ਛਪਰਾ— ਬਿਹਾਰ ਦੇ ਛਪਰਾ ਜ਼ਿਲੇ ‘ਚ ਇਕ ਨਿਜੀ ਸਕੂਲ ‘ਚ ਪੜ੍ਹਨ ਵਾਲੀ 9ਵੀਂ ਜਮਾਤ ਦੀ ਨਾਬਾਲਿਗ ਵਿਦਿਆਰਥਣ ਨਾਲ ਸਮੂਹਿਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਛਪਰਾ ਦੇ ਪਰਸਾਗੜ ‘ਚ ਇਕ ਨਿਜੀ ਸਕੂਲ ‘ਚ ਪੜਾਈ ਕਰਨ ਵਾਲੀ 9ਵੀਂ ਜਮਾਤ ਦੀ ਵਿਦਿਆਰਥਣ ਨਾਲ 18 ਲੋਕਾਂ ਵਲੋਂ 7 ਮਹੀਨੇ ਤੋਂ ਬਲਾਤਕਾਰ ਕੀਤਾ ਜਾ ਰਿਹਾ ਸੀ। ਨਾਬਾਲਿਗ ਨੇ ਇਸ ਬਾਰੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ। ਵਿਦਿਆਰਥਣ ਨੇ ਪੁਲਸ ਨੂੰ ਸ਼ਿਕਾਇਤ ‘ਚ ਸਕੂਲ ਦੇ ਪ੍ਰਿੰਸੀਪਲ, 2 ਅਧਿਆਪਕਾਂ ਅਤੇ 15 ਵਿਦਿਆਰਥੀਆਂ ‘ਤੇ ਸਮੂਹਿਕ ਬਲਾਤਕਾਰ ਦਾ ਦੋਸ਼ ਲਾਇਆ ਹੈ। ਉਸ ਨੇ ਆਪਣੀ ਸ਼ਿਕਾਇਤ ‘ਚ ਕੁੱਲ 18 ਲੋਕਾਂ ਖਿਲਾਫ ਸਮੂਹਿਕ ਬਲਾਤਕਾਰ ਦਾ ਮਾਮਲਾ ਦਰਜ ਕਰਾਇਆ ਹੈ। ਸ਼ਿਕਾਇਤ ਦਰਜ ਹੋਣ ਤੋਂ ਬਾਅਦ ਪੁਲਸ ਨੇ ਸਕੂਲ ਦੇ ਪ੍ਰਿੰਸੀਪਲ ਉਦੈ ਸਿੰਘ ਸਮੇਤ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਲੋਕਾਂ ‘ਚ ਪ੍ਰਿੰਸੀਪਲ, ਇਕ ਅਧਿਆਪਕ ਅਤੇ 2 ਨਾਬਾਲਿਗ ਵਿਦਿਆਰਥੀ ਸ਼ਾਮਲ ਹਨ।
ਸੂਤਰਾਂ ਮੁਤਾਬਕ ਨਾਬਾਲਿਗ ਵਿਦਿਆਰਥਣ ਨਾਲ ਇਹ ਘਿਨੌਣਾ ਕੰਮ ਪਿਛਲੇ 7 ਮਹੀਨਿਆਂ ਤੋਂ ਹੋ ਰਿਹਾ ਸੀ। ਦੱਸਿਆ ਗਿਆ ਹੈ ਕਿ ਸਕੂਲ ਦੇ 3 ਵਿਦਿਆਰਥੀਆਂ ਨੇ ਨਾਬਾਲਿਗ ਨਾਲ ਬਾਥਰੂਮ ‘ਚ ਬਲਾਤਕਾਰ ਕੀਤਾ ਅਤੇ ਇਸ ਘਿਨੌਣੀ ਹਰਕਤ ਦੀ ਵੀਡੀਓ ਬਣਾ ਲਈ। ਵੀਡੀਓ ਨਾਲ ਵਿਦਿਆਰਥੀ ਨਾਬਾਲਿਗ ਨੂੰ ਬਲੈਕਮੇਲ ਕਰਨ ਲੱਗੇ ਅਤੇ ਉਸ ਨੂੰ ਦੂਜੇ ਵਿਦਿਆਰਥੀਆਂ ਨਾਲ ਸੰਬੰਧ ਬਣਾਉਣ ਲਈ ਮਜ਼ਬੂਰ ਕਰਨ ਲੱਗੇ।
ਪੀੜਤ ਵਿਦਿਆਰਥਣ ਨੇ ਜਦੋਂ ਸਕੂਲ ਦੇ ਪ੍ਰਿੰਸੀਪਲ ਕੋਲ ਇਸ ਗੱਲ ਦੀ ਸ਼ਿਕਾਇਤ ਕੀਤੀ ਤਾਂ ਪ੍ਰਿੰਸੀਪਲ ਉਦੈ ਸਿੰਘ ਨੇ ਘਿਨੌਣੇਪਨ ਦੀ ਹੱਦ ਹੀ ਪਾਰ ਕਰ ਦਿੱਤੀ। ਉਸ ਨੇ ਨਾ ਸਿਰਫ ਵਿਦਿਆਰਥਣ ਦੀ ਸ਼ਿਕਾਇਤ ਨੂੰ ਛਿਪਾਇਆ ਬਲਕਿ ਉਸ ਨੇ ਵੀ ਵਿਦਿਆਰਥੀਆਂ ਨਾਲ ਮਿਲ ਕੇ ਨਾਬਾਲਿਗ ਨਾਲ ਸਮੂਹਿਕ ਬਲਾਤਕਾਰ ਕੀਤਾ। ਪੀੜਤ ਵਿਦਿਆਰਥਣ ਨਾਲ 7 ਮਹੀਨੇ ਤੋਂ ਵਾਰ-ਵਾਰ ਇਹ ਘਿਨੌਣਾ ਕੰਮ ਹੋ ਰਿਹਾ ਸੀ।