ਕਰਮਜੀਤ ਸਿੰਘ ਆਜ਼ਾਦ, ਮਾਛੀਵਾੜਾ ਸਾਹਿਬ : ਸਤਲੁਜ ਦਰਿਆ ਕਿਨਾਰੇ ਵਸਦੇ ਪਿੰਡ ਸ਼ੇਰਪੁਰ ਬਸਤੀ ਵਿਖੇ ਖੇਤੀ ਕਰਦਾ ਕਿਸਾਨ ਸੁੱਚਾ ਸਿੰਘ ਪਾਬਲਾ ਜਿਸਨੇ ਪਿਛਲੇ 12 ਸਾਲਾਂ ਤੋਂ ਕਦੇ ਵੀ ਝੋਨੇ ਦੀ ਕਟਾਈ ਤੋਂ ਬਾਅਦ ਪਰਾਲੀ ਨੂੰ ਅੱਗ ਨਾ ਲਗਾ ਕੇ ਹੋਰਨਾਂ ਕਿਸਾਨਾਂ ਲਈ ਇੱਕ ਮਿਸਾਲ ਪੈਦਾ ਕੀਤੀ ਹੈ। ਚੰਡੀਗਡ਼੍ਹ ਤੋਂ ਆ ਕੇ ਬੇਟ ਖੇਤਰ ਵਿਚ 30 ਕਿਲੇ ਤੋਂ ਵੱਧ ਦੀ ਖੇਤੀ ਕਰਦਾ ਆ ਰਹੇ ਕਿਸਾਨ ਸੁੱਚਾ ਸਿੰਘ ਪਾਬਲਾ ਨੇ ਦੱਸਿਆ ਕਿ ਉੇਸਨੇ ਕਦੇ ਵੀ ਪਰਾਲੀ ਨੂੰ ਅੱਗ ਲਗਾ ਕੇ ਪ੍ਰਦੂਸ਼ਣ ਨਹੀਂ ਫੈਲਾਇਆ। ਉਨ੍ਹਾਂ ਕਿਹਾ ਕਿ ਪਰਾਲੀ ਦਾ ਧੂੰਆਂ ਸਾਡੇ ਵਾਤਾਵਰਣ ਨੂੰ ਬਹੁਤ ਪ੍ਰਦੂਸ਼ਿਤ ਕਰ ਰਿਹਾ ਹੈ ਇਸ ਲਈ ਕਿਸਾਨਾਂ ਨੂੰ ਜਾਗਰੂਕ ਹੋਣਾ ਪਵੇਗਾ ਅਤੇ ਥੋਡ਼ੀ ਜਿਹੀ ਮਿਹਨਤ ਕਰ ਪਰਾਲੀ ਨੂੰ ਅੱਗ ਲਗਾਏ ਬਿਨ੍ਹਾਂ ਪਰਾਲੀ ਦੀ ਪੈਦਾਵਾਰ ਕੀਤੀ ਜਾ ਸਕਦੀ ਹੈ। ਕਿਸਾਨ ਸੁੱਚਾ ਸਿੰਘ ਨੇ ਦੱਸਿਆ ਕਿ ਝੋਨੇ ਦੀ ਕਟਾਈ ਤੋਂ ਬਾਅਦ ਜੋ ਖੇਤਾਂ ਵਿਚ ਪਰਾਲੀ ਪਈ ਹੈ ਉਸ ਨੂੰ ਇਕੱਠੀ ਕਰਕੇ ਬਾਹਰ ਰੱਖਿਆ ਜਾਵੇਗਾ ਅਤੇ ਉਸ ਤੋਂ ਬਾਅਦ ਟ੍ਰੈਕਟਰ ਨਾਲ ਤਵੀਆਂ ਪਾ ਸਾਰੀ ਜਮੀਨ ਨੂੰ ਵਾਹ ਕੇ ਬਾਕੀ ਬਚਦੀ ਪਰਾਲੀ ਨੂੰ ਵੀ ਮਿੱਟੀ ’ਚ ਮਿਲਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਬੇਸ਼ੱਕ ਪਰਾਲੀ ਨੂੰ ਖੇਤਾਂ ਵਿਚ ਵਾਹੁਣ ਲਈ ਕੁਝ ਸਮਾਂ ਤੇ ਮਿਹਨਤ ਜਰੂਰ ਲੱਗਦੀ ਹੈ ਪਰ ਇਸ ਨਾਲ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਵੀ ਬਚਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪਰਾਲੀ ਖੇਤਾਂ ਵਿਚ ਵਾਹੁਣ ਤੋਂ ਬਾਅਦ ਰੂਟਾਵੇਟਰ ਰਾਹੀਂ ਕਣਕ ਦੀ ਬਿਜਾਈ ਕੀਤੀ ਜਾਵੇਗੀ ਅਤੇ ਇਸ ਵਿਧੀ ਨਾਲ ਉਨ੍ਹਾਂ ਦੇ ਫਸਲ ਝਾਡ਼ ਵਿਚ ਕਦੇ ਕੋਈ ਅਸਰ ਨਹੀਂ ਪਿਆ। ਕਿਸਾਨ ਸੁੱਚਾ ਸਿੰਘ ਪਾਬਲਾ ਨੇ ਦੱਸਿਆ ਕਿ ਕਣਕ ਦੀ ਬਿਜਾਈ ਤੋਂ ਕਟਾਈ ਤੱਕ ਉਨ੍ਹਾਂ ਕਦੇ ਆਪਣੇ ਖੇਤਾਂ ਵਿਚ ਰਸਣਾਇਕ ਖਾਦਾਂ ਦੀ ਵਰਤੋ ਨਹੀਂ ਕੀਤੀ ਅਤੇ ਹਮੇਸ਼ਾ ਉਨ੍ਹਾਂ ਆਪਣੇ ਫਾਰਮ ਹਾਊਸ ’ਚ ਗੰਡੋਆ ਤੋਂ ਤਿਆਰ ਕੀਤੀ ਜੈਵਿਕ ਖਾਦ ਨਾਲ ਹੀ ਫਸਲ ਦੀ ਪੈਦਾਵਾਰ ਕੀਤੀ ਹੈ। ਇਸ ਤੋਂ ਇਲਾਵਾ ਬੇਤਹਾਸ਼ਾ ਕੀਟਨਾਸ਼ਕ ਦਵਾਈਆਂ ਦੀ ਫ਼ਸਲ ਤਿਆਰ ਕਰਨ ਨੂੰ ਵਰਤੋ ਨਹੀਂ ਕਰਦਾ ਬਲਕਿ ਉਨ੍ਹਾਂ ਦੇ ਖੇਤਾਂ ਵਿਚ ਕਣਕ ਦੀ ਪੈਦਾਵਾਰ ਬਿਲਕੁਲ ਜੈਵਿਕ ਢੰਗ ਨਾਲ ਕੀਤੀ ਜਾਂਦੀ ਹੈ ਜਿਸ ਨਾਲ ਉਨ੍ਹਾਂ ਨੂੰ ਫਸਲ ਦਾ ਮੁੱਲ ਵੀ ਵੱਧ ਮਿਲਦਾ ਹੈ। ਕਿਸਾਨ ਸੁੱਚਾ ਸਿੰਘ ਪਾਬਲਾ ਨੇ ਦੱਸਿਆ ਕਿ ਜੇਕਰ ਸਰਕਾਰ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਨੂੰ ਕੋਈ ਸਬਸਿਡੀ ਦੇਵੇ ਅਤੇ ਜੈਵਿਕ ਢੰਗ ਨਾਲ ਫਸਲ ਤਿਆਰ ਕਰਨ ਵਾਲੇ ਕਿਸਾਨਾਂ ਨੂੰ ਕੁੱਝ ਮੁਨਾਫ਼ਾ ਦੇਵੇ ਤਾਂ ਜਿੱਥੇ ਵਾਤਾਵਰਣ ਵਿਚ ਸੁਧਾਰ ਹੋਵੇਗਾ ਉਥੇ ਜਮੀਨ ’ਤੇ ਕੀਟਨਾਸ਼ਕ ਤੇ ਰਸਣਾਇਕ ਖਾਦਾਂ ਦਾ ਪ੍ਰਭਾਵ ਵੀ ਘਟੇਗਾ।