ਭਾਰਤ ਦੇਸ਼ ਦੇ ਨੌਜਵਾਨਾਂ ਦਾ ਭਾਰਤ ਤੋਂ ਮੋਹ ਭੰਗ ਵਿਦੇਸ਼ਾਂ ‘ਚ ‘ਭੱਜਣ’ ਦਾ ਵਧਿਆ ਰੁਝਾਨ
”ਨੌਜਵਾਨ ਸ਼ਕਤੀ ਹੀ ਕਿਸੇ ੀ ਦੇਸ਼ ਦੀ ਸਭ ਤੋਂ ਵੱਡੀ ਤਾਕਤ ਹੁੰਦੀ ਹੈ” ਪਰ ਇਸ ਤਾਕਤ ਨੂੰ ਸਹੀ ਦਿਸ਼ਾ ਦੇਣਾ ਅਤੇ ਸੰਭਾਲ ਕੇ ਰੱਖਣਾ ਦੇਸ਼ ਦੇ ਕਰਤਿਆਂ-ਧਰਤਿਆਂ ਤੇ ਨੇਤਾਵਾਂ ਦੀ ਜ਼ਿੰਮੇਵਾਰੀ ਹੈ।
ਭਾਰਤ ਦੀ 130 ਕਰੋੜ ਆਬਾਦੀ ‘ਚ 26 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਨੌਜਵਾਨ ਮੁੰਡਿਆਂ-ਕੁੜੀਆਂ ਦੀ ਗਿਣਤੀ 50 ਫੀਸਦੀ ਦੇ ਲੱਗਭਗ ਹੈ ਪਰ ਇਨ੍ਹਾਂ ‘ਚੋਂ ਵੱਡੀ ਗਿਣਤੀ ‘ਚ ਨੌਜਵਾਨ ਨਿਰਾਸ਼ ਹੋ ਕੇ ਵਿਦੇਸ਼ ਜਾਣ ਬਾਰੇ ਸੋਚਣ ਲੱਗੇ ਹਨ।
ਵਿਦੇਸ਼ ਜਾਣ ਦੇ ਇਸ ਮੋਹ ਪਿੱਛੇ ਮੁੱਖ ਕਾਰਨਾਂ ‘ਚ ਬੇਰੋਜ਼ਗਾਰੀ, ਪੱਖਪਾਤ, ਵਿਤਕਰਾ, ਅਣਦੇਖੀ, ਅਸਲੀ ਪ੍ਰਤਿਭਾਵਾਂ ਦਾ ਨਿਰਾਦਰ, ਆਪਣੇ ਹੀ ਦੇਸ਼ ‘ਚ ਤਰੱਕੀ ਦੀਆਂ ਘੱਟ ਸੰਭਾਵਨਾਵਾਂ ਦਾ ਹੋਣਾ ਅਤੇ ਉੱਤਮ ਭਵਿੱਖ ਦੀ ਲਾਲਸਾ ਹੈ।
ਵਿਦੇਸ਼ਾਂ ‘ਚ ਬਿਹਤਰ ਭਵਿੱਖ ਅਤੇ ਆਧੁਨਿਕ ਸੁੱਖ- ਸਹੂਲਤਾਂ ਕਾਰਨ ਹਰ ਸਾਲ 2 ਲੱਖ ਨੌਜਵਾਨ ਜਾਇਜ਼-ਨਾਜਾਇਜ਼ ਤਰੀਕਿਆਂ ਨਾਲ ਉਥੇ ਪਹੁੰਚਣ ਦੀ ਕੋਸ਼ਿਸ਼ ਕਰਦੇ ਹਨ। ਵਿਦੇਸ਼ ਜਾਣ ਦਾ ਜਨੂੰਨ ਲੋਕਾਂ ਦੇ ਸਿਰ ਇਸ ਤਰ੍ਹਾਂ ਚੜ੍ਹ ਚੁੱਕਾ ਹੈ ਕਿ ਕਈ ਮਾਮਲਿਆਂ ‘ਚ ਭੈਣ-ਭਰਾ ‘ਵਿਆਹ’ ਕਰਵਾ ਕੇ ‘ਨਕਲੀ ਪਤੀ-ਪਤਨੀ’ ਤਕ ਬਣ ਕੇ ਵਿਦੇਸ਼ ਜਾਂਦੇ ਫੜੇ ਗਏ ਹਨ। ਕੁਝ ਮਾਮਲਿਆਂ ‘ਚ ਐੱਨ. ਆਰ. ਆਈ. ਰਿਸ਼ਤੇਦਾਰਾਂ ਨੇ ‘ਆਪਣਿਆਂ ਜਾਂ ਆਪਣੀਆਂ’ ਨਾਲ ਵਿਆਹ ਕਰ ਕੇ ਉਨ੍ਹਾਂ ਨੂੰ ਵਿਦੇਸ਼ ਪਹੁੰਚਾ ਦਿੱਤਾ ਹੈ।
ਮੈਨੇਜਮੈਂਟ ਕੋਰਸ, ਕੰਪਿਊਟਰ ਤੇ ਹੋਰ ਤਕਨੀਕੀ ਸਿੱਖਿਆ ਪ੍ਰਾਪਤ ਨੌਜਵਾਨ ਖਾਸ ਤੌਰ ‘ਤੇ ਯੂਰਪੀ ਦੇਸ਼ਾਂ ਇੰਗਲੈਂਡ, ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਆਦਿ ‘ਚ ਵਸਣ ਲਈ ਉਤਾਵਲੇ ਹੋ ਰਹੇ ਹਨ ਤਾਂ ਮਿਹਨਤ-ਮਜ਼ਦੂਰੀ ਆਦਿ ਦੇ ਕੰਮ ਕਰਨ ਵਾਲੇ ਨੌਜਵਾਨਾਂ ਦਾ ਦੂਜਾ ਵਰਗ ਖਾੜੀ ਦੇ ਦੇਸ਼ਾਂ ਵੱਲ ਰੁਖ਼ ਕਰ ਰਿਹਾ ਹੈ।
ਭਾਰਤ ਦੀ ਨੌਜਵਾਨ ਸ਼ਕਤੀ ਦਾ ਆਪਣੇ ਹੀ ਦੇਸ਼ ਤੋਂ ਮੋਹ ਭੰਗ ਹੋਣ ਦਾ ਸਬੂਤ ਹੁਣੇ-ਹੁਣੇ ਇਕ ਰਾਸ਼ਟਰ-ਵਿਆਪੀ ਸਰਵੇਖਣ ‘ਚ ਸਾਹਮਣੇ ਆਇਆ ਹੈ, ਜਿਸ ਦੇ ਮੁਤਾਬਕ ਅੱਧੇ ਤੋਂ ਜ਼ਿਆਦਾ ਨੌਜਵਾਨ ਮੰਨਦੇ ਹਨ ਕਿ ਭਾਰਤ ਉਨ੍ਹਾਂ ਦਾ ‘ਅਨਿੱਖੜਵਾਂ ਹੋਮਲੈਂਡ’ ਨਹੀਂ ਹੈ ਤੇ ਉਨ੍ਹਾਂ ਨੂੰ ਭਾਰਤ ਤੋਂ ਇਲਾਵਾ ਕਿਸੇ ਹੋਰ ਦੇਸ਼ ‘ਚ ਰਹਿ ਕੇ ਜ਼ਿਆਦਾ ਖੁਸ਼ੀ ਹੋਵੇਗੀ।
