Rule Change From 1 October, 2023: ਨਵੀਂ ਦਿੱਲੀ, ਬਿਜ਼ਨੈੱਸ ਡੈਸਕ : ਅਕਤੂਬਰ ਮਹੀਨਾ ਸ਼ੁਰੂ ਹੋ ਗਿਆ ਹੈ। ਹਰ ਮਹੀਨੇ ਦੀ ਸ਼ੁਰੂਆਤ ਨਾਲ ਕੁਝ ਬਦਲਾਅ ਹੁੰਦੇ ਹਨ, ਜਿਸ ਦਾ ਸਿੱਧਾ ਅਸਰ ਸਾਡੀ ਜੇਬ ‘ਤੇ ਪੈਂਦਾ ਹੈ। ਇਸ ‘ਚ ਆਨਲਾਈਨ ਗੇਮਿੰਗ ‘ਤੇ TCS, ਸਪੈਸ਼ਲ FD, ਨਵਾਂ ਡੈਬਿਟ ਕਾਰਡ ਅਤੇ GST ਵਰਗੇ ਨਿਯਮ ਬਦਲ ਰਹੇ ਹਨ। ਆਓ ਜਾਣਦੇ ਹਾਂ…

TCS ਦਾ ਨਵਾਂ ਨਿਯਮ

ਸਰਕਾਰ ਵੱਲੋਂ ਟੈਕਸ ਕੁਲੈਕਸ਼ਨ ਯਾਨੀ TCS ਦੇ ਸਬੰਧ ‘ਚ ਇਕ ਨਵਾਂ ਨਿਯਮ ਬਣਾਇਆ ਗਿਆ ਹੈ ਜੋ ਕਿ 1 ਅਕਤੂਬਰ, 2023 ਤੋਂ ਲਾਗੂ ਹੋ ਰਿਹਾ ਹੈ। ਇਸ ਨਿਯਮ ਦੇ ਲਾਗੂ ਹੋਣ ਤੋਂ ਬਾਅਦ ਜੇਕਰ ਤੁਸੀਂ ਇੱਕ ਲੀਮਟ ਤੋਂ ਜ਼ਿਆਦਾ ਵਿਦੇਸ਼ ਯਾਤਰਾ ਕਰਦੇ ਹੋ ਜਾਂ ਵਿਦੇਸ਼ੀ ਸ਼ੇਅਰਾਂ, ਮਿਉਚੁਅਲ ਫੰਡਾਂ ਆਦਿ ‘ਚ ਨਿਵੇਸ਼ ਕਰਦੇ ਹੋ, ਤਾਂ ਤੁਹਾਨੂੰ ਟੀਸੀਐਸ ਭਰਨਾ ਪਵੇਗਾ।

ਆਰਬੀਆਈ ਦੇ ਐਲਆਰਐਸ ਤਹਿਤ ਇਕ ਵਿਅਕਤੀ ਇਕ ਵਿੱਤੀ ਸਾਲ ‘ਚ 2.50 ਲੱਖ ਡਾਲਰ ਵਿਦੇਸ਼ ਭੇਜ ਸਕਦਾ ਹੈ। 1 ਅਕਤੂਬਰ, 2023 ਤੋਂ ਤੁਹਾਨੂੰ 7 ਲੱਖ ਰੁਪਏ ਤੋਂ ਵੱਧ ਭੇਜੇ ਗਏ ਪੈਸਿਆਂ ‘ਤੇ 20 ਪ੍ਰਤੀਸ਼ਤ TCS ਦਾ ਭੁਗਤਾਨ ਕਰਨਾ ਪਵੇਗਾ।

