ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : Pakistan Stars Ban Plea Rejected: ਸਾਲ 2016 ‘ਚ ਜੰਮੂ-ਕਸ਼ਮੀਰ ਦੇ ਉੜੀ ਸੈਕਟਰ ‘ਚ ਭਾਰਤੀ ਫੌਜ ‘ਤੇ ਵੱਡਾ ਅੱਤਵਾਦੀ ਹਮਲਾ ਹੋਇਆ ਸੀ, ਜਿਸ ‘ਚ ਕਈ ਜਵਾਨ ਸ਼ਹੀਦ ਹੋ ਗਏ ਸਨ। ਇਸ ਅੱਤਵਾਦੀ ਘਟਨਾ ਤੋਂ ਬਾਅਦ ਪਾਕਿਸਤਾਨੀ ਕਲਾਕਾਰਾਂ ਲਈ ਬਾਲੀਵੁੱਡ ਦੇ ਦਰਵਾਜ਼ੇ ਹਮੇਸ਼ਾ ਲਈ ਬੰਦ ਹੋ ਗਏ ਸਨ। ਸੱਤ ਸਾਲ ਬਾਅਦ ਹੁਣ ਬੰਬੇ ਹਾਈ ਕੋਰਟ ਨੇ ਪਾਕਿਸਤਾਨੀ ਸਿਤਾਰਿਆਂ ‘ਤੇ ਪਾਬੰਦੀ ਲਗਾਉਣ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ।

ਬੰਬੇ ਹਾਈ ਕੋਰਟ ਨੇ ਪਾਕਿਸਤਾਨੀ ਕਲਾਕਾਰਾਂ ‘ਤੇ ਪਾਬੰਦੀ ਨੂੰ ਵਧਾਉਣ ਦੀ ਮੰਗ ਵਾਲੀ ਪਟੀਸ਼ਨ ‘ਤੇ ਸੁਣਵਾਈ ਕੀਤੀ। ਅਦਾਲਤ ਦੇ ਫੈਸਲੇ ਨੂੰ ਜਾਣ ਕੇ ਪਾਕਿਸਤਾਨੀ ਸਿਤਾਰਿਆਂ ਦੇ ਪ੍ਰਸ਼ੰਸਕ ਬਹੁਤ ਖੁਸ਼ ਹੋਣਗੇ।

ਬਾਲੀਵੁੱਡ ‘ਚ ਕੰਮ ਕਰ ਸਕਣਗੇ ਪਾਕਿਸਤਾਨੀ ਸਿਤਾਰੇ!

ਲਾਈਵ ਕੋਰਟ ਅਨੁਸਾਰ, ਜਸਟਿਸ ਸੁਵਿਲ ਬੀ ਸ਼ੁਕਰੇ ਤੇ ਜਸਟਿਸ ਫਿਰਦੋਸ਼ ਪੀ ਪੂਨੀਵਾਲਾ ਨੇ ਪਾਕਿਸਤਾਨੀ ਸਿਤਾਰਿਆਂ ‘ਤੇ ਪਾਬੰਦੀ ਦੀ ਮੰਗ ਨੂੰ ਖਾਰਜ ਕਰ ਦਿੱਤਾ ਤੇ ਕਿਹਾ ਕਿ ਇਸ ਪਟੀਸ਼ਨ ‘ਚ ਕੋਈ ਯੋਗਤਾ ਨਹੀਂ ਹੈ। ਇਸ ਤਰ੍ਹਾਂ ਅਦਾਲਤ ਨੇ ਪਾਕਿਸਤਾਨੀ ਸਿਤਾਰਿਆਂ ‘ਤੇ ਪਾਬੰਦੀ ਲਗਾਉਣ ਤੋਂ ਇਨਕਾਰ ਕਰ ਦਿੱਤਾ।

ਇਹ ਪਟੀਸ਼ਨ ਇਕ ਸਿਨੇ ਸ਼ਖਸੀਅਤ ਵੱਲੋਂ ਦਾਇਰ ਕੀਤੀ ਗਈ ਸੀ, ਜਿਸ ਵਿਚ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ, ਵਿਦੇਸ਼ ਮੰਤਰਾਲੇ ਤੇ ਗ੍ਰਹਿ ਮੰਤਰਾਲੇ ਨੂੰ ਪਾਕਿਸਤਾਨੀ ਕਲਾਕਾਰਾਂ ‘ਤੇ ਪਾਬੰਦੀ ਲਗਾਉਣ ਅਤੇ ਵੀਜ਼ਾ ਦੇਣ ‘ਤੇ ਰੋਕ ਲਗਾਉਣ ਲਈ ਉਚਿਤ ਨੋਟੀਫਿਕੇਸ਼ਨ ਜਾਰੀ ਕਰਨ ਲਈ ਨਿਰਦੇਸ਼ਾਂ ਦੀ ਮੰਗ ਕੀਤੀ ਗਈ ਸੀ। ਹੁਣ ਅਦਾਲਤ ਦੇ ਇਸ ਫੈਸਲੇ ਨੇ ਉਮੀਦ ਜਗਾਈ ਹੈ ਕਿ ਪਾਕਿਸਤਾਨੀ ਸਿਤਾਰੇ ਇਕ ਵਾਰ ਫਿਰ ਬਾਲੀਵੁੱਡ ਵਿੱਚ ਕੰਮ ਕਰ ਸਕਦੇ ਹਨ।