ਨਈ ਦੁਨੀਆ, ਗਵਾਲੀਅਰ : ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ (Narendra Singh Tomar) ਦੇ ਪੁੱਤਰ ਦਵਿੰਦਰ ਪ੍ਰਤਾਪ ਸਿੰਘ ਤੋਮਰ (Devendra Pratap Singh Tomar) ਦੀਆਂ ਦੋ ਅਖੌਤੀ ਵੀਡੀਓਜ਼ ਵਾਇਰਲ (Videos Viral) ਹੋਣ ਤੋਂ ਬਾਅਦ ਤੀਜੀ ਵੀਡੀਓ (Third Video) ਸਾਹਮਣੇ ਆਈ ਹੈ। ਨਵੀਂ ਵੀਡੀਓ ਉਸ ਸ਼ਖ਼ਸ ਦੀ ਦੱਸੀ ਜਾ ਰਹੀ ਹੈ, ਜਿਸ ਦੀ ਆਵਾਜ਼ ਪਹਿਲਾਂ ਵਾਇਰਲ ਹੋ ਚੁੱਕੀਆਂ ਦੋ ਵੀਡੀਓਜ਼ ’ਚ ਸੁਣਾਈ ਦਿੰਦੀ ਹੈ। ਵੀਡੀਓ ਜਾਰੀ ਕਰਨ ਵਾਲੇ ਨੇ ਆਪਣਾ ਨਾਂ ਜਗਮਨਦੀਪ ਸਿੰਘ ਦੱਸਿਆ ਹੈ। ਉਸ ਨੇ ਵੀਡੀਓ ’ਚ ਕਿਹਾ ਕਿ ਇਹ ਕੋਈ 500 ਕਰੋੜ ਰੁਪਏ ਦਾ ਮਾਮਲਾ ਨਹੀਂ ਸਗੋਂ 10 ਹਜ਼ਾਰ ਕਰੋੜ ਰੁਪਏ ਦਾ ਮਾਮਲਾ ਹੈ। ਕੈਨੇਡਾ ’ਚ ਗਾਂਜਾ-ਭੰਗ ਦੀ ਖੇਤੀ ’ਚ ਤੋਮਰ ਦੇ ਪੁੱਤਰ ਨਾਲ ਨਿਵੇਸ਼ ਤੇ ਕੈਨੇਡਾ ’ਚ 100 ਏਕੜ ਦਾ ਫਾਰਮ ਹਾਊਸ ਦੀ ਵੀ ਗੱਲ ਹੈ। ਇਸ ’ਚ ਪੈਸਿਆਂ ਦੇ ਲੈਣ-ਦੇਣ ਦਾ ਜ਼ਰੀਆ ਮਨਜਿੰਦਰ ਸਿੰਘ ਸਿਰਸਾ ਨੂੰ ਦੱਸਿਆ ਹੈ।
ਜਗਮਨ ਨੇ ਵੀਡੀਓ ’ਚ ਆਪਣਾ ਨੰਬਰ ਜਾਰੀ ਕਰਦਿਆਂ ਸਾਰੇ ਸਬੂਤ ਵੀ ਖ਼ੁਦ ਕੋਲ ਹੋਣ ਦਾ ਦਾਅਵਾ ਕੀਤਾ। ਇਸ ਵੀਡੀਓ ਨਾਲ ਦੇਸ਼ ਦੀ ਸਿਆਸਤ ’ਚ ਹਲਚਲ ਮਚ ਗਈ ਹੈ। ਕਾਂਗਰਸ ਦੇ ਬੁਲਾਰੇ ਸੁਪਿ੍ਰਆ ਸ਼੍ਰੀਨੇਤ ਨੇ ਭੋਪਾਲ ’ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਖੇਤੀ ਮੰਤਰੀ ਤੋਮਰ ਨੂੰ ਤੁਰੰਤ ਬਰਖ਼ਾਸਤ ਕਰ ਕੇ ਈਡੀ, ਸੀਬੀਆਈ ਤੇ ਨਾਰਕੋਟਿਕਸ ਵਿਭਾਗ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਇੱਧਰ, ਇਸ ਮਾਮਲੇ ’ਚ ਕੇਂਦਰੀ ਮੰਤਰੀ ਤੋਮਰ ਨੇ ‘ਐਕਸ’ ’ਤੇ ਪੋਸਟ ਕਰਦਿਆਂ ਵੀਡੀਓ ਨੂੰ ਉਨ੍ਹਾਂ ਖ਼ਿਲਾਫ਼ ਸਾਜ਼ਿਸ਼ ਦੱਸਿਆ ਹੈ।