15 ਸੂਬਿਆਂ ਦੇ ਰਾਜਧਾਨੀ ਸ਼ਹਿਰਾਂ ‘ਚ ਕਰਵਾਏ ਗਏ ਇਸ ਸਰਵੇ ‘ਚ ਸ਼ਾਮਿਲ ਤਿੰਨ-ਚੌਥਾਈ ਤੋਂ ਜ਼ਿਆਦਾ ਨੌਜਵਾਨਾਂ ਨੇ ਕਿਹਾ, ”ਜ਼ਿਆਦਾ ਤੋਂ ਜ਼ਿਆਦਾ ਅਸੀਂ ਭਾਰਤ ਨੂੰ ਸਵੀਕਾਰਯੋਗ ਦੇਸ਼ ਕਹਿ ਸਕਦੇ ਹਾਂ।” ਬਹੁਤੇ ਨੌਜਵਾਨਾਂ ਨੇ ਲਿੰਗਿਕ ਬਰਾਬਰੀ, ਰੋਜ਼ਗਾਰ, ਸਿੱਖਿਆ ਦੇ ਮੌਕੇ ਅਤੇ ਨੌਜਵਾਨਾਂ ਨੂੰ ਆਜ਼ਾਦੀ ਦੇ ਮਾਮਲੇ ‘ਚ ਭਾਰਤ ਨੂੰ ਘਟੀਆ ਦੱਸਿਆ।
ਇਸ ਸਰਵੇ ਮੁਤਾਬਕ ਨੌਜਵਾਨਾਂ ‘ਚ ਸਿਰਫ ਰਾਸ਼ਟਰੀਅਤਾ ਦੀ ਭਾਵਨਾ ਹੀ ਨਹੀਂ ਸਗੋਂ ਦੇਸ਼ ਪ੍ਰਤੀ ਸੱਚੇ ਚਿਰਸਥਾਈ ਪਿਆਰ ਦੀ ਧਾਰਨਾ ਵੀ ਕਮਜ਼ੋਰ ਹੋ ਗਈ ਹੈ। ਸਰਵੇ ‘ਚ ਸ਼ਾਮਿਲ ਨੌਜਵਾਨਾਂ ‘ਚੋਂ ਸਿਰਫ ਪੰਜਵੇਂ ਹਿੱਸੇ ਨੇ ਭਾਰਤ ਨਾਲ ਆਪਣਾ ਰਿਸ਼ਤਾ ਦੂਰ ਤਕ ਚੱਲਣ ਦੀ ਗੱਲ ਕਹੀ, ਜਦਕਿ ਅੱਧੇ ਤੋਂ ਜ਼ਿਆਦਾ ਨੌਜਵਾਨਾਂ ਅਨੁਸਾਰ ਭਾਰਤ ਨਾਲ ਉਨ੍ਹਾਂ ਦਾ ਰਿਸ਼ਤਾ ਬਹੁਤੀ ਦੂਰ ਤਕ ਨਹੀਂ ਨਿਭ ਸਕੇਗਾ।
ਇਥੇ ਹੀ ਬਸ ਨਹੀਂ, ਲੋਕਾਂ ‘ਚ ਬਹੁਤ ਜ਼ਿਆਦਾ ਨਿਰਾਸ਼ਾ ਪੈਦਾ ਹੋ ਰਹੀ ਹੈ। ਲੱਗਭਗ 66.1 ਫੀਸਦੀ ਔਰਤਾਂ ਤੇ 62.8 ਫੀਸਦੀ ਨੌਜਵਾਨਾਂ ਅਨੁਸਾਰ ਉਹ ਦੇਸ਼ ‘ਚ ਨੇੜਲੇ ਭਵਿੱਖ ਵਿਚ ‘ਕੁਝ ਚੰਗਾ ਹੋਣ’ ਦੀ ਉਮੀਦ ਗੁਆ ਬੈਠੇ ਹਨ। ਲੱਗਭਗ ਅੱਧੇ ਨੌਜਵਾਨਾਂ ਅਨੁਸਾਰ ਭਾਰਤ ਨੂੰ ਇਕ ਅਜਿਹੇ ‘ਸੁਪਰਮੈਨ’ ਦੀ ਲੋੜ ਹੈ, ਜਿਹੜਾ ਦੇਸ਼ ਦੇ ਹਾਲਾਤ ਠੀਕ ਕਰ ਸਕੇ।
ਪੱਛਮੀ ਦੇਸ਼ਾਂ ‘ਚ ਸੱਚਾਈ, ਸਫਾਈ, ਸਾਫਗੋਈ, ਵਚਨਬੱਧਤਾ, ਸਮਾਜਿਕ ਸੁਰੱਖਿਆ, ਨੌਕਰੀ ਮਿਲਦਿਆਂ ਹੀ ਨਾਮਾਤਰ ਵਿਆਜ ‘ਤੇ ਮਕਾਨ, ਗੱਡੀ ਤੇ ਜੀਵਨ ਲਈ ਉਪਯੋਗੀ ਹੋਰ ਚੀਜ਼ਾਂ ਦੀ ਉਪਲੱਬਧਤਾ ਲੋਕਾਂ ਨੂੰ ਉਥੇ ਹੀ ਵਸ ਜਾਣ ਲਈ ਪ੍ਰੇਰਿਤ ਕਰਦੀ ਹੈ।
ਬਜ਼ੁਰਗਾਂ ਲਈ ਇਲਾਜ ਸੰਬੰਧੀ ਦੇਖਭਾਲ, ਪੈਨਸ਼ਨ, ਸਮਾਜਿਕ ਸੁਰੱਖਿਆ, ਲੋੜ ਪੈਣ ‘ਤੇ ਸਹਾਇਤਾ, ਸਿੱਖਿਆ ਅਤੇ ਨੌਕਰੀ ਆਦਿ ‘ਚ ਕਿਸੇ ਵੀ ਤਰ੍ਹਾਂ ਦਾ ਵਿਤਕਰਾ ਨਾ ਹੋਣਾ ਵੀ ਇਸ ਦੀ ਇਕ ਵੱਡੀ ਵਜ੍ਹਾ ਹੈ।
ਵਿਦੇਸ਼ਾ ਵਿੱਚ ਵੱਡੇ ਤੋਂ ਵੱਡੇ ਅਮੀਰ ਲੋਕ ਵੀ ਉਥੇ ਆਪਣਾ ਕੰਮ ਖੁਦ ਕਰਨ ਤੋਂ ਨਹੀਂ ਝਿਜਕਦੇ, ਜਿਨ੍ਹਾਂ ਦੀ ਦੇਖਾ-ਦੇਖੀ ਬਾਕੀ ਲੋਕ ਵੀ ਉਹੋ ਜਿਹਾ ਹੀ ਆਚਰਣ ਕਰਦੇ ਹਨ ਤੇ ਇਨ੍ਹਾਂ ਹੀ ਖੂਬੀਆਂ ਕਾਰਨ ਸਾਡੇ ਨੌਜਵਾਨਾਂ ਦਾ ਆਪਣੇ ਦੇਸ਼ ਨਾਲੋਂ ਮੋਹ ਟੁੱਟ ਰਿਹਾ ਹੈ।
ਜੇ ਇਹ ਸਿਲਸਿਲਾ ਜਾਰੀ ਰਿਹਾ ਤਾਂ ਭਵਿੱਖ ‘ਚ ਇਥੇ ਕੀ ਬਚੇਗਾ, ਸੋਚ ਕੇ ਹੀ ਕੰਬਣੀ ਛਿੜਦੀ ਹੈ। ਚਾਰੇ ਪਾਸੇ ਫੈਲੀ ਨਿਰਾਸ਼ਾ ਦੇਖ ਕੇ ਤਾਂ ਲੱਗਦਾ ਹੈ ਕਿ ਜੇ ਅੱਜ ਦੁਨੀਆ ‘ਚ ਵੀਜ਼ਾ ਪ੍ਰਣਾਲੀ ਖੋਲ੍ਹ ਦਿੱਤੀ ਜਾਵੇ ਤਾਂ ਦੇਸ਼ ਦਾ ਕੋਈ ਨੌਜਵਾਨ ਇਥੇ ਨਹੀਂ ਰਹੇਗਾ।–—(ਵਿਜੇ ਕੁਮਾਰ ਜਗਬਾਣੀਂਂ)