ਭਾਰਤ ਭੂਸ਼ਣ ਗੋਇਲ, ਸਮਾਣਾ : ਵੀਰਵਾਰ ਦੇਰ ਸ਼ਾਮ ਸਮਾਣਾ-ਪਟਿਆਲਾ ਰੋਡ ‘ਤੇ ਟੋਲ ਪਲਾਜ਼ਾ ਦੇ ਨਜ਼ਦੀਕ ਟਿੱਪਰ ਤੇ ਮੋਟਰਸਾਇਕਲ ਦਰਮਿਆਨ ਹੋਈ ਟੱਕਰ ‘ਚ ਮੋਟਰਸਾਇਕਲ ਸਵਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਿਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ।

ਸਿਵਲ ਹਸਪਤਾਲ ‘ਚ ਮਿ੍ਤਕ ਅਮਨ ਕੁਮਾਰ ਸ਼ਰਮਾ (40) ਪੁੱਤਰ ਜੀਵਨ ਕੁਮਾਰ ਵਾਸੀ ਜੈਨ ਮੁਹੱਲਾ ਸਮਾਣਾ ਦਾ ਪੋਸਟਮਾਰਟਮ ਕਰਵਾਉਣ ਆਏ ਮਾਮਲੇ ਦੇ ਜਾਂਚ ਅਧਿਕਾਰੀ ਸਦਰ ਥਾਣਾ ਦੇ ਏਐੱਸਆਈ ਗੁਰਦੇਵ ਸਿੰਘ ਨੇ ਦੱਸਿਆ ਕਿ ਮਿ੍ਤਕ ਦੀ ਪਤਨੀ ਸੋਨੀਆ ਵੱਲੋਂ ਦਰਜ ਕਰਵਾਏ ਬਿਆਨਾਂ ਅਨੁਸਾਰ ਉਸ ਦਾ ਪਤੀ ਢਾਬੇ ਦਾ ਕੰਮ ਕਰਦਾ ਸੀ ਤੇ ਬੀਤੀ ਦੇਰ ਸ਼ਾਮ ਜਦੋਂ ਉਹ ਪਿੰਡ ਨੱਸੂਪੁਰ ਤੋਂ ਪੀਰ ਬਾਬਾ ਦੀ ਦਰਗਾਹ ‘ਤੇ ਮੱਥਾ ਟੇਕਣ ਤੋਂ ਬਾਅਦ ਮੋਟਰਸਾਇਕਲ ‘ਤੇ ਸਵਾਰ ਹੋ ਕੇ ਵਾਪਿਸ ਸਮਾਣਾ ਵੱਲ ਆ ਰਿਹਾ ਸੀ। ਇਸ ਦੌਰਾਨ ਟੋਲ ਪਲਾਜ਼ਾ ਦੇ ਨਜ਼ਦੀਕ ਪਹੁੰਚਣ ‘ਤੇ ਇੱਕ ਤੇਜ਼ ਰਫਤਾਰ ਟਿੱਪਰ ਨੇ ਮੋਟਸਾਇਕਲ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ। ਜਿਸ ਕਾਰਨ ਉਸ ਦੇ ਪਤੀ ਦੀ ਘਟਨਾ ਸਥਾਨ ‘ਤੇ ਹੀ ਮੌਤ ਹੋ ਗਈ। ਜਦੋਂ ਕਿ ਹਾਦਸੇ ਤੋਂ ਬਾਅਦ ਟਿੱਪਰ ਚਾਲਕ ਵਾਹਨ ਛੱਡ ਕੇ ਫਰਾਰ ਹੋ ਗਿਆ। ਪੁਲਿਸ ਨੇ ਅਣਪਛਾਤੇ ਵਾਹਨ ਚਾਲਕ ਵਿਰੁੱਧ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।