ਰਾਜੀਵ ਕੁਮਾਰ, ਨਵੀਂ ਦਿੱਲੀ : ਇਸ ਵਾਰੀ ਪਿਆਜ਼ ਸੁਆਦ ਦੇ ਨਾਲ-ਨਾਲ ਪਰਚੂਨ ਮਹਿੰਗਾਈ ਦਾ ਵੀ ਜ਼ਾਇਕਾ ਵਿਗਾੜ ਸਕਦਾ ਹੈ। ਜੁਲਾਈ ’ਚ ਟਮਾਟਰ ਦੇ ਭਾਅ 200 ਰੁਪਏ ਪ੍ਰਤੀ ਕਿੱਲੋ ਤੋਂ ਜ਼ਿਆਦਾ ਹੋ ਗਏ ਸਨ, ਜਿਸ ਕਾਰਨ ਜੁਲਾਈ ਦੀ ਪਰਚੂਨ ਮਹਿੰਗਾਈ ਦਰ 7.7 ਫ਼ੀਸਦੀ ਦੇ ਪੱਧਰ ’ਤੇ ਪਹੁੰਚ ਗਈ ਸੀ। ਸਤੰਬਰ ’ਚ ਸਬਜ਼ੀ ਦੇ ਭਾਅ ਕੰਟਰੋਲ ’ਚ ਰਹਿਣ ਨਾਲ ਪਰਚੂਨ ਮਹਿੰਗਾਈ ਦਰ 5.02 ਫ਼ੀਸਦੀ ਦੇ ਪੱਧਰ ’ਤੇ ਆ ਗਈ ਪਰ ਹੁਣ ਪਿਆਜ਼ ਦੀਆਂ ਚੜ੍ਹਦੀਆਂ ਕੀਮਤਾਂ ਅਕਤੂਬਰ ਤੇ ਨਵੰਬਰ ਦੀ ਮਹਿੰਗਾਈ ਦਰ ਨੂੰ ਹਵਾ ਦੇ ਸਕਦੀਆਂ ਹਨ।

ਪਿਆਜ਼ ਦੀਆਂ ਪਰਚੂਨ ਕੀਮਤਾਂ 60 ਰੁਪਏ ਪ੍ਰਤੀ ਕਿੱਲੋ ਤੱਕ ਚਲੀਆਂ ਗਈਆਂ ਹਨ ਤੇ ਆਉਣ ਵਾਲੇ ਦਿਨਾਂ ’ਚ ਪਿਆਜ਼ ਦੀਆਂ ਕੀਮਤਾਂ ’ਚ ਹੋਰ ਵਾਧਾ ਹੋ ਸਕਦਾ ਹੈ। ਸਿਰਫ਼ 15 ਦਿਨਾਂ ’ਚ ਪਿਆਜ਼ ਦੀਆਂ ਪਰਚੂਨ ਕੀਮਤਾਂ ’ਚ 50 ਫ਼ੀਸਦੀ ਦਾ ਇਜ਼ਾਫ਼ਾ ਹੋ ਗਿਆ ਹੈ। ਸਪਲਾਈ ਦੀ ਰਫ਼ਤਾਰ ਨੂੰ ਦੇਖਦਿਆਂ ਦੀਵਾਲੀ ਤੱਕ ਪਿਆਜ਼ ਦੇ ਭਾਅ ’ਚ ਰਾਹਤ ਦੀ ਉਮੀਦ ਕੀਤੀ ਜਾ ਰਹੀ ਹੈ। ਹਾਲਾਂਕਿ ਦਿੱਲੀ ਤੇ ਪੰਜਾਬ ਦੀਆਂ ਥੋਕ ਮੰਡੀਆਂ ’ਚ ਅਫ਼ਗਾਨਿਸਤਾਨ ਤੋਂ ਵੀ ਪਿਆਜ਼ ਦੀ ਆਮਦ ਸ਼ੁਰੂ ਹੋ ਗਈ ਹੈ ਪਰ ਅਫ਼ਗਾਨਿਸਤਾਨ ਤੋਂ ਪਿਆਜ਼ ਹਾਲੇ ਤੱਕ ਸੀਮਤ ਮਾਤਰਾ ’ਚ ਆ ਰਿਹਾ ਹੈ। ਰਾਜਸਥਾਨ ਤੋਂ ਵੀ ਨਵੇਂ ਪਿਆਜ਼ ਦੀ ਸੀਮਤ ਮਾਤਰਾ ’ਚ ਆਮਦ ਸ਼ੁਰੂ ਹੋ ਗਈ ਹੈ। ਆਜ਼ਾਦਪੁਰ ਮੰਡੀ ’ਚ ਪਿਆਜ਼ ਦੇ ਥੋਕ ਵਪਾਰੀਆਂ ਮੁਤਾਬਕ ਵੀਰਵਾਰ ਨੂੰ ਅਫ਼ਗਾਨਿਸਤਾਨ ਤੋਂ ਇਕ ਗੱਡੀ ਯਾਨੀ ਲਗਪਗ 20 ਹਜ਼ਾਰ ਟਨ ਪਿਆਜ਼ ਦੀ ਸਪਲਾਈ ਆਈ। ਵੈਸੇ ਹੀ ਪੰਜਾਬ ਦੀ ਮੰਡੀ ’ਚ 3-4 ਗੱਡੀਆਂ ਅਫ਼ਗਾਨੀ ਪਿਆਜ਼ ਦੀ ਸਪਲਾਈ ਰਹੀ। ਸੜਕੀ ਰਸਤੇ ਤੋਂ ਅਫ਼ਗਾਨਿਸਤਾਨ ਤੋਂ ਪਿਆਜ਼ ਦੀ ਸਪਲਾਈ ਹੋ ਰਹੀ ਹੈ।