ਨਵਾਂ ਡੈਬਿਟ ਤੇ ਕ੍ਰੈਡਿਟ ਕਾਰਡ ਨਿਯਮ

ਭਾਰਤੀ ਰਿਜ਼ਰਵ ਬੈਂਕ ਦੇ ਨਵੇਂ ਨਿਯਮ ਅਨੁਸਾਰ ਹੁਣ ਡੈਬਿਟ ਤੇ ਕ੍ਰੈਡਿਟ ਕਾਰਡ ਲੈਣ ਵਾਲਾ ਵਿਅਕਤੀ ਆਪਣੇ ਕਾਰਡ ਨੈਟਵਰਕ ਜਿਵੇਂ ਰੁਪੇ, ਵੀਜ਼ਾ ਤੇ ਮਾਸਟਰ ਕਾਰਡ ਆਦਿ ‘ਚੋਂ ਕਿਸੇ ਦੀ ਚੋਣ ਕਰ ਸਕਦਾ ਹੈ। ਇਸ ਤੋਂ ਪਹਿਲਾਂ ਬੈਂਕ ਜਾਂ ਵਿੱਤੀ ਸੰਸਥਾ ਖੁਦ ਤੈਅ ਕਰਦੀ ਸੀ ਕਿ ਯੂਜ਼ਰ ਨੂੰ ਕਿਸ ਨੈੱਟਵਰਕ ਦਾ ਕਾਰਡ ਦਿੱਤਾ ਜਾਵੇਗਾ।

ਸਪੈਸ਼ਲ FD ਡੈੱਡਲਾਈਨ

ਸੀਨੀਅਰ ਨਾਗਰਿਕਾਂ ਲਈ ਐਸਬੀਆਈ ਵੱਲੋਂ ਚਲਾਈ ਜਾਂਦੀ ਸਪੈਸ਼ਲ ਐਫਡੀ ਸਕੀਮ ਵੀ ਕੇਅਰ ਐਫਡੀ ਦੀ ਆਖਰੀ ਤਰੀਕ 30 ਸਤੰਬਰ ਹੈ। 1 ਅਕਤੂਬਰ ਤੋਂ ਤੁਸੀਂ SBI ਦੀ ਜ਼ਿਆਦਾ ਵਿਆਜ ਵਾਲੀ FD ‘ਚ ਨਿਵੇਸ਼ ਨਹੀਂ ਕਰ ਸਕੋਗੇ।

ਆਨਲਾਈਨ ਗੇਮਿੰਗ ‘ਤੇ ਜੀਐੱਸਟੀ

ਆਨਲਾਈਨ ਗੇਮਿੰਗ ‘ਤੇ 28 ਫੀਸਦੀ ਜੀਐੱਸਟੀ 1 ਅਕਤੂਬਰ ਤੋਂ ਲੱਗਣਾ ਸ਼ੁਰੂ ਹੋ ਜਾਵੇਗਾ। ਇਸ ਲਈ ਸੰਸਦ ਤੋਂ ਮਨਜ਼ੂਰੀ ਮਿਲ ਚੁੱਕੀ ਹੈ। ਆਨਲਾਈਨ ਗੇਮਿੰਗ ਦੇ ਨਾਲ, ਘੋੜ ਦੌੜ ਅਤੇ ਕੈਸੀਨੋ ‘ਤੇ ਵੀ ਇਸੇ ਦਰ ਨਾਲ ਜੀਐਸਟੀ ਲੱਗੇਗਾ।

2000 ਰੁਪਏ ਦਾ ਨੋਟ

ਰਿਜ਼ਰਵ ਬੈਂਕ ਨੇ 2000 ਰੁਪਏ ਦੇ ਨੋਟ ਬਦਲਣ ਲਈ 30 ਸਤੰਬਰ ਤੈਅ ਕੀਤੀ ਹੈ। ਇਸ ਤੋਂ ਬਾਅਦ ਤੁਸੀਂ 2000 ਰੁਪਏ ਦੇ ਨੋਟ ਨਹੀਂ ਬਦਲ ਸਕੋਗੇ।

SIP ‘ਚ ਹੋਵੇਗੀ ਟਾਈਮ ਲਿਮਟ

ਨੈਸ਼ਨਲ ਆਟੋਮੇਟਿਡ ਕਲੀਅਰਿੰਗ ਹਾਊਸ (NACH) ਵੱਲੋਂ 18 ਅਗਸਤ ਨੂੰ ਇਕ ਸਰਕੂਲਰ ਜਾਰੀ ਕੀਤਾ ਗਿਆ ਸੀ। ਇਸ ਵਿੱਚ, SIP ਲਈ ਵੱਧ ਤੋਂ ਵੱਧ ਮਿਆਦ 30 ਸਾਲ ਨਿਰਧਾਰਤ ਕੀਤੀ ਗਈ ਹੈ। ਇਹ ਨਿਯਮ 1 ਅਕਤੂਬਰ ਤੋਂ ਲਾਗੂ ਹੋ ਰਿਹਾ ਹੈ।