ਮੁੰਬਈ— ਵੱਧ ਸਾਵਧਾਨੀ ਵਰਤਣਾ ਸ਼ਾਹਰੁਖ ਲਈ ਮਹਿੰਗਾ ਪੈ ਗਿਆ। ਰਿਲੀਜ਼ ਤੋਂ ਪਹਿਲਾਂ ‘ਰਈਸ’ ਦੇ ਸਾਹਮਣੇ ਇਕ ਵੱਡੀ ਮੁਸੀਬਤ ਆ ਖੜ੍ਹੀ ਹੋਈ ਹੈ। ਸ਼ਾਹਰੁਖ ਖਾਨ ਦੀ ਛੇਤੀ ਆਉਣ ਵਾਲੀ ਫਿਲਮ ‘ਰਈਸ’ ਇਕ ਰੀਅਲ ਲਾਈਫ ਸਟੋਰੀ ਤੋਂ ਪ੍ਰੇਰਿਤ ਹੈ। ਇਹ ਫਿਲਮ ਗੁਜਰਾਤ ਦੇ ਗੈਂਗਸਟਰ ਅਬਦੁਲ ਲਤੀਫ ਦੇ ਜੀਵਨ ‘ਤੇ ਆਧਾਰਿਤ ਹੈ। 1997 ਵਿਚ ਗੁਜਰਾਤ ਪੁਲਸ ਨੇ ਐਨਕਾਊਂਟਰ ਵਿਚ ਲਤੀਫ ਨੂੰ ਢੇਰ ਕਰ ਦਿੱਤਾ ਸੀ।
ਰਿਪੋਰਟਸ ਮੁਤਾਬਕ ਸ਼ਾਹਰੁਖ ਨੂੰ ਗੈਂਗਸਟਰ ਅਬਦੁਲ ਲਤੀਫ ਦੇ ਬੇਟੇ ਮੁਸ਼ਤਾਕ ਅਹਿਮਦ ਨੇ ਲੀਗਲ ਨੋਟਿਸ ਭੇਜਿਆ ਹੈ ਅਤੇ ਇਸ ਨੋਟਿਸ ਰਾਹੀਂ ਉਨ੍ਹਾਂ ਨੇ ਸ਼ਾਹਰੁਖ ਤੋਂ ਫਿਲਮ ਦੀ ਰਿਲੀਜ਼ ਹੋਣ ਦੇਣ ਲਈ 10 ਕਰੋੜ ਰੁਪਏ ਦੀ ਮੰਗ ਕੀਤੀ ਹੈ। ਫਿਲਮ ਦੀ ਸ਼ੂਟਿੰਗ ਕਰਨ ਤੋਂ ਪਹਿਲਾਂ ਸ਼ਾਹਰੁਖ ਮੁਸ਼ਤਾਕ ਅਹਿਮਦ ਨੂੰ ਮਿਲਣ ਦੋ ਵਾਰ ਗੁਜਰਾਤ ਗਏ ਸਨ। ਅਜਿਹਾ ਸ਼ਾਹਰੁਖ ਨੇ ਅਬਦੁਲ ਲਤੀਫ ਦੇ ਕਰੈਕਟਰ ਨੂੰ ਚੰਗੀ ਤਰ੍ਹਾਂ ਸਮਝਣ ਲਈ ਕੀਤਾ। ਸੂਤਰਾਂ ਦੀ ਮੰਨੀਏ ਤਾਂ ਸ਼ੁਰੂਆਤ ਤੋਂ ਇਸ ਫਿਲਮ ਦੀ ਮੇਕਿੰਗ ਵਿਚ ਮੁਸ਼ਤਾਕ ਅਹਿਮਦ ਦਾ ਐਕਟਿਵ ਇਨਵਾਲਵਮੈਂਟ ਰਿਹਾ ਹੈ।
ਉਨ੍ਹਾਂ ਨੇ ਅਬਦੁਲ ਬਾਰੇ ਅਹਿਮ ਜਾਣਕਾਰੀਆਂ ਮੁਹੱਈਆ ਕਰਵਾਈਆਂ ਤਾਂ ਕਿ ਸ਼ਾਹਰੁਖ ਫਿਲਮ ਵਿਚ ਉਨ੍ਹਾਂ ਦੇ ਕਿਰਦਾਰ ਨਾਲ ਇਨਸਾਫ ਕਰ ਸਕਣ। ਇਨ੍ਹਾਂ ਮੁਲਾਕਾਤਾਂ ਦੌਰਾਨ ਪਤਾ ਲੱਗਾ ਕਿ ਲਤੀਫ ਫੈਮਿਲੀ ਦੇ ਬੀ. ਜੇ. ਪੀ. ਨੇਤਾਵਾਂ ਨਾਲ ਨੇੜਲੇ ਰਿਸ਼ਤੇ ਹਨ। ਜਦੋਂ ਸ਼ਾਹਰੁਖ ਨੂੰ ਅਹਿਸਾਸ ਹੋਇਆ ਕਿ ਮੁਸ਼ਤਾਕ ਅਹਿਮਦ ਨਾਲ ਉਨ੍ਹਾਂ ਦੀਆਂ ਮੁਲਾਕਾਤਾਂ ਨੂੰ ਸਿਆਸੀ ਜਾਮਾ ਪਹਿਨਾਇਆ ਜਾ ਸਕਦਾ ਹੈ ਤਾਂ ਉਨ੍ਹਾਂ ਨੇ ਮੁਸ਼ਤਾਕ ਤੋਂ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ।