ਨਵੀਂ ਦਿੱਲੀ (ਪੀਟੀਆਈ) : ਨਿਸ਼ਾਨੇਬਾਜ਼ ਸਰਬਜੋਤ ਸਿੰਘ ਨੇ ਮੰਗਲਵਾਰ ਨੂੰ ਕੋਰੀਆ ਦੇ ਚਾਂਗਵੋਨ ਵਿਚ ਏਸ਼ਿਆਈ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਵਿਚ ਮਰਦਾਂ ਦੇ 10 ਮੀਟਰ ਏਅਰ ਪਿਸਟਲ ਵਿਚ ਕਾਂਸੇ ਦਾ ਮੈਡਲ ਜਿੱਤਿਆ ਤੇ ਭਾਰਤ ਲਈ ਪੈਰਿਸ ਓਲੰਪਿਕ ਕੋਟਾ ਸਥਾਨ ਪੱਕਾ ਕੀਤਾ।

ਸਰਬਜੋਤ ਨੇ ਫਾਈਨਲ ਵਿਚ 221.1 ਦਾ ਸਕੋਰ ਕੀਤਾ। ਉਨ੍ਹਾਂ ਨੇ ਚੀਨ ਦੇ ਝਾਂਗ ਯਿਫਾਨ (ਗੋਲਡ, 243.7) ਤੇ ਲਿਊ ਜਿਨਯਾਓ (242.1) ਤੋਂ ਬਾਅਦ ਤੀਜੇ ਸਥਾਨ ’ਤੇ ਰਹਿੰਦੇ ਹੋਏ ਭਾਰਤ ਲਈ ਨਿਸ਼ਾਨੇਬਾਜ਼ੀ ਵਿਚ ਅੱਠਵਾਂ ਓਲੰਪਿਕ ਕੋਟਾ ਸਥਾਨ ਹਾਸਲ ਕੀਤਾ। ਇਹ ਪਿਸਟਲ ਮੁਕਾਬਲੇ ਵਿਚ ਦੇਸ਼ ਦਾ ਪਹਿਲਾ ਓਲੰਪਿਕ (2024) ਕੋਟਾ ਹੈ। ਭਾਰਤੀ ਨਿਸ਼ਾਨੇਬਾਜ਼ ਨੇ ਇਸ ਤੋਂ ਪਹਿਲਾਂ 581 ਅੰਕਾਂ ਦੇ ਨਾਲ ਅੱਠਵੇਂ ਸਥਾਨ ’ਤੇ ਰਹਿੰਦੇ ਹੋਏ ਫਾਈਨਲ ਲਈ ਕੁਆਲੀਫਾਈ ਕੀਤਾ ਸੀ। ਚੀਨ ਨੇ ਇਸ ਮੁਕਾਬਲੇ ਵਿਚ ਪਹਿਲਾਂ ਹੀ ਆਪਣੇ ਦੋਵੇਂ ਕੋਟਾ ਸਥਾਨ ਹਾਸਲ ਕਰ ਲਏ ਹਨ ਜਦਕਿ ਫਾਈਨਲ ਵਿਚ ਪੁੱਜਣ ਵਾਲੇ ਕੋਰੀਆ ਦੇ ਦੋ ਨਿਸ਼ਾਨੇਬਾਜ਼ਾਂ ਵਿਚੋਂ ਇਕ ਹੀ ਕੋਟਾ ਹਾਸਲ ਕਰਨ ਦੇ ਯੋਗ ਸੀ।

ਸਰਬਜੋਤ ਨੇ ਸ਼ੁਰੂਆਤੀ ਪੰਜ ਨਿਸ਼ਾਨਿਆਂ ਤੋਂ ਬਾਅਦ ਬੜ੍ਹਤ ਬਣਾ ਲਈ ਸੀ ਪਰ ਇਸ ਤੋਂ ਬਾਅਦ ਚੀਨ ਦੇ ਦੋਵੇਂ ਖਿਡਾਰੀ ਉਨ੍ਹਾਂ ਨੂੰ ਪਿੱਛੇ ਛੱਡਣ ਵਿਚ ਕਾਮਯਾਬ ਰਹੇ। ਮਹਿਲਾਵਾਂ ਦੇ ਏਅਰ ਪਿਸਟਲ ਮੁਕਾਬਲੇ ਵਿਚ ਸਿਰਫ਼ ਰੈਂਕਿੰਗ ਅੰਕਾਂ ਲਈ ਖੇਡਣ ਵਾਲੀਆਂ ਭਾਰਤੀਆਂ ਸਮੇਤ ਪੰਜ ਨਿਸ਼ਾਨੇਬਾਜ਼ਾਂ ਵਿਚੋਂ ਕੋਈ ਵੀ ਸਿਖਰਲੇ ਅੱਠ ਵਿਚ ਥਾਂ ਨਹੀਂ ਬਣਾ ਸਕੀ। ਰਿਦਮ ਸਾਂਗਵਾਨ (577), ਇਸ਼ਾ ਸਿੰਘ (576), ਸੁਰਭੀ ਰਾਓ (575) ਕ੍ਰਮਵਾਰ 11ਵੇਂ, 13ਵੇਂ ਤੇ 15ਵੇਂ ਸਥਾਨ ’ਤੇ ਰਹੀਆਂ ਜਦਕਿ ਰੁਚਿਤਾ ਵਿਨੇਰਕਰ (571) 22ਵੇਂ ਤੇ ਪਲਕ (570) 25ਵੇਂ ਸਥਾਨ ’ਤੇ ਰਹੀ। ਮਰਦ ਪਿਸਟਲ ਵਿਚ ਹੋਰ ਭਾਰਤੀਆਂ ਵਿਚ ਵਰੁਣ ਤੋਮਰ (578) ਤੇ ਕੁਣਾਲ ਰਾਣਾ (577) ਕ੍ਰਮਵਾਰ 16ਵੇਂ ਤੇ 17ਵੇਂ ਸਥਾਨ ’ਤੇ ਰਹੇ ਜਦਕਿ ਸ਼ਿਵਾ (576) 20ਵੇਂ ਤੇ ਸੌਰਭ ਚੌਧਰੀ (569) 35ਵੇਂ ਸਥਾਨ ’ਤੇ ਰਹੇ।