ਸੰਜੀਵ ਗੁਪਤਾ, ਜਗਰਾਓਂ : ਸਥਾਨਕ ਸੀਆਈਏ ਸਟਾਫ ਦੀ ਪੁਲਿਸ ਨੇ ਮੇਰਠ ਤੋਂ ਡੇਢ ਕਿੱਲੋ ਅਫੀਮ ਦੀ ਸਪਲਾਈ ਦੇਣ ਆਏ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ।
ਐੱਸਐੱਸਪੀ ਨਵਨੀਤ ਸਿੰਘ ਬੈਂਸ ਨੇ ਦੱਸਿਆ ਜਗਰਾਓਂ ਸੀਆਈਏ ਸਟਾਫ ਦੇ ਮੁਖੀ ਇੰਸਪੈਕਟਰ ਹੀਰਾ ਸਿੰਘ ਦੀ ਜੇਰੇ ਨਿਗਰਾਨੀ ਹੇਠ ਸਬ ਇੰਸਪੈਕਟਰ ਗੁਰਸੇਵਕ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਗਸ਼ਤ ਦੌਰਾਨ ਸ਼ੇਰਪੁਰ ਚੌਕ ਜਗਰਾਓਂ ਮੌਜੂਦ ਸੀ, ਜਿਸ ਨੇ ਮੁਖਬਰ ਦੀ ਸੂਚਨਾ ‘ਤੇ ਜਗਰਾਓਂ ਦੇ ਸਿੱਧਵਾਂ ਬੇਟ ਰੋਡ ਟਰੱਕ ਯੂਨੀਅਨ ਨੇੜੇ ਡਰੇਨ ਪੁਲ਼ ‘ਤੇ ਖੜ੍ਹੇ ਵਿਅਕਤੀ ਨੂੰ ਸ਼ੱਕ ਦੇ ਆਧਾਰ ‘ਤੇ ਉਸ ਦੇ ਹੱਥ ਵਿਚ ਫੜੇ ਲਿਫਾਫੇ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ ਡੇਢ ਕਿੱਲੋ ਅਫੀਮ ਬਰਾਮਦ ਹੋਈ ਜਿਸ ‘ਤੇ ਸੁਭਾਸ਼ ਚੰਦ ਪੁੱਤਰ ਜਸਵੰਤ ਸਿੰਘ ਵਾਸੀ ਮੇਰਠ ਨੂੰ ਗਿ੍ਫ਼ਤਾਰ ਕਰ ਲਿਆ।
ਉਨ੍ਹਾਂ ਦੱਸਿਆ ਸੁਭਾਸ਼ ਬਾਹਰਲੇ ਸੂਬਿਆਂ ਤੋਂ ਅਫੀਮ ਲਿਆ ਕੇ ਜਗਰਾਓਂ ‘ਚ ਸਪਲਾਈ ਕਰਦਾ ਆ ਰਿਹਾ ਹੈ। ਸਬ ਇੰਸਪੈਕਟਰ ਗੁਰਸੇਵਕ ਸਿੰਘ ਨੇ ਦੱਸਿਆ ਕਿ ਗਿ੍ਫ਼ਤਾਰ ਕੀਤੇ ਸੁਭਾਸ਼ ਨੂੰ ਅਦਾਲਤ ਪੇਸ਼ ਕਰਕੇ ਉਸ ਦਾ ਦੋ ਦਿਨ ਦਾ ਰਿਮਾਂਡ ਹਾਸਲ ਕਰ ਲਿਆ ਹੈ।


