ਆਨਲਾਈਨ ਡੈਸਕ, ਨਵੀਂ ਦਿੱਲੀ : ਪੰਜਾਬ ਨੈਸ਼ਨਲ ਬੈਂਕ ਨੇ ਆਪਣੇ ਤਿਮਾਹੀ ਨਤੀਜਿਆਂ ਦਾ ਐਲਾਨ ਕਰ ਦਿੱਤਾ ਹੈ। ਇਸ ਘੋਸ਼ਣਾ ਵਿੱਚ, ਬੈਂਕ ਨੇ ਕਾਰੋਬਾਰੀ ਸਾਲ ਦੀ ਦੂਜੀ ਤਿਮਾਹੀ ਮਤਲਬ ਜੁਲਾਈ ਤੋਂ ਸਤੰਬਰ ਲਈ ਆਪਣੇ ਵਿੱਤੀ ਪ੍ਰਦਰਸ਼ਨ ਦੀ ਜਾਣਕਾਰੀ ਦਿੱਤੀ। ਬੈਂਕ ਨੇ ਆਪਣੀ ਰਿਪੋਰਟ ‘ਚ ਕਿਹਾ ਕਿ ਇਸ ਤਿਮਾਹੀ ‘ਚ ਉਨ੍ਹਾਂ ਦਾ ਨੈਟ ਪ੍ਰਾਫਿੱਟ ਚਾਰ ਗੁਣਾ ਵਧ ਕੇ 1,756.13 ਕਰੋੜ ਰੁਪਏ ਹੋ ਗਿਆ ਹੈ।

ਇਹ ਵਾਧਾ ਵੱਧ ਵਿਆਜ ਆਮਦਨ ਤੇ ਘੱਟ ਵਿਵਸਥਾਵਾਂ ਕਾਰਨ ਹੋਇਆ ਹੈ। ਇਕ ਸਾਲ ਦੀ ਇਸੇ ਮਿਆਦ ‘ਚ ਬੈਂਕ ਦਾ ਨੈਟ ਪ੍ਰਾਫਿੱਟ 411.27 ਕਰੋੜ ਰੁਪਏ ਰਿਹਾ।

ਪੰਜਾਬ ਨੈਸ਼ਨਲ ਬੈਂਕ ਦੇ ਤਿਮਾਹੀ ਨਤੀਜੇ

ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ ਦੌਰਾਨ ਪੀਐੱਨਬੀ ਦੀ ਵਿਆਜ ਆਮਦਨ 31 ਫ਼ੀਸਦੀ ਵਧ ਕੇ 26,355 ਕਰੋੜ ਰੁਪਏ ਹੋ ਗਈ। ਇਕ ਸਾਲ ਪਹਿਲਾਂ ਇਹ 20,154 ਕਰੋੜ ਰੁਪਏ ਸੀ। ਇਸ ਦੇ ਨਾਲ ਹੀ ਸਮੀਖਿਆ ਅਧੀਨ ਤਿਮਾਹੀ ਦੌਰਾਨ ਬੈਂਕ ਦਾ ਪ੍ਰੋਵਿਜ਼ਨ ਘਟ ਕੇ 3,444 ਕਰੋੜ ਰੁਪਏ ਰਹਿ ਗਿਆ। ਜੋ ਪਿਛਲੇ ਵਿੱਤੀ ਸਾਲ ਦੀ ਦੂਜੀ ਤਿਮਾਹੀ ‘ਚ 4,906 ਕਰੋੜ ਰੁਪਏ ਸੀ।

ਇਸ ਨਾਲ ਹੀ ਬੈਂਕ ਦਾ ਐੱਨਪੀਏ ਵੀ ਘਟਿਆ ਹੈ। ਬੈਂਕ ਦਾ ਐੱਨਪੀਏ ਇਸ ਤਿਮਾਹੀ ਵਿੱਚ ਵਧ ਕੇ 6.96 ਫ਼ੀਸਦੀ ਹੋ ਗਿਆ ਜੋ ਪਿਛਲੇ ਸਾਲ 10.48 ਫ਼ੀਸਦੀ ਸੀ। ਅੱਜ ਪੰਜਾਬ ਨੈਸ਼ਨਲ ਬੈਂਕ ਦੇ ਸ਼ੇਅਰ 0.40 ਜਾਂ 0.58 ਫ਼ੀਸਦੀ ਵਧ ਕੇ 69.90 ਰੁਪਏ ਪ੍ਰਤੀ ਸ਼ੇਅਰ ‘ਤੇ ਬੰਦ ਹੋਏ।

ਇੰਡੀਅਨ ਬੈਂਕ ਦੇ ਤਿਮਾਹੀ ਨਤੀਜੇ

ਬਾਜ਼ਾਰ ਬੰਦ ਹੋਣ ਤੋਂ ਪਹਿਲਾਂ ਇੰਡੀਅਨ ਬੈਂਕ ਨੇ ਆਪਣੇ ਤਿਮਾਹੀ ਨਤੀਜਿਆਂ ਦਾ ਐਲਾਨ ਕੀਤਾ। ਬੈਂਕ ਨੇ ਕਿਹਾ ਕਿ ਇਸ ਤਿਮਾਹੀ ‘ਚ ਉਸ ਦਾ ਨੈਟ ਪ੍ਰਾਫਿੱਟ 62 ਫ਼ੀਸਦੀ ਵਧ ਕੇ 1,988 ਕਰੋੜ ਰੁਪਏ ਹੋ ਗਿਆ ਹੈ। ਇਕ ਸਾਲ ਪਹਿਲਾਂ ਇਸੇ ਤਿਮਾਹੀ ‘ਚ ਇਹ 1,225 ਕਰੋੜ ਰੁਪਏ ਸੀ। ਇਸ ਨਾਲ ਬੈਂਕ ਦੀ ਆਮਦਨ ਵੀ ਵਧ ਕੇ 13,743 ਕਰੋੜ ਰੁਪਏ ਹੋ ਗਈ ਜੋ ਪਿਛਲੇ ਵਿੱਤੀ ਸਾਲ ਦੀ ਦੂਜੀ ਤਿਮਾਹੀ ‘ਚ 10,710 ਕਰੋੜ ਰੁਪਏ ਸੀ।

ਸਤੰਬਰ ‘ਚ ਖ਼ਤਮ ਹੋਈ ਤਿਮਾਹੀ ‘ਚ ਬੈਂਕ ਦਾ NPA ਵਧ ਕੇ 4.97 ਫ਼ੀਸਦੀ ਹੋ ਗਿਆ ਜੋ ਇਕ ਸਾਲ ਪਹਿਲਾਂ 7.30 ਫ਼ੀਸਦੀ ਸੀ। ਅੱਜ ਇੰਡੀਅਨ ਬੈਂਕ ਦੇ ਸ਼ੇਅਰ 8.75 ਅੰਕ ਡਿੱਗ ਕੇ 400.15 ਰੁਪਏ ਪ੍ਰਤੀ ਸ਼ੇਅਰ ‘ਤੇ ਬੰਦ ਹੋਏ।