-ਐਕਟਿਵਾ ਖੋਹਣ ਦੀ ਕੋਸ਼ਿਸ਼ ਮਹਿਲਾ ਨੇ ਹਿੰਮਤ ਕਰ ਕੇ ਕੀਤੀ ਨਾਕਾਮ

ਪੱਤਰ ਪੇ੍ਰਰਕ, ਝਬਾਲ : ਤਰਨਤਾਰਨ ਤੋਂ ਝਬਾਲ ਜਾ ਰਹੀਆਂ ਐਕਟਿਵਾ ਸਵਾਰ ਮਾਂ ਧੀ ਨੂੰ ਬਾਈਕ ਸਵਾਰ ਤਿੰਨ ਨਕਾਬਪੋਸ਼ ਖੋਹਬਾਜ਼ਾਂ ਨੇ ਨਿਸ਼ਾਨਾ ਬਣਾਉਂਦਿਆਂ ਬਾਬਾ ਸਿਧਾਣਾ ਜੀ ਗੇਟ ਕੋਲ ਦਾਤਰ ਦੀ ਨੋਕ ‘ਤੇ ਉਨ੍ਹਾਂ ਦੀ ਸਕੂਟੀ ਖੋਹਣ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਮਹਿਲਾ ਨੇ ਹਿੰਮਤ ਨਾਲ ਨਾਕਾਮ ਕਰ ਦਿੱਤਾ ਤਾਂ ਉਕਤ ਲੋਕ ਉਸਦਾ ਪਰਸ ਤੇ ਮੋਬਾਈਲ ਫੋਨ ਖੋਹ ਕੇ ਭੱਜ ਗਏ। ਪਰਸ ਵਿਚ ਨਕਦੀ ਤੇ ਕਾਗਜ਼ਾਤ ਸਨ।

ਮੌਕੇ ‘ਤੇ ਪੁੱਜੀ ਥਾਣਾ ਝਬਾਲ ਦੀ ਪੁਲਿਸ ਨੇ ਮਹਿਲਾ ਦੀ ਸ਼ਿਕਾਇਤ ਦੇ ਆਧਾਰ ‘ਤੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਸਪਾਲ ਕੌਲ ਪਤਨੀ ਸ਼ਰਨਜੀਤ ਸਿੰਘ ਵਾਸੀ ਝਬਾਲ ਕਲਾਂ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਹ ਸ਼ਾਮ ਕਰੀਬ ਸਾਢੇ ਪੰਜ ਵਜੇ ਆਪਣੀ ਲੜਕੀ ਸਮੇਤ ਤਰਨਤਾਰਨ ਤੋਂ ਝਬਾਲ ਐਕਟਿਵਾ ‘ਤੇ ਸਵਾਰ ਹੋ ਕੇ ਜਾ ਰਹੀ ਸੀ। ਜਦੋਂ ਉਹ ਬਾਬਾ ਸਿਧਾਣਾ ਜੀ ਗੇਟ ਝਬਾਲ ਕੋਲ ਪਹੁੰਚੀ ਤਾਂ ਪਿੱਿਛਓਂ ਮੋਟਰਸਾਈਕਲ ਸਵਾਰ ਤਿੰਨ ਨੌਜਵਾਨ ਆਏ, ਜਿਨ੍ਹਾਂ ਨੇ ਮੂੰਹ ਢੱਕੇ ਹੋਏ ਸਨ। ਉਕਤ ਲੋਕਾਂ ਨੇ ਦਾਤਰ ਨਾਲ ਉਸ ਨੂੰ ਮਾਰਨ ਦੀ ਧਮਕੀ ਦਿੱਤੀ ਅਤੇ ਐਕਟਿਵਾ ਖੋਹਣ ਦੀ ਕੋਸ਼ਿਸ਼ ਕਰਨ ਲੱਗੇ। ਐਕਟਿਵਾ ਤਾਂ ਉਸਨੇ ਬਚਾ ਲਈ ਪਰ ਉਕਤ ਲੋਕ ਉਸਦਾ ਪਰਸ ਜਿਸ ਵਿਚ ਚਾਰ ਹਜ਼ਾਰ ਦੀ ਨਕਦੀ ਤੇ ਆਧਾਰ ਕਾਰਡ ਮੌਜੂਦ ਸੀ, ਤੋਂ ਇਲਾਵਾ ਸੈਮਸੰਗ ਕੰਪਨੀ ਦਾ ਮੋਬਾਈਲ ਫੋਨ ਖੋਹ ਕੇ ਪਿੰਡ ਲਾਲੂਘੁੰਮਣ ਵੱਲ ਫਰਾਰ ਹੋ ਗਏ। ਥਾਣਾ ਝਬਾਲ ਦੇ ਮੁਖੀ ਇੰਸਪੈਕਟਰ ਰਜਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕਰ ਰਹੇ ਏਐੱਸਾਈ ਲਖਵਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਗਠਤ ਕੀਤੀ ਗਈ ਹੈ। ਜੋ ਲੁਟੇਰਿਆਂ ਦਾ ਪਤਾ ਲਗਾਉਣ ਲਈ ਕੰਮ ਕਰ ਰਹੀ ਹੈ।