ਚੇਨਈ (ਪੀਟੀਆਈ) : ਹਾਰ ਦੀ ਹੈਟ੍ਰਿਕ ਤੋਂ ਬਾਅਦ ਪਾਕਿਸਤਾਨ ਨੂੰ ਵਿਸ਼ਵ ਕੱਪ ਵਿਚ ਬਣੇ ਰਹਿਣ ਲਈ ਦੱਖਣੀ ਅਫਰੀਕਾ ਖ਼ਿਲਾਫ਼ ਸ਼ੁੱਕਰਵਾਰ ਨੂੰ ‘ਕਰੋ ਜਾਂ ਮਰੋ’ ਦਾ ਮੁਕਾਬਲਾ ਖੇਡਣਾ ਹੈ ਕਿਉਂਕਿ ਇਸ ਵਿਚ ਹਾਰਨ ’ਤੇ ਨਾਕਆਊਟ ਦੇ ਦਰਵਾਜ਼ੇ ਤਾਂ ਬੰਦ ਹੋਣਗੇ ਹੀ ਨਾਲ ਹੀ ਬਾਬਰ ਆਜ਼ਮ ਦੀ ਕਪਤਾਨੀ ’ਤੇ ਵੀ ਗਾਜ਼ ਡਿੱਗ ਸਕਦੀ ਹੈ। ਪਾਕਿਸਤਾਨ ਦੇ ਖ਼ਰਾਬ ਪ੍ਰਦਰਸ਼ਨ ਕਾਰਨ ਨਿੰਦਾ ਸਹਿ ਰਹੇ ਬਾਬਰ ਨੂੰ ਪਤਾ ਹੈ ਕਿ ਇਸ ਮੈਚ ਵਿਚ ਹਾਰਨ ਦਾ ਹਸ਼ਰ ਕੀ ਹੋ ਸਕਦਾ ਹੈ। ਹੁਣ ਤੋਂ ਪਾਕਿਸਤਾਨ ਨੂੰ ਹਰ ਮੈਚ ਜਿੱਤਣਾ ਪਵੇਗਾ ਤੇ ਇਹ ਉਮੀਦ ਵੀ ਕਰਨੀ ਹੈ ਕਿ ਆਸਟ੍ਰੇਲੀਆ ਬਾਕੀ ਚਾਰ ਵਿਚੋਂ ਘੱਟੋ ਘੱਟ ਦੋ ਮੈਚ ਹਾਰੇ। ਕ੍ਰਿਕਟ ਜਗਤ ਵਿਚ ਕਿਹਾ ਜਾਂਦਾ ਹੈ ਕਿ ਪਾਕਿਸਤਾਨੀ ਟੀਮ ਕਦ ਕੀ ਕਰ ਦੇਵੇ, ਕੋਈ ਨਹੀਂ ਜਾਣਦਾ। ਇਕ ਦਿਨ ਉਹ ਵਿਸ਼ਵ ਜੇਤੂ ਨਜ਼ਰ ਆਉਂਦੀ ਹੈ ਤਾਂ ਅਗਲੇ ਹੀ ਦਿਨ ਕਮਜ਼ੋਰ ਜਿਹੀ ਟੀਮ ਤੋਂ ਹਾਰ ਵੀ ਸਕਦੀ ਹੈ। ਵਿਸ਼ਵ ਕੱਪ ਜਿਹੇ ਟੂਰਨਾਮੈਂਟ ਵਿਚ ਪਾਕਿਸਤਾਨ ਦਾ ਲੈਅ ਵਿਚ ਹੋਣਾ ਜ਼ਰੂਰੀ ਹੈ। ਬਾਬਰ ਨੂੰ ਪਤਾ ਹੈ ਕਿ ਜ਼ਬਰਦਸਤ ਪ੍ਰਦਰਸ਼ਨ ਕਰ ਰਹੀ ਦੱਖਣੀ ਅਫਰੀਕਾ ਨੂੰ ਹਰਾਉਣ ਲਈ ਕਿਸੇ ਚਮਤਕਾਰ ਤੋਂ ਘੱਟ ਕੰਮ ਨਹੀਂ ਬਣੇਗਾ। ਦੱਖਣੀ ਅਫਰੀਕਾ ਨੂੰ ਚਾਹੇ ਹੀ ਧਰਮਸ਼ਾਲਾ ਵਿਚ ਨੀਦਰਲੈਂਡ ਨੇ ਹਰਾ ਦਿੱਤਾ ਪਰ ਦੋਵਾਂ ਟੀਮਾਂ ਵਿਚਾਲੇ ਜ਼ਮੀਨ ਅਸਮਾਨ ਦਾ ਫ਼ਰਕ ਹੈ। ਕਵਿੰਟਨ ਡਿਕਾਕ ਤੇ ਹੈਨਰਿਕ ਕਲਾਸੇਨ ਨੇ ਬੱਲੇਬਾਜ਼ੀ ਵਿਚ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ ਜਿਨ੍ਹਾਂ ਦਾ ਏਡੇਨ ਮਾਰਕਰੈਮ ਨੇ ਚੰਗਾ ਸਾਥ ਦਿੱਤਾ ਹੈ। ਦੂਜੇ ਪਾਸੇ ਮੁਹੰਮਦ ਰਿਜ਼ਵਾਨ ਨੂੰ ਛੱਡ ਕੇ ਪਾਕਿਸਤਾਨ ਦੇ ਬਾਕੀ ਬੱਲੇਬਾਜ਼ ਹੁਣ ਤੱਕ ਨਾਕਾਮ ਰਹੇ ਹਨ। ਗੇਂਦਬਾਜ਼ੀ ਵਿਚ ਸ਼ਾਹੀਨ ਸ਼ਾਹ ਅਫ਼ਰੀਦੀ ਫਲਾਪ ਰਹੇ ਹਨ ਜਦਕਿ ਹੈਰਿਸ ਰਾਊਫ਼ ਵੀ ਪ੍ਰਭਾਵਿਤ ਨਹੀਂ ਕਰ ਸਕੇ ਹਨ। ਪਾਕਿਸਤਾਨ ਨੂੰ ਨਸੀਮ ਸ਼ਾਹ ਦੀ ਘਾਟ ਬੁਰੀ ਤਰ੍ਹਾਂ ਰੜਕ ਰਹੀ ਹੈ। ਹਸਨ ਅਲੀ ਵਨ ਡੇ ਲਈ ਢੁੱਕਵੇਂ ਗੇਂਦਬਾਜ਼ ਨਹੀਂ ਹਨ ਲਿਹਾਜ਼ਾ ਜਮਾਨ ਖ਼ਾਨ ਜਾਂ ਮੁਹੰਮਦ ਵਸੀਮ ਜੂਨੀਅਰ ਨੂੰ ਉਤਾਰਿਆ ਜਾ ਸਕਦਾ ਹੈ।
ਹੁਣ ਪ੍ਰਦਰਸ਼ਨ ਤੈਅ ਕਰੇਗਾ ਬਾਬਰ ਆਜ਼ਮ ਦਾ ਭਵਿੱਖ
ਨਵੀਂ ਦਿੱਲੀ : ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਨੇ ਵੀਰਵਾਰ ਨੂੰ ਸੰਕੇਤ ਦਿੱਤਾ ਕਿ ਮੌਜੂਦਾ ਵਿਸ਼ਵ ਕੱਪ ਵਿਚ ਜੇ ਪਾਕਿਸਤਾਨੀ ਟੀਮ ਨਾਕਾਮ ਰਹਿੰਦੀ ਹੈ ਤਾਂ ਬਾਬਰ ਆਜ਼ਮ ਨੂੰ ਕਪਤਾਨੀ ਗੁਆਉਣੀ ਪੈ ਸਕਦੀ ਹੈ। ਪੀਸੀਬੀ ਨੇ ਕਿਹਾ ਕਿ ਕਪਤਾਨ ਬਾਬਰ ਆਜ਼ਮ ਤੇ ਮੁੱਖ ਚੋਣਕਾਰ ਇੰਜ਼ਮਾਮ ਉਲ ਹੱਕ ਨੂੰ ਵਿਸ਼ਵ ਕੱਪ 2023 ਲਈ ਟੀਮ ਤਿਆਰ ਕਰਨ ਦੀ ਪੂਰੀ ਆਜ਼ਾਦੀ ਦਿੱਤੀ ਗਈ ਸੀ। ਵਿਸ਼ਵ ਕੱਪ ਵਿਚ ਟੀਮ ਦੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਅੱਗੇ ਬੋਰਡ ਉਹੀ ਫ਼ੈਸਲਾ ਲਵੇਗਾ ਜੋ ਪਾਕਿਸਤਾਨ ਕ੍ਰਿਕਟ ਦੇ ਹਿੱਤ ਵਿਚ ਹੈ। ਇਕ ਸੂਤਰ ਨੇ ਕਿਹਾ ਕਿ ਪਾਕਿਸਤਾਨ ਜੇ ਬਾਕੀ ਸਾਰੇ ਮੈਚ ਜਿੱਤ ਕੇ ਵਿਸ਼ਵ ਕੱਪ ਸੈਮੀਫਾਈਨਲ ਵਿਚ ਥਾਂ ਬਣਾਉਂਦਾ ਹੈ ਤਾਂ ਹੀ ਬਾਬਰ ਦੀ ਕਪਤਾਨੀ ਬਚ ਸਕਦੀ ਹੈ। ਇਸ ਦੇ ਬਾਵਜੂਦ ਵੀ ਉਸ ਨੂੰ ਸਿਰਫ਼ ਟੈਸਟ ਕਪਤਾਨ ਬਣਾਈ ਰੱਖਿਆ ਜਾ ਸਕਦਾ ਹੈ।


