ਮੁੰਬਈ (ਏਜੰਸੀ) : ਮੁੰਬਈ ’ਚ ਬਾਂਦਰਾ ਦੀ ਇਕ ਅਦਾਲਤ ਨੇ ਬਾਜ਼ੀਗਰ ਫਿਲਮ ਦੇ ਅਭਿਨੇਤਾ ਦਲੀਪ ਤਾਹਿਲ ਨੂੰ 2018 ’ਚ ਨਸ਼ੇ ’ਚ ਗੱਡੀ ਚਲਾਉਣ ਤੇ ਇਕ ਮਹਿਲਾ ਨੂੰ ਜ਼ਖ਼ਮੀ ਕਰਨ ਦਾ ਦੋਸ਼ੀ ਮੰਨਦੇ ਹੋਏ ਦੋ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਹੈ। ਕੋਰਟ ਨੇ ਤਾਹਿਲ ’ਤੇ 500 ਰੁਪਏ ਦਾ ਜੁਰਮਾਨਾ ਤੇ ਜ਼ਖ਼ਮੀ ਮਹਿਲਾ ਨੂੰ ਪੰਜ ਹਜ਼ਾਰ ਰੁਪਏ ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਹੈ। ਹਾਲਾਂਕਿ 2018 ’ਚ ਗਿ੍ਰਫ਼ਤਾਰੀ ਦੌਰਾਨ ਅਭਿਨੇਤਾ ਨੇ ਜਾਂਚ ਲਈ ਖੂਨ ਦਾ ਨਮੂਨਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ।
ਮੈਜਿਸਟ੍ਰੇਟ ਕੋਰਟ ਨੇ ਇਹ ਫ਼ੈਸਲਾ ਡਾਕਟਰਾਂ ਦੇ ਸਬੂਤਾਂ ’ਤੇ ਭਰੋਸਾ ਕਰਦੇ ਹੋਏ ਸੁਣਾਇਆ। ਫ਼ੈਸਲੇ ’ਤੇ ਅਭਿਨੇਤਾ ਨੇ ਕਿਹਾ ਕਿ ਉਹ ਫ਼ੈਸਲੇ ਖ਼ਿਲਾਫ਼ ਮੁੰਬਈ ਦੇ ਸੈਸ਼ਨ ਕੋਰਟ ਜਾਣਗੇ। ਮੈਜਿਸਟ੍ਰੇਟ ਕੋਰਟ ਨੇ ਉਨ੍ਹਾਂ ਨੂੰ ਇਕ ਮਹੀਨੇ ਦਾ ਸਮਾਂ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਜੱਜ ਤੇ ਮੈਜਿਸਟ੍ਰੇਟ ਕੋਰਟ ਵੱਲੋਂ ਦਿੱਤੇ ਗਏ ਫ਼ੈਸਲੇ ਦਾ ਸਨਮਾਨ ਕਰਦੇ ਹਨ ਪਰ ਉਹ ਫ਼ੈਸਲੇ ਨੂੰ ਉੱਪਰਲੀ ਅਦਾਲਤ ’ਚ ਚੁਣੌਤੀ ਦੇਣਗੇ। ਉਨ੍ਹਾਂ ਕਿਹਾ ਕਿ ਮੈਂ ਇਹ ਕਹਿਮਾ ਚਾਹਾਂਗਾ ਕਿ ਘਟਨਾ ’ਚ ਮਾਮੂਲੀ ਸੱਟਾਂ ਲੱਗੀਆਂ ਸਨ। ਮੈਂ ਕਿਸੇ ਨੂੰ ਸੱਟ ਨਹੀਂ ਮਾਰੀ। ਦਲੀਪ ਤਾਹਿਲ ਰਾਜਾ, ਹਮ ਹੈਂ ਰਾਹੀ ਪਿਆਰ ਕੇ, ਕਿਆਮਸ ਤੇ ਕਿਆਮਤ ਤੱਕ, ਕਹੋ ਨਾ ਪਿਆਰ ਹੈ ਵਰਗੀਆਂ ਸੁਪਰਹਿੱਟ ਫਿਲਮਾਂ ’ਚ ਕੰਮ ਕਰ ਚੁੱਕੇ ਹਨ।



