਿਆਂ ਵਾਲਾ, ਅਮਰਜੀਤ ਸ਼ੇਰਪੁਰੀ, ਦੀਪ ਲੁਧਿਆਣਵੀ, ਵੀਰ ਸੁਖਵੰਤ, ਨਰਿੰਦਰ ਨੂਰ, ਬਲਕੌਰ ਗਿੱਲ, ਸੁਰੇਸ਼ ਯਮਲਾ, ਸੁਰਿੰਦਰ ਬਾੜਾ, ਗੁਰਪ੍ਰੀਤ ਸਿੰਘ ਸੋਹਲ, ਪਰਮਜੀਤ ਕੌਰ ਮਹਿਕ, ਰਾਜਦੀਪ ਸਿੰਘ ਤੂਰ, ਗੁਲਜਾਰ ਸਿੰਘ ਪੰਧੇਰ, ਕਰਨੈਲ ਸਿਵੀਆ, ਕਮਲਜੀਤ ਨੀਲੋਂ ਅਤੇ ਸੇਵਾ ਸਿੰਘ ਨੌਰਥ ਆਦਿ ਹਾਜ਼ਰ ਸਨ।

ਪੁਰਸਕਾਰ ਨੇ ਵਧਾਈ ਹੋਰ ਜ਼ਿੰਮੇਵਾਰੀ : ਪਾਲੀ ਦੇਤਵਾਲੀਆ

ਪੁਰਸਕਾਰ ਦੇਣ ਲਈ ਪ੍ਰਬੰਧਕਾਂ ਦਾ ਧੰਨਵਾਦ ਕਰਦੇ ਹੋਏ ਸ੍ਰੋਮਣੀ ਗਾਇਕ ਪਾਲੀ ਦੇਤਵਾਲੀਆ ਨੇ ਕਿਹਾ ਕਿ ਅੱਜ ਮਿਲੇ ਨੰਦ ਲਾਲ ਨੂਰਪੁਰੀ ਪੁਰਸਕਾਰ ਨੇ ਉਹਨਾਂ ਦੀ ਜਿੰਮੇਵਾਰੀ ਨੂੰ ਹੋਰ ਵਧਾ ਦਿੱਤਾ ਹੈ। ਪਾਲੀ ਨੇ ਨਾਲ ਹੀ ਭਰੋਸਾ ਦਵਾਇਆ ਕਿ ਉਹ ਪਰਿਵਾਰਕ ਅਤੇ ਸਭਿਆਚਾਰਕ ਗੀਤ ਲਿਖਣ ਅਤੇ ਗਾਉਣ ਦਾ ਇਹ ਸਫਰ ਨਿਰੰਤਰ ਜਾਰੀ ਰੱਖਣਗੇ। ਸਭ ਦੀ ਫਰਮਾਇਸ਼ ਤੇ ਪਾਲੀ ਨੇ ਕਦੇ ਧੀਆਂ ਨੂੰ ਵੀ ਕਿਹਾ ਕਰੋ ਜਿਊਣ ਜੋਗੀਆਂ ਅਤੇ ਚਾਲੀ ਪਿੰਡਾਂ ਦੀ ਜਮੀਨ ਲੁਧਿਆਣਾ ਖਾ ਗਿਆ ਗੀਤਾਂ ਦੀਆਂ ਕੁੱਝ ਸਤਰਾਂ ਵੀ ਸਰੋਤਿਆਂ ਦੇ ਰੂਬਰੂ ਕੀਤੀਆਂ।