ਹਾਂਗਜ਼ੂ (ਪੀਟੀਆਈ) : ਏਸ਼ਿਆਈ ਖੇਡਾਂ ਵਿਚ ਪੁਰਸ਼ ਕ੍ਰਿਕਟ ਟੀਮ ਦੀ ਕਮਾਨ ਸੰਭਾਲ ਰਹੇ ਰੁਤੂਰਾਜ ਗਾਇਕਵਾੜ ਨੇ ਕਿਹਾ ਕਿ ਉਸ ਨੇ ਮਹਿੰਦਰ ਸਿੰਘ ਧੋਨੀ ਤੋਂ ਬਹੁਤ ਕੁਝ ਸਿੱਖਿਆ ਹੈ ਪਰ ਉਸ ਦੀ ਕਪਤਾਨੀ ਦੀ ਆਪਣੀ ਸ਼ੈਲੀ ਹੈ। ਮਹਿਲਾ ਟੀਮ ਤੋਂ ਬਾਅਦ ਹੁਣ ਭਾਰਤੀ ਪੁਰਸ਼ ਕ੍ਰਿਕਟ ਟੀਮ ਵੀ ਸੋਨ ਤਗਮੇ ਦੀ ਦਾਅਵੇਦਾਰ ਹੋਵੇਗੀ। ਭਾਰਤੀ ਟੀਮ ਮੰਗਲਵਾਰ ਨੂੰ ਨੇਪਾਲ ਨਾਲ ਕੁਆਰਟਰ ਫਾਈਨਲ ਖੇਡੇਗੀ। ਆਈਪੀਐੱਲ ’ਚ ਧੋਨੀ ਦੀ ਚੇਨਈ ਸੁਪਰ ਕਿੰਗਸ ਲਈ ਖੇਡਣ ਵਾਲੇ ਗਾਇਕਵਾੜ ਨੇ ਕਿਹਾ ਕਿ ਮੈਂ ਧੋਨੀ ਤੋਂ ਬਹੁਤ ਕੁਝ ਸਿੱਖਿਆ ਹੈ ਪਰ ਹਰ ਵਿਅਕਤੀ ਦਾ ਆਪਣਾ ਅੰਦਾਜ਼ ਹੁੰਦਾ ਹੈ। ਉਸ ਦਾ ਅੰਦਾਜ਼ ਵੱਖਰਾ ਹੈ, ਉਸ ਦੀ ਸ਼ਖਸੀਅਤ ਵੱਖਰੀ ਹੈ ਅਤੇ ਮੇਰੀ ਵੱਖਰੀ ਹੈ। ਮੈਂ ਉਨ੍ਹਾਂ ਵਰਗਾ ਕੁਝ ਕਰਨ ਦੀ ਕੋਸ਼ਿਸ਼ ਕਰਨ ਦੀ ਬਜਾਏ ਆਪਣੀ ਖੁਦ ਦੀ ਸ਼ੈਲੀ ਨਾਲ ਖੇਡਣਾ ਪਸੰਦ ਕਰਾਂਗਾ। ਹਾਲਾਤ ਦਾ ਸਾਹਮਣਾ ਕਰਨ ਅਤੇ ਖਿਡਾਰੀਆਂ ਦੀ ਸਹੀ ਵਰਤੋਂ ਕਰਨ ਸਬੰਧੀ ਉਸ ਤੋਂ ਸਿੱਖੇ ਸਬਕ ਨੂੰ ਮੈਂ ਜ਼ਰੂਰ ਲਾਗੂ ਕਰਾਂਗਾ। ਗਾਇਕਵਾੜ ਨੇ ਕਿਹਾ ਕਿ ਕ੍ਰਿਕਟ ਵਿਚ ਵਿਸ਼ਵ ਕੱਪ, ਆਈਪੀਐੱਲ ਅਤੇ ਘਰੇਲੂ ਟੂਰਨਾਮੈਂਟ ਹੁੰਦੇ ਹਨ। ਅਸੀਂ ਇਸ ਤਰ੍ਹਾਂ ਦੇ ਹਾਲਾਤ ਅਤੇ ਮਾਹੌਲ ਦੇ ਆਦੀ ਹਾਂ, ਪਰ ਇੱਥੇ ਖੇਲਗਾਓਂ ’ਚ ਰਹਿ ਕੇ ਦੂਜੇ ਖਿਡਾਰੀਆਂ ਅਤੇ ਉਨ੍ਹਾਂ ਦੇ ਸੰਘਰਸ਼ ਨੂੰ ਜਾਣਨਾ ਇਕ ਵੱਖਰਾ ਅਨੁਭਵ ਹੈ। ਉਨ੍ਹਾਂ ਨੂੰ ਦੋ-ਤਿੰਨ ਸਾਲ ਜਾਂ ਚਾਰ ਸਾਲ ਵਿਚ ਖੇਡਣ ਦਾ ਮੌਕਾ ਮਿਲਦਾ ਹੈ। ਸਾਨੂੰ ਖੇਲਗਾਓਂ ਦਾ ਦੌਰਾ ਕਰ ਕੇ ਬਹੁਤ ਆਨੰਦ ਆਇਆ। ਭਾਰਤੀ ਕੋਚ ਵੀਵੀਐੱਸ ਲਕਸ਼ਮਣ ਨੇ ਕਿਹਾ ਕਿ ਚੀਨ ਵਿਚ ਕ੍ਰਿਕਟ ਖੇਡਣਾ ਇਕ ਅਨੋਖਾ ਅਨੁਭਵ ਹੋਵੇਗਾ। ਉਸ ਨੇ ਕਿਹਾ ਕਿ ਇੱਥੇ ਖੇਡਣਾ ਬਹੁਤ ਵੱਖਰਾ ਹੈ। ਅਸੀਂ ਕਦੇ ਸੋਚਿਆ ਵੀ ਨਹੀਂ ਸੀ ਕਿ ਅਸੀਂ ਚੀਨ ’ਚ ਕ੍ਰਿਕਟ ਖੇਡਾਂਗੇ। ਇਹ ਪੂਰੀ ਟੀਮ ਲਈ ਵਧੀਆ ਮੌਕਾ ਹੈ। ਏਸ਼ਿਆਈ ਖੇਡਾਂ ਵਿਚ ਹਿੱਸਾ ਲੈਣਾ ਮਾਣ ਵਾਲੀ ਗੱਲ ਹੈ।