ਜ਼ਿਕਰਯੋਗ ਹੈ ਕਿ ਤੋਮਰ ਦੇ ਪੁੱਤਰ ਦਵਿੰਦਰ ਪ੍ਰਤਾਪ ਸਿੰਘ ਤੋਮਰ ਉਰਫ ਰਾਮੂ ਦੀਆਂ ਦੋ ਕਥਿਤ ਵੀਡੀਓਜ਼ ਪਿਛਲੇ ਅੱਠ ਦਿਨਾਂ ’ਚ ਸਾਹਮਣੇ ਆ ਚੁੱਕੇ ਹਨ। ਪਹਿਲੀ ਵੀਡੀਓ ’ਚ 50 ਕਰੋੜ ਰੁਪਏ ਦੇ ਲੈਣ-ਦੇਣ ਤੇ ਦੂਜੀ ’ਚ 500 ਕਰੋੜ ਰੁਪਏ ਤੱਕ ਦੇ ਲੈਣ-ਦੇਣ ਦੀ ਗੱਲ ਹੋ ਰਹੀ ਸੀ। ਹੁਣ ਮੰਗਲਵਾਰ ਨੂੰ ਤੀਜੀ ਵੀਡੀਓ ਸਾਹਮਣੇ ਆਈ ਹੈ ਜਿਸ ’ਚ ਪਹਿਲੀਆਂ ਦੋ ਵੀਡੀਓਜ਼ ’ਚ ਗੱਲ ਕਰਨ ਵਾਲਾ ਸ਼ਖਸ ਆਪਣੀ ਹੀ ਆਵਾਜ਼ ਦੱਸ ਰਿਹਾ ਹੈ। ਤਿੰਨਾਂ ਵੀਡੀਓਜ਼ ਤੋਂ ਇਹ ਸਾਫ਼ ਹੈ ਕਿ ਪੂਰਾ ਮਾਮਲਾ ਗਿਣੇ-ਮਿੱਥੇ ਤਰੀਕੇ ਨਾਲ ਉਜਾਗਰ ਕੀਤਾ ਗਿਆ ਹੈ।
ਇਹ ਹੈ ਵੀਡੀਓ ’ਚ
ਮੇਰਾ ਨਾਂ ਜਗਮਨ ਦੀਪ ਸਿੰਘ, ਕੈਨੇਡਾ ਐਕਬਸਪੋਰਟ ’ਚ ਰਹਿੰਦਾ ਹਾਂ। ਕਈ ਦਿਨਾਂ ਤੋਂ ਫੇਸਬੁੱਕ ’ਤੇ ਮੇਰੀ ਵੀਡੀਓ ਵਾਇਰਲ ਹੋ ਰਹੀ ਹੈ। ਇਕ ਮਾਈਨਿੰਗ ਕੰਪਨੀ ਨਾਲ ਪੈਸੇ ਦਾ ਲੈਣ-ਦੇਣ ਹੋਇਆ ਹੈ। ਮੇਰੀ ਪ੍ਰਬਲ ਪ੍ਰਤਾਪ ਤੋਮਰ ਨਾਲ ਸਾਲ 2018 ’ਚ ਦੋਸਤੀ ਹੋਈ ਸੀ। ਮੈਂ ਸਾਲ 2020 ’ਚ ਉਨ੍ਹਾਂ ਨੂੰ ਮਿਲਣ ਗਿਆ ਸੀ। ਜਦੋਂ ਲਾਕਡਾਊਨ ਹੋਇਆ ਤਾਂ ਮੈਂ ਭਾਰਤ ’ਚ ਸੀ। ਮੈਂ ਨੰਬਰ-3 ਕ੍ਰਿਸ਼ਨਾ ਮੇਨਨ ਮਾਰਗ (ਤੋਮਰ ਦਾ ਦਿੱਲੀ ਨਿਵਾਸ) ’ਤੇ ਸੀ। ਮੈਂ ਬਲੂਬੇਰੀ ਤੇ ਗਾਂਜਾ-ਭੰਗ ਦੀ ਖੇਤੀ ਕੈਨੇਡਾ ’ਚ ਕਰਦਾ ਹਾਂ। ਇਨ੍ਹਾਂ ਨੂੰ ਵੀ ਇਸ ਪ੍ਰਾਜੈਕਟ ’ਚ ਖੇਤੀ ਕਰਨੀ ਸੀ। ਸਾਰਿਆਂ ਦਾ ਮੇਰੇ ਕੋਲ ਸਬੂਤ ਹੈ। ਕਿਸੇ ਵੀ ਏਜੰਸੀ ਨੂੰ ਇਹ ਚਾਹੀਦਾ ਹੈ ਤਾਂ ਉਹ ਸੰਪਰਕ ਕਰ ਸਕਦੀ ਹੈ। ਮੈਂ ਵੀ ਹੈਰਾਨ ਸੀ ਕਿ ਵੀਡੀਓ ਕਿੱਥੋਂ ਆ ਗਈ। (ਵੀਡੀਓ ਦੀ ਸਕ੍ਰੀਨ ਦਿਖਾਉਂਦੇ ਹੋਏ) ਇਹ ਪ੍ਰਬਲ ਪ੍ਰਤਾਪ ਸਿੰਘ (ਨਰਿੰਦਰ ਸਿੰਘ ਦਾ ਛੋਟਾ ਪੁੱਤਰ) ਦੀ ਆਈਡੀ ਹੈ, ਉਨ੍ਹਾਂ ਦੇ ਨਾਲ ਮੇਰੀ ਚੈਟ ਹੈ। ਇਸ ’ਚ ਜਿਹੜਾ ਪੈਸਾ ਘੁੰਮਦਾ ਸੀ, ਭਾਜਪਾ ਨੇਤਾ ਮਨਜਿੰਦਰ ਸਿੰਘ ਸਿਰਸਾ, ਜਿਹੜੇ ਗੁਰਦੁਆਰਾ ਕਮੇਟੀ ਦਿੱਲੀ ਦੇ ਸਾਬਕਾ ਪ੍ਰਧਾਨ ਸਨ, ਉਨ੍ਹਾਂ ਵੱਲੋਂ ਆਇਆ ਸੀ ਕਿਉਂਕਿ ਗੁਰਦੁਆਰੇ ਦੇ ਪੈਸੇ ਦਾ ਕੋਈ ਰਿਕਾਰਡ ਨਹੀਂ ਹੁੰਦਾ। ਸਿਰਸਾ ਨਕਦ ਲੈ ਕੇ ਵਾਇਰ ਜ਼ਰੀਏ ਪੈਸੇ ਘੁਮਾਉਂਦੇ ਸਨ, ਜੋ ਮੰਤਰੀ ਜੀ ਦੇ ਪੁੱਤਰ ਨੂੰ ਦੇ ਦਿੱਤੇ ਜਾਂਦੇ ਸਨ। ਇਹ ਕੋਈ 500 ਕਰੋੜ ਰੁਪਏ ਦਾ ਮਾਮਲਾ ਨਹੀਂ ਹੈ। ਇਹ 10 ਹਜ਼ਾਰ ਕਰੋੜ ਰੁਪਏ ਦਾ ਮਾਮਲਾ ਹੈ। ਦਵਿੰਦਰ ਦੀ ਪਤਨੀ ਹੈ ਹਰਸ਼ਿਨੀ। ਉਨ੍ਹਾਂ ਨਾਲ ਮੇਰੀ ਚੈਟ ਹੈ। 100 ਏਕੜ ਜ਼ਮੀਨ ਕੈਨੇਡਾ ’ਚ ਇਸੇ ਪੈਸੇ ਨਾਲ ਖ਼ਰੀਦੀ ਗਈ ਪਰ ਇਹ ਬੇਨਾਮੀ ਕੰਪਨੀ ਤੋਂ ਖ਼ਰੀਦੀ ਗਈ। ਤਿਆਗੀ ਜੀ ਮੇਰੇ ਦੋਸਤ ਸਨ, ਉਹ ਪਾਰਟੀ ਲੈ ਕੇ ਆਉਂਦੇ ਸਨ। ਇਹ 500 ਕਰੋੜ ਦੇ ਪੇਸਟੀਸਾਈਡ ਦੇ ਠੇਕੇ ’ਚ 100 ਕਰੋੜ ਕਮਿਸ਼ਨ ਲੈਂਦੇ ਸਨ। ਹਾਲਾਂਕਿ ਜਗਮਨ ਨੇ ਕੋਹਲੀ ਤੇ ਤਿਆਗੀ ਜੀ ਬਾਰੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਦਿੱਤੀ।
ਹੁਣ ਸੋਸ਼ਲ ਮੀਡੀਆ ’ਤੇ ਫ਼ਰਜ਼ੀ ਵੀਡੀਓ ਮੇਰੇ ਪੁੱਤਰ ਬਾਰੇ ਵਾਇਰਲ ਕੀਤੀ ਗਈ ਹੈ। ਇਹ ਇਕ ਗਿਣੀ-ਮਿੱਥੀ ਸਾਜ਼ਿਸ ਦਾ ਹਿੱਸਾ ਹੈ ਜੋ ਚੋਣਾਂ ਵੇਲੇ ਵਿਰੋਧੀ ਧਿਰ ਵੱਲੋਂ ਜਨਤਾ ਨੂੰ ਭਰਮਾਉਣ ਦੇ ਮਕਸਦ ਨਾਲ ਚਲਾਈ ਜਾ ਰਹੀ ਹੈ। ਪਹਿਲਾਂ ਵੀ ਇਸ ਤਰ੍ਹਾਂ ਦੀ ਝੂਠੀ ਵੀਡੀਓ ਬਾਰੇ ਮੇਰੇ ਪੁੱਤਰ ਨੇ ਪੁਲਿਸ ਜਾਂਚ ਲਈ ਅਪਲਾਈ ਵੀ ਕੀਤਾ ਸੀ। ਮੈਂ ਅੱਜ ਦੁਬਾਰਾ ਇਸ ਵੀਡੀਓ ਦੀ ਐੱਫਐੱਸਐੱਲ ਜਾਂਚ ਲਈ ਏਜੰਸੀਆਂ ਨੂੰ ਮੰਗ ਕਰਦਾ ਹਾਂ ਤਾਂ ਕਿ ਸੱਚ ਬਾਹਰ ਆ ਸਕੇ ਤੇ ਸਾਜ਼ਿਸ਼ ਸਾਹਮਣੇ ਆ ਸਕੇ।
– ਨਰਿੰਦਰ ਸਿੰਘ ਤੋਮਰ, ਕੇਂਦਰ ਖੇਤੀ ਮੰਤਰੀ।


