ਪੰਕਜ ਭੱਟ , ਲੁਧਿਆਣਾ

ਸਕੂਲ ਤੇ ਪੁਲਿਸ ਪ੍ਰਸ਼ਾਸਨ ਦੀ ਅਣਗਹਿਲੀ ਦਾ ਖਮਿਆਜ਼ਾ ਜਨਤਾ ਨੂੰ ਭੁਗਤਣਾ ਪੈ ਰਿਹਾ ਹੈ। ਛੁੱਟੀ ਦੌਰਾਨ ਡੀਏਵੀ ਪੁਲਿਸ ਪਬਲਿਕ ਸਕੂਲ ਅਤੇ ਕੇਵੀਐੱਮ ਸਕੂਲ ਦੇ ਬਾਹਰ ਰੋਜ਼ਾਨਾ ਟ੍ਰੈਫਿਕ ਜਾਮ ਕਾਰਨ ਆਮ ਲੋਕ ਪਰੇਸ਼ਾਨ ਹਨ। ਨੇੜੇ ਹੀ ਡੀਐੱਮਸੀ ਹਸਪਤਾਲ ਹੋਣ ਦੇ ਬਾਵਜੂਦ ਸਕੂਲ ਮੈਨੇਜਮੈਂਟ ਅਤੇ ਟ੍ਰੈਫਿਕ ਪੁਲਿਸ ਇਸ ਪ੍ਰਤੀ ਗੰਭੀਰ ਨਹੀਂ ਹਨ। ਇਸ ਸਬੰਧੀ ਗੱਲਬਾਤ ਕਰਦਿਆਂ ਕਾਂਗਰਸੀ ਆਗੂ ਪਰਮਿੰਦਰ ਮਹਿਤਾ ਨੇ ਕਿਹਾ ਕਿ ਉਕਤ ਸਕੂਲ ‘ਚ ਰੋਜ਼ਾਨਾ ਛੁੱਟੀ ਦੌਰਾਨ ਅਕਸਰ ਬਾਹਰ ਸੜਕਾਂ ‘ਤੇ ਲੰਮਾ ਜਾਮ ਲੱਗ ਜਾਂਦਾ ਹੈ, ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰ ਅਫ਼ਸੋਸ ਦੀ ਗੱਲ ਹੈ ਕਿ ਪੁਲਿਸ ਲਾਈਨ ਤੋਂ ਡੀਐੱਮਸੀ ਹਸਪਤਾਲ ਚੌਂਕ ਤੱਕ ਸੜਕ ਦੇ ਦੋਵੇਂ ਪਾਸੇ ਰੋਜ਼ਾਨਾ ਟ੍ਰੈਫਿਕ ਜਾਮ ਹੋਣ ਦੇ ਬਾਵਜੂਦ ਨਾ ਤਾਂ ਸਕੂਲ ਮੈਨੇਜਮੈਂਟ ਟ੍ਰੈਫਿਕ ਲਈ ਕੋਈ ਪੁਖਤਾ ਪ੍ਰਬੰਧ ਕਰ ਪਾ ਰਹੀ ਹੈ ਅਤੇ ਨਾ ਹੀ ਪੁਲਿਸ ਪ੍ਰਸ਼ਾਸਨ ਕੋਈ ਠੋਸ ਪ੍ਰਬੰਧ ਕਰਦਾ ਨਜ਼ਰ ਆ ਰਿਹਾ ਹੈ। ਮਹਿਤਾ ਨੇ ਪੁਲਿਸ ਪ੍ਰਸ਼ਾਸਨ ਦੀ ਕਰਨੀ ਅਤੇ ਕਹਿਣੀ ਵਿਚ ਵੱਡਾ ਫਰਕ ਦੱਸਦਿਆਂ ਕਿਹਾ ਕਿ ਇਕ ਪਾਸੇ ਮੁੱਖ ਮੰਤਰੀ ਲੁਧਿਆਣਾ ਤੋਂ ਲੈ ਕੇ ਪੰਜਾਬ ਭਰ ਵਿਚ ਟ੍ਰੈਫਿਕ ਨੂੰ ਸੁਧਾਰਨ ਲਈ ਵੱਡੇ ਕਦਮ ਚੁੱਕਣ ਦਾ ਐਲਾਨ ਕਰਦੇ ਹਨ, ਦੂਜੇ ਪਾਸੇ ਮਹਾਨਗਰ ਦੀਆਂ ਜ਼ਿਆਦਾਤਰ ਸੜਕਾਂ ‘ਚ ਜਾਮ ਕਾਰਨ ਆਮ ਜਨਤਾ ਪਰੇਸ਼ਾਨ ਹੋ ਰਹੀ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਕਤ ਸੜਕ ‘ਤੇ ਘੰਟਿਆਂਬੱਧੀ ਲੱਗਣ ਵਾਲੇ ਜਾਮ ਤੋਂ ਲੋਕਾਂ ਨੂੰ ਰਾਹਤ ਦਿਵਾਉਣ ਲਈ ਤੁਰੰਤ ਢੁਕਵੇਂ ਪ੍ਰਬੰਧ ਕੀਤੇ ਜਾਣ।