ਪਲਵਿੰਦਰ ਸਿੰਘ ਢੁੱਡੀਕੇ,ਲੁਧਿਆਣਾ : ਬੀਤੇ ਦਿਨ ਪੀਏਯੂ ‘ਚ ਜਾਰੀ ਯੁਵਕ ਮੇਲੇ ‘ਚ ਕਰਵਾਏ ਮੁਕਾਬਲਿਆਂ ਦੀ ਲੜੀ ‘ਚ ਲੋਕ ਨਾਚ, ਮਾਈਮ, ਭੰਡ, ਮੋਨੋ ਐਕਟਿੰਗ ਤੇ ਇਕ ਝਾਕੀ ਨਾਟਕ ਪ੍ਰਮੁੱਖ ਰਹੇ। ਇਨ੍ਹਾਂ ਮੁਕਾਬਲਿਆਂ ‘ਚ ਯੂਨੀਵਰਸਿਟੀ ਦੇ ਕਲਾਕਾਰਾਂ ਨੇ ਆਪਣੀ ਲੋਕ ਨਾਚ ਪ੍ਰਤਿਭਾ ਤੇ ਅਦਾਕਾਰੀ ਦਾ ਜਲਵਾ ਪੇਸ਼ ਕੀਤਾ। ਮੁਕਾਬਲਿਆਂ ਦੇ ਮੁੱਖ ਮਹਿਮਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੰਜਾਬ ਕਿਸੇ ਨਕਸ਼ੇ ਦਾ ਨਾਂ ਨਹੀਂ ਸੀ, ਬਲਕਿ ਪੰਜਾਬ ਇਹ ਹੈ ਜੋ ਨੱਚਦਾ, ਟੱਪਦਾ, ਗਾਉਂਦਾ, ਹੱਸਦਾ ਯੁਵਕ ਮੇਲਿਆਂ ‘ਚ ਸਾਕਾਰ ਹੁੰਦਾ ਹੈ।

ਪੀਏਯੂ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਇਸ ਮੌਕੇ ਆਪਣੇ ਭਾਸ਼ਣ ਵਿੱਚ ਦੱਸਿਆ ਕਿ ਪੀਏਯੂ ਦੇ ਡਾਇਮੰਡ ਜੁਬਲੀ ਵਰ੍ਹੇ ਦਾ ਇਹ ਯੁਵਕ ਮੇਲਾ ਵਿਸ਼ੇਸ਼ ਮਹੱਤਵ ਵਾਲਾ ਹੈ। ਉਨ੍ਹਾਂ ਇਸ ਮੌਕੇ ਐਲਾਨ ਕੀਤਾ ਕਿ ਮਾਰਚ ਦੇ ਪਹਿਲੇ ਹਫ਼ਤੇ ਰਾਸ਼ਟਰੀ ਯੁਵਕ ਮੇਲਾ ਪੀਏਯੂ ‘ਚ ਕਰਵਾਇਆ ਜਾਵੇਗਾ ਜਿਸ ‘ਚ ਦੇਸ਼ ਭਰ ਤੋਂ ਹਜ਼ਾਰਾਂ ਦੀ ਗਿਣਤੀ ‘ਚ ਵਿਦਿਆਰਥੀ ਤੇ ਉਨ੍ਹਾਂ ਦੇ ਨਿਗਰਾਨ ਭਾਗ ਲੈਣਗੇ।

ਡਾ. ਗੋਸਲ ਨੇ ਕਿਹਾ ਕਿ ਭਾਵੇਂ ਪੀਏਯੂ ਖੇਤੀ ਵਿਗਿਆਨ ਤੇ ਖੋਜ ਨਾਲ ਸਬੰਧਿਤ ਸੰਸਥਾ ਹੈ ਪਰ ਇਸ ਨੇ ਪੰਜਾਬੀ ਸੱਭਿਆਚਾਰ ਦੀ ਸੇਵਾ ਕਰਨ ‘ਚ ਹੋਰ ਸੰਸਥਾਵਾਂ ਨਾਲੋਂ ਵੀ ਮੋਹਰੀ ਭੂਮਿਕਾ ਨਿਭਾਈ ਹੈ। ਡਾ. ਗੋਸਲ ਨੇ ਮੁਕਾਬਲਿਆਂ ‘ਚ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਪ੍ਰਸ਼ੰਸ਼ਾ ਕਰਦਿਆਂ ਉਨ੍ਹਾਂ ਨੂੰ ਬਿਨਾਂ ਜਿੱਤ-ਹਾਰ ਦੀ ਭਾਵਨਾ ਤੋਂ ਹਿੱਸਾ ਲੈਣ ਲਈ ਪੇ੍ਰਿਤ ਕੀਤਾ। ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਦੱਸਿਆ ਕਿ ਇਸ ਯੁਵਕ ਮੇਲੇ ‘ਚ ਪੀਏਯੂ ਦੇ ਪੰਜ ਕੈਂਪਸ ਕਾਲਜਾਂ ਤੋਂ ਇਲਾਵਾ ਖੇਤੀਬਾੜੀ ਕਾਲਜ ਬੱਲੋਵਾਲ ਸੌਂਖੜੀ ਅਤੇ ਬਠਿੰਡਾ ਅਤੇ ਗੁਰਦਾਸਪੁਰ ਦੇ ਖੇਤੀ ਸੰਸਥਾਨ ਭਾਗ ਲੈ ਰਹੇ ਹਨ। ਸਮਾਰੋਹ ‘ਚ ਪੀਏਯੂ ਦੇ ਉੱਚ ਅਧਿਕਾਰੀ, ਅਧਿਆਪਨ, ਗ਼ੈਰ ਅਧਿਆਪਨ ਅਮਲਾ ਤੇ ਵਿਦਿਆਰਥੀ ਵੱਡੀ ਗਿਣਤੀ ‘ਚ ਸ਼ਾਮਿਲ ਸਨ।

====

-ਇੰਝ ਰਹੇ ਵੱਖ-ਵੱਖ ਮੁਕਾਬਲਿਆਂ ਦੇ ਨਤੀਜੇ

ਮੁਕਾਬਲਿਆਂ ‘ਚ ਸੋਲੋ ਨਾਚ ਦੇ ਮੁਕਾਬਲਿਆਂ ‘ਚ ਕਮਿਊਨਿਟੀ ਸਾਇੰਸ ਕਾਲਜ ਦੀ ਸੇ੍ਆ ਪਹਿਲੇ ਸਥਾਨ ‘ਤੇ, ਬਾਗ਼ਬਾਨੀ ਤੇ ਜੰਗਲਾਤ ਕਾਲਜ ਦੀ ਨਵਪ੍ਰਰੀਤ ਕੌਰ ਦੂਜੇ ਸਥਾਨ ‘ਤੇ ਤੇ ਖੇਤੀ ਇੰਜਨੀਅਰਿੰਗ ਕਾਲਜ ਦੀ ਕਸ਼ਿਸ਼ ਤੀਜੇ ਸਥਾਨ ‘ਤੇ ਰਹੀ। ਲੋਕ ਗੀਤ ਦੇ ਮੁਕਾਬਲਿਆਂ ‘ਚ ਖੇਤੀਬਾੜੀ ਕਾਲਜ ਦੇ ਰਾਜਬੀਰ ਸਿੰਘ ਤੇ ਅਜੈਪ੍ਰਰੀਤ ਸਿੰਘ ਪਹਿਲੇ ਅਤੇ ਦੂਜੇ ਸਥਾਨ ‘ਤੇ ਰਹੇ ਜਦ ਕਿ ਤੀਜਾ ਸਥਾਨ ਕਮਿਊਨਿਟੀ ਸਾਇੰਸ ਕਾਲਜ ਦੀ ਗੁਰਲੀਨ ਕੌਰ ਨੂੰ ਪ੍ਰਰਾਪਤ ਹੋਇਆ। ਪੱਛਮੀ ਸੋਲੋ ਗੀਤ ਦੇ ਮੁਕਾਬਲਿਆਂ ‘ਚ ਕਮਿਊਨਿਟੀ ਸਾਇੰਸ ਕਾਲਜ ਦੀ ਗੁਰਲੀਨ ਕੌਰ ਪਹਿਲੇ ਸਥਾਨ ‘ਤੇ ਰਹੀ। ਖੇਤੀਬਾੜੀ ਕਾਲਜ ਦੀ ਦਿਵਿਆ ਜੋਤੀ ਦੂਜੇ ਤੇ ਖੇਤੀ ਇੰਜਨੀਅਰਿੰਗ ਕਾਲਜ ਦੀ ਜ਼ੀਨਤ ਨਜੀਬ ਤੀਸਰੇ ਸਥਾਨ ‘ਤੇ ਰਹੀ। ਪੱਛਮੀ ਗੀਤ ਸਮੂਹ ਵਿੱਚ ਪਹਿਲਾ ਸਥਾਨ ਕਮਿਊਨਿਟੀ ਸਾਇੰਸ ਕਾਲਜ ਨੂੰ, ਦੂਜਾ ਖੇਤੀਬਾੜੀ ਕਾਲਜ ਨੂੰ ਅਤੇ ਤੀਜਾ ਖੇਤੀ ਇੰਜੀਨੀਅਰਿੰਗ ਕਾਲਜ ਨੂੰ ਮਿਲਿਆ। ਲਾਈਟ ਵੋਕਲ ਸੋਲੋ ‘ਚ ਖੇਤੀਬਾੜੀ ਕਾਲਜ ਦੀ ਬਲਿਹਾਰ ਕੌਰ ਅਤੇ ਗੀਤਾਂਜਲੀ ਕ੍ਰਮਵਾਰ ਪਹਿਲੇ ਤੇ ਦੂਜੇ ਸਥਾਨ ‘ਤੇ ਰਹੀਆਂ। ਕਮਿਊਨਿਟੀ ਸਾਇੰਸ ਕਾਲਜ ਦੇ ਜਸਕੀਰਤ ਸਿੰਘ ਤੀਜੇ ਸਥਾਨ ‘ਤੇ ਰਹੇ। ਭਾਰਤੀ ਸਮੂਹ ਗਾਨ ਮੁਕਾਬਲੇ ‘ਚ ਖੇਤੀਬਾੜੀ ਕਾਲਜ, ਕਮਿਊਨਿਟੀ ਸਾਇੰਸ ਕਾਲਜ ਤੇ ਬੇਸਿਕ ਸਾਇੰਸਜ਼ ਕਾਲਜ ਨੂੰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਰਾਪਤ ਹੋਇਆ।