ਦਰਸ਼ਨ ਸਿੰਘ ਚੌਹਾਨ, ਸੁਨਾਮ : ਕਿਸਾਨੀ ਮੰਗਾਂ ਨੂੰ ਲੈਕੇ ਉੱਤਰੀ ਭਾਰਤ ਦੀਆਂ 16 ਕਿਸਾਨ ਜਥੇਬੰਦੀਆਂ ਵੱਲੋਂ 28, 29 ਅਤੇ 30 ਸਤੰਬਰ ਨੂੰ ਰੇਲਾਂ ਰੋਕਣ ਦੇ ਦਿੱਤੇ ਸੱਦੇ ਨੂੰ ਸਫਲ ਬਣਾਉਣ ਲਈ ਲਾਮਬੰਦੀ ਸ਼ੁਰੂ ਕੀਤੀ ਗਈ ਹੈ। ਵੀਰਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਬਲਾਕ ਸੰਗਰੂਰ ਦੀ ਮੀਟਿੰਗ ਵੀਰਵਾਰ ਨੂੰ ਪਿੰਡ ਕੁਲਾਰ ਖੁਰਦ ਦੇ ਗੁਰਦੁਆਰਾ ਸਾਹਿਬ ਵਿਖੇ ਬਲਾਕ ਪ੍ਰਧਾਨ ਦਰਬਾਰਾ ਸਿੰਘ ਲੋਹਾਖੇੜਾ ਦੀ ਅਗਵਾਈ ਹੇਠ ਹੋਈ।

ਮੀਟਿੰਗ ਵਿੱਚ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ ਜਥੇਬੰਦੀ ਦੇ ਸੂਬਾਈ ਕਾਰਜਕਾਰੀ ਆਗੂ ਜਸਵਿੰਦਰ ਸਿੰਘ ਲੌਂਗੋਵਾਲ ਨੇ ਕਿਹਾ ਕਿ ਉੱਤਰੀ ਭਾਰਤ ਦੀਆਂ 16 ਕਿਸਾਨ ਜਥੇਬੰਦੀਆਂ ਤਿੰਨ ਦਿਨਾ ਰੇਲ ਰੋਕੋ ਮੋਰਚਾ ਉਨ੍ਹਾਂ ਮੰਗਾਂ ਨੂੰ ਲੈ ਕੇ ਲਾਇਆ ਜਾ ਰਿਹਾ ਹੈ, ਜਿਨ੍ਹਾਂ ਮੰਗਾਂ ਸਬੰਧੀ ਕੇਂਦਰ ਤੇ ਪੰਜਾਬ ਸਰਕਾਰ ਲੰਬੇ ਸਮੇਂ ਤੋਂ ਚੁੱਪ ਵੱਟੀ ਬੈਠੀਆਂ ਹਨ। ਪੰਜਾਬ ਤੇ ਨਾਲ ਲੱਗਦੇ ਸੂਬਿਆਂ ਵਿਚ ਹੜ੍ਹਾਂ ਨੇ ਵੱਡੀ ਪੱਧਰ ‘ਤੇ ਤਬਾਹੀ ਮਚਾਈ ਹੈ, ਕਿਸਾਨਾਂ ਮਜ਼ਦੂਰਾਂ ਦੀਆਂ ਫ਼ਸਲਾਂ ਹੜ੍ਹਾਂ ਨੇ ਤਬਾਹ ਕਰ ਦਿੱਤੀਆਂ, ਮਾਲ ਪਸ਼ੂ ਤੇ ਘਰਾਂ ਦਾ ਵੱਡੇ ਪੱਧਰ ‘ਤੇ ਨੁਕਸਾਨ ਹੋਇਆ ਹੈ ਉਸ ਨੁਕਸਾਨ ਦੀ ਪੂਰਤੀ ਲਈ ਕੇਂਦਰ ਤੋਂ 50 ਹਜ਼ਾਰ ਕਰੋੜ ਰੁਪਏ ਦੇ ਪੈਕੇਜ ਤੇ ਪੰਜਾਬ ਸਰਕਾਰ ਤੋਂ ਮੁਆਵਜ਼ੇ ਦੀ ਭਰਪਾਈ ਦੀ ਮੰਗ ਸ਼ਾਮਲ ਹੈ।

ਉਨਾਂ੍ਹ ਕਿਹਾ ਕਿ ਦਿੱਲੀ ਮੋਰਚੇ ਦੌਰਾਨ ਕੇਂਦਰ ਵਿਚਲੀ ਨਰਿੰਦਰ ਮੋਦੀ ਸਰਕਾਰ ਨੇ ਜਿਣਸਾਂ ਦੀ ਖਰੀਦ ਐਮ ਐਸ ਪੀ ਤੇ ਪੱਕੇ ਤੌਰ ਤੇ ਕਰਨ, ਸਵਾਮੀਨਾਥਨ ਕਮਿਸ਼ਨ ਦੇ ਫਾਰਮੂਲੇ ਤਹਿਤ ਸਾਰੀਆਂ ਫਸਲਾਂ ਦੇ ਭਾਅ ਦੇਣ ਦੀ ਮੰਗ, ਦਿੱਲੀ ਮੋਰਚੇ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਤੇ ਕਿਸਾਨਾਂ ਤੇ ਪਾਏ ਝੂਠੇ ਕੇਸ ਰੱਦ ਕਰਨ ਅਤੇ ਲਖੀਮਪੁਰ ਖੀਰੀ ਦੇ ਕਥਿਤ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਨੂੰ ਲੈਕੇ ਪੂਰੀਆਂ ਕਰਨ ਦਾ ਵਾਅਦਾ ਕੀਤਾ ਸੀ ਲੇਕਿਨ ਸਰਕਾਰ ਉਕਤ ਮੰਗਾਂ ਨੂੰ ਲੈਕੇ ਘੇਸਲ ਵੱਟੀ ਬੈਠੀ ਹੈ। ਰੇਲ ਰੋਕੋ ਮੋਰਚਾ ਪੰਜਾਬ ਵਿੱਚ ਲਾਇਆ ਜਾ ਰਿਹਾ ਹੈ। ਜੇ ਕੇਂਦਰ ਸਰਕਾਰ ਮੰਗਾਂ ਨਹੀਂ ਮੰਨਦੀ ਤਾਂ ਇਹ ਮੋਰਚਾ ਦੂਜੇ ਸੂਬਿਆਂ ਵਿਚ ਵੀ ਤਬਦੀਲ ਕੀਤਾ ਜਾਵੇਗਾ। ਪੰਜਾਬ ਸਰਕਾਰ ਵੀ ਕੇਂਦਰ ਸਰਕਾਰ ਦੇ ਨਕਸ਼ੇ-ਕਦਮ ‘ਤੇ ਤੁਰਦਿਆਂ ਤਾਨਾਸ਼ਾਹੀ ਰਵੱਈਏ ‘ਤੇ ਉਤਾਰੂ ਹੈ ਕਿਉਂਕਿ ਪਿਛਲੇ ਦਿਨੀਂ ਕੇਂਦਰ ਸਰਕਾਰ ਵਿਰੁੱਧ ਚੰਡੀਗੜ੍ਹ ਲੱਗਣ ਵਾਲੇ ਮੋਰਚੇ ਦੌਰਾਨ ਮਾਨ ਸਰਕਾਰ ਨੇ ਕਿਸਾਨਾਂ-ਮਜ਼ਦੂਰਾਂ ‘ਤੇ ਡਾਂਗਾਂ ਵਰ੍ਹਾ ਕੇ ਕਿਸਾਨਾਂ ਨੂੰ ਘਰਾਂ ਅੰਦਰ ਤਾੜਨ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਕਈ ਕਿਸਾਨਾਂ ਨੂੰ ਸ਼ਹੀਦ ਵੀ ਕਰ ਦਿੱਤਾ ਸੀ। ਇਸ ਨਾਲ ਮਾਨ ਸਰਕਾਰ ਦਾ ਕਾਰਪੋਰੇਟ ਪੱਖੀ ਚਿਹਰਾ ਸਾਫ਼ ਨੰਗਾ ਹੁੰਦਾ ਹੈ। ਪਰ ਇਸ ਮੋਰਚੇ ਵਿਚ ਕਿਸਾਨਾਂ ਮਜ਼ਦੂਰਾਂ ਦੀ ਵੱਡੀ ਲਾਮਬੰਦੀ ਕਰ ਕੇ ਰੇਲਾਂ ਦੀਆਂ ਲਾਈਨਾਂ ‘ਤੇ ਵੱਡੇ ਇਕੱਠ ਕੀਤੇ ਜਾਣਗੇ।

ਭਾਕਿਯੂ ਏਕਤਾ ਆਜ਼ਾਦ ਦੇ ਵੱਲੋਂ ਸੰਗਰੂਰ ਜ਼ਿਲ੍ਹੇ ਵਿੱਚ ਸੁਨਾਮ ਜੰਕਸ਼ਨ ਜਾਮ ਕੀਤਾ ਜਾਵੇਗਾ। ਅੱਜ ਦੀ ਮੀਟਿੰਗ ਨੂੰ ਕੁਲਵਿੰਦਰ ਸੋਨੀ ਲੌਂਗੋਵਾਲ,ਅਮਰ ਲੌਂਗੋਵਾਲ, ਹਰਦੇਵ ਕੁਲਾਰਾ, ਸੁਖਦੇਵ ਸਿੰਘ, ਕੁਲਵਿੰਦਰ ਤੁੰਗਾਂ, ਗੁਰਦੀਪ ਮੰਡੇਰ ਖੁਰਦ, ਧੰਨਾ ਸਿੰਘ ਦਿਆਲਗੜ੍ਹ, ਸੁਖਦੇਵ ਕਿਲਾ ਭਰੀਆਂ, ਜੰਗੀਰ ਸਿੰਘ ਉੱਭਾਵਾਲ, ਰਾਜਪਾਲ ਮੰਗਵਾਲ, ਬਾਰਾ ਮੰਗਵਾਲ, ਬਲਦੇਵ ਮੰਗਵਾਲ, ਸੁਖਦੇਵ ੳੱਪਲੀ, ਬਲਜਿੰਦਰ ਸਿੰਘ, ਨਛੱਤਰ ਸਿੰਘ, ਆਦਿ ਨੇ ਵੀ ਸੰਬੋਧਨ ਕੀਤਾ।