ਕੁਲਵਿੰਦਰ ਸਿੰਘ ਰਾਏ, ਖੰਨਾ : ਸ਼ਹਿਰ ’ਚ ਭਾਵੇਂ ਪੁਲਿਸ ਵੱਲੋਂ ਚੱਪੇ-ਚੱਪੇ ’ਤੇ ਤਾਇਨਾਤ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਅਣਪਛਾਤੇ ਲੁਟੇਰਿਆਂ ਵੱਲੋਂ ਬੇਖ਼ੋਫ ਹੋ ਕੇ ਸ਼ਹਿਰ ’ਚ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਬੀਤੇ ਕੁਝ ਦਿਨਾਂ ’ਚੋ ਦੋ ਵੱਡੀਆਂ ਵਾਰਦਾਤਾਂ ਨੂੰ ਲੁਟੇਰੇ ਅੰਜਾਮ ਦੇ ਚੁੱਕੇ ਹਨ। ਜਿਸ ਤਹਿਤ ਬੀਤੀ ਰਾਤ ਸਮਰਾਲਾ ਰੋਡ ’ਤੇ ਸਥਿਤ ਸਾਹਿਲ
ਮੈਡੀਕਲ ਸਟੋਰ ਦੀ ਮਾਲਕ ਇੱਕ ਮਹਿਲਾ ਦੁਕਾਨਦਾਰ ਤੋਂ ਲੁਟੇਰਿਆਂ ਨੇ ਹਥਿਆਰਾਂ ਦੀ ਨੋਕ ’ਤੇ ਨਕਦੀ ਤੇ ਗਹਿਣੇ ਲੁੱਟ ਲਏ ਤੇ ਵਾਰਦਾਤ ਨੂੰ ਅੰਜਾਮ ਦੇ ਕੇ ਅਰਾਮ ਨਾਲ ਫ਼ਰਾਰ ਹੋ ਗਏ। ਮੁਲਜ਼ਮਾਂ ਵੱਲੋਂ ਕਰੀਬ 17 ਹਜ਼ਾਰ ਰੁਪਏ ਤੇ ਸੋਨੇ ਦੀ ਚੈਨੀ ਲੁੱਟ ਲਈ ਗਈ। ਮੁਲਜ਼ਮਾਂ ਦੀਆਂ ਤਸਵੀਰਾਂ ਸੀਸੀਟੀਵੀ ’ਚ ਕੈਦ ਹੋ ਗਈਆਂ ਹਨ। ਉਹ ਰੇਲਵੇ ਲਾਈਨਾਂ ਵੱਲੋਂ ਦੁਕਾਨ ਦੇ ਅੰਦਰ ਆਏ ਹਨ ਤੇ ਕੁਝ ਮਿੰਟਾਂ ’ਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਲਾਈਨਾਂ ਵੱਲ ਨੂੰ ਫਿਰ ਚਲੇ ਗਏ।
ਪੁਲਿਸ ਵੱਲੋਂ ਦੁਕਾਨ ਦੀ ਮਾਲਕ ਮਹਿਲਾ ਮਹਿਨਾਜ ਪਤਨੀ ਸਾਹਿਲ ਵਾਸੀ, ਨਵੀਂ ਅਬਾਦੀ, ਮਣਕੂ ਸਟਰੀਟ ਸਮਰਾਲਾ ਰੋਡ ਖੰਨਾ ਦੀ ਸ਼ਿਕਾਇਤ ਤੋਂ ਬਾਅਦ ਅਣਪਛਾਤਿਆਂ ਖ਼ਿਲਾਫ਼ ਧਾਰਾ 379-ਬੀ, 25-54-59 ਆਰਮਜ਼ ਐਕਟ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਕੋਲ ਦਰਜ ਕਰਵਾਈ ਰਿਪੋਰਟ ਰਾਹੀਂ ਮਹਿਨਾਜ ਨੇ ਦੱਸਿਆ ਕਿ ਉਹ ਆਪਣੇ ਪਤੀ ਦੀ ਮੌਤ ਤੋਂ ਬਾਅਦ ਮੈਡੀਕਲ ਦੀ ਦੁਕਾਨ ਸਮਰਾਲਾ ਰੋਡ ਖੰਨਾ ਵਿਖੇ ਚਲਾਉਂਦੀ ਹੈ। ਬੀਤੀ ਜਾਣ ਕਰੀਬ 8:45 ਵਜੇ ਉਹ ਆਪਣੀ ਦੁਕਾਨ ਅੰਦਰ ਬੈਠੀ ਸੀ ਤਾਂ ਉਸਦੀ ਦੁਕਾਨ ਅੰਦਰ ਦੋ ਨਾ ਮਲੂਮ ਵਿਅਕਤੀ ਆਏ। ਜਿਹਨਾਂ ਦੇ ਮੂੰਹ ਕੱਪੜੇ ਨਾਲ ਢੱਕੇ ਹੋਏ ਸਨ। ਇੱਕ ਕੋਲ ਪਿਸਤੌਲਨੁਮਾ ਹਥਿਆਰ ਅਤੇ ਦੂਜੇ ਕੋਲ ਲੋਹੇ ਦਾ ਦਾਹ ਸੀ। ਜਿਹਨਾਂ ਨੇ ਆਉਂਦੇ ਸਾਰ ਉਸਦਾ ਪਰਸ ਖੋਹ ਕੇ ਉਸ ’ਚੋਂ ਕਰੀਬ 8000 ਰੁਪਏ ਨਕਦੀ ਕੱਢ ਲਈ ਤੇ ਉਸਦੇ ਗਲੇ ’ਚ ਪਾਈ ਸੋਨੇ ਦੀ ਚੇਨ ਧੱਕੇ ਨਾਲ ਖਿੱਚ ਲਈ। ਉਸ ਸਮੇਂ ਦੁਕਾਨ ਦੇ ਗੱਲੇ ’ਚ ਪਈ ਨਕਦੀ ਕਰੀਬ 9000 ਰੁਪਏ ਵੀ ਕੱਢ ਕੇ ਲੈ ਗਏ। ਮੁਲਜ਼ਮਾਂ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈਆਂ ਹਨ। ਮਹਿਲਾਂ ਵੱਲੋਂ ਇਸ ਲੁੱਟ ਦੀ ਵਾਰਦਾਤ ਨੂੰ ਸੂਚਨਾ ਪੁਲਿਸ ਨੂੰ ਦਿੱਤੀ ਗਈ ਤੇ ਪੁਲਿਸ ਵੱਲੋਂ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਗਈ। ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


