ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਐਸਟੀਐਫ਼ ਲੁਧਿਆਣਾ ਦੀ ਟੀਮ ਨੇ 2 ਕਿੱਲੋ 600 ਗ੍ਰਾਮ ਹੈਰੋਇਨ ਸਮੇਤ ਸਵਿਫ਼ਟ ਕਾਰ ