ਓਟਾਵਾ- ਕੈਨੇਡਾ ਦੀਆਂ ਤਿੰਨ ਵੱਡੀਆਂ ਪਾਰਟੀਆਂ ਵਿਚੋਂ ਇਕ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਵਜੋਂ ਐਰਿਨ ਓ ਟੂਲੇ ਨੇ ਕਮਾਨ ਸੰਭਾਲੀ ਹੈ। ਉਨ੍ਹਾਂ ਨੇ ਜਿੱਤਣ ਮਗਰੋਂ ਆਪਣੇ ਪਹਿਲੇ ਭਾਸ਼ਣ ਵਿਚ ਕਿਹਾ ਕਿ ਤੁਸੀਂ ਮੇਰੇ ਬਾਰੇ ਬਹੁਤ ਕੁਝ ਸੁਣਿਆ ਹੋਵੇਗਾ ਤੇ ਅਗਲੇ ਆਉਣ ਵਾਲੇ ਸਮੇਂ ਵਿਚ ਵੀ ਬਹੁਤ ਕੁਝ ਸੁਣੋਗੇ। ਮੈਂ ਤੁਹਾਡੇ ਪਰਿਵਾਰ ਤੇ ਤੁਹਾਡੇ ਲਈ ਲੜ ਰਿਹਾ ਹਾਂ।
ਓਂਟਾਰੀਓ ਤੋਂ ਐੱਮ. ਪੀ. ਟੂਲੇ ਨੇ ਪੀਟਰ ਮੈਕੀ ਨੂੰ ਹਰਾਇਆ। ਮੈਕੀ ਨੇ ਚੋਣਾਂ ਵਿਚ ਦੂਜਾ ਤੇ ਲੈਵਿਸ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਟੂਲੇ ਨੇ 19,271 ਵੋਟਾਂ ਹਾਸਲ ਕੀਤੀਆਂ ਜਦਕਿ ਜਿੱਤਣ ਲਈ 16,901 ਵੋਟਾਂ ਹਾਸਲ ਕਰਨ ਦੀ ਜ਼ਰੂਰਤ ਹੈ। 47 ਸਾਲਾ ਟੂਲੇ ਨੇ ਐਂਡਰੀਊ ਸ਼ੀਅਰ ਦੀ ਥਾਂ ਲਈ ਹੈ ਤੇ ਉਨ੍ਹਾਂ ਨੂੰ ਪੀ. ਐੱਮ. ਟਰੂਡੋ ਨਾਲ ਮੁਕਾਬਲਾ ਕਰਨ ਲਈ ਚੁਣਿਆ ਗਿਆ ਹੈ। ਨੋਵਾ ਸਕੋਸ਼ੀਆ ਦੇ ਸਾਬਕਾ ਮੈਂਬਰ ਆਫ ਪਾਰਲੀਮੈਂਟ ਪੀਟਰ ਮੈਕੀ ਨੇ ਕਾਫੀ ਵੋਟਾਂ ਹਾਸਲ ਕੀਤੀਆਂ ਪਰ ਉਹ ਜਿੱਤ ਨਾ ਸਕੇ। ਉਨ੍ਹਾਂ 11,328 ਵੋਟਾਂ ਹਾਸਲ ਕੀਤੀਆਂ ਜਦਕਿ ਜਿੱਤਣ ਲਈ 16,901 ਵੋਟਾਂ ਚਾਹੀਦੀਆਂ ਸਨ। ‘ਵੀ ਚੈਰਿਟੀ’ ਦੇ ਮੁੱਦੇ ‘ਤੇ ਘਿਰੇ ਪੀ. ਐੱਮ. ਜਸਟਿਨ ਟਰੂਡੋ ਨੂੰ ਮਾਤ ਦੇਣ ਲਈ ਕੰਜ਼ਰਵੇਟਿਵ ਪਾਰਟੀ ਨੇ ਦਿੱਗਜ ਨੇਤਾ ਦੀ ਚੋਣ ਕੀਤੀ ਹੈ।