ਨਵੀਂ ਦਿੱਲੀ, ਸਪੋਰਟਸ ਡੈਸਕ : ਇਕ ਰੋਜ਼ਾ ਵਿਸ਼ਵ ਕੱਪ ਦੀ ਵੀਰਵਾਰ ਤੋਂ ਭਾਰਤ ਮੇਜ਼ਬਾਨੀ ਕਰੇਗਾ। ਇਸ ਸਾਲ ਪੂਰੇ ਟੂਰਨਾਮੈਂਟ ਦੀ ਮੇਜ਼ਬਾਨੀ ਭਾਰਤ ਕਰੇਗਾ। ਇਸ ਵਿਚ ਕੁੱਲ 10 ਟੀਮਾਂ ਭਾਗ ਲੈਣਗੀਆਂ ਅਤੇ 10 ਥਾਵਾਂ ‘ਤੇ 48 ਮੈਚ ਖੇਡੇ ਜਾਣਗੇ। ਆਈਸੀਸੀ ਵਨਡੇ ਵਿਸ਼ਵ ਕੱਪ ਦਾ ਉਦਘਾਟਨੀ ਮੈਚ ਇੰਗਲੈਂਡ ਅਤੇ ਨਿਊਜ਼ੀਲੈਂਡ ਵਿਚਾਲੇ ਖੇਡਿਆ ਜਾਵੇਗਾ। ਭਾਰਤੀ ਟੀਮ 8 ਅਕਤੂਬਰ ਨੂੰ ਚੇਨਈ ‘ਚ ਆਸਟ੍ਰੇਲੀਆ ਖਿਲਾਫ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ।

ਜੇਮਸ ਐਂਡਰਸਨ ਦੀ ਭਵਿੱਖਬਾਣੀ

ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਨੇ ਵਿਸ਼ਵ ਕੱਪ 2023 ਤੋਂ ਠੀਕ ਪਹਿਲਾਂ ਭਵਿੱਖਬਾਣੀ ਕਰ ਕੇ ਭਾਰਤੀ ਕ੍ਰਿਕਟ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਐਂਡਰਸਨ ਨੇ ਕਿਹਾ ਕਿ ਵਿਸ਼ਵ ਕੱਪ 2023 ਦਾ ਫਾਈਨਲ ਮੈਚ 19 ਨਵੰਬਰ ਨੂੰ ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡਿਆ ਜਾਵੇਗਾ। ਇੰਗਲੈਂਡ ਦੀ ਟੀਮ ਫਾਈਨਲ ਵਿਚ ਭਾਰਤ ਨੂੰ ਹਰਾ ਕੇ ਲਗਾਤਾਰ ਦੂਜੀ ਵਾਰ ਖ਼ਿਤਾਬ ਜਿੱਤੇਗੀ। ਜੇਮਸ ਐਂਡਰਸਨ ਨੇ ਬੀਬੀਸੀ ਟੈਸਟ ਮੈਚ ਸਪੈਸ਼ਲ ਨਾਲ ਗੱਲਬਾਤ ਕਰਦਿਆਂ ਹੋਏ ਆਉਣ ਵਾਲੇ ਵਿਸ਼ਵ ਕੱਪ ਦੇ ਸੈਮੀਫਾਈਨਲ ਵਿਚ ਪਹੁੰਚਣ ਵਾਲੀਆਂ ਚਾਰ ਟੀਮਾਂ ਦੇ ਨਾਂ ਦੱਸੇ।

ਇੰਗਲੈਂਡ, ਭਾਰਤ, ਆਸਟ੍ਰੇਲੀਆ ਅਤੇ ਦੱਖਣੀ ਅਫਰੀਕਾ ਦੀਆਂ ਟੀਮਾਂ ਸੈਮੀਫਾਈਨਲ ‘ਚ ਪਹੁੰਚਣਗੀਆਂ। ਦੱਖਣੀ ਅਫ਼ਰੀਕਾ ਨੇ ਜਿਸ ਤਰ੍ਹਾਂ ਆਸਟਰੇਲੀਆ ਖ਼ਿਲਾਫ਼ ਸੀਰੀਜ਼ ਜਿੱਤੀ ਹੈ, ਉਹ ਮੈਨੂੰ ਬਹੁਤ ਪਸੰਦ ਆਇਆ।ਉਨ੍ਹਾਂ ਕੋਲ ਸ਼ਾਨਦਾਰ ਗੇਂਦਬਾਜ਼ ਹਨ। ਪਾਕਿਸਤਾਨ ਅਤੇ ਨਿਊਜ਼ੀਲੈਂਡ ਨੇੜੇ ਆ ਜਾਣਗੇ ਪਰ ਸੈਮੀਫਾਈਨਲ ਲਈ ਕੁਆਲੀਫਾਈ ਨਹੀਂ ਕਰ ਸਕਣਗੇ।

ਸਟੀਵ ਫਿਨ ਨੇ ਵੀ ਚਾਰ ਟੀਮਾਂ ਦੀ ਕੀਤੀ ਚੋਣ

ਜੇਮਸ ਐਂਡਰਸਨ ਦੇ ਸਾਥੀ ਸਟੀਵ ਫਿਨ ਨੇ ਵੀ ਆਉਣ ਵਾਲੇ ਵਿਸ਼ਵ ਕੱਪ ਲਈ ਚਾਰ ਸੈਮੀਫਾਈਨਲ ਟੀਮਾਂ ਦੀ ਚੋਣ ਕੀਤੀ ਹੈ। ਸਟੀਵ ਫਿਨ ਨੇ ਕਿਹਾ ਕਿ ਇੰਗਲੈਂਡ, ਨਿਊਜ਼ੀਲੈਂਡ, ਭਾਰਤ ਅਤੇ ਪਾਕਿਸਤਾਨ ਸੈਮੀਫਾਈਨਲ ‘ਚ ਜਗ੍ਹਾ ਬਣਾਉਣ ‘ਚ ਕਾਮਯਾਬ ਹੋਣਗੇ ਕਿਉਂਕਿ ਇਹ ਚਾਰੇ ਟੀਮਾਂ ਕਾਫੀ ਸੰਤੁਲਿਤ ਹਨ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਇਨ੍ਹਾਂ ਦੋਵਾਂ ਵਿੱਚੋਂ ਕਿਸ ਦੀ ਭਵਿੱਖਬਾਣੀ ਸਹੀ ਸਾਬਿਤ ਹੁੰਦੀ ਹੈ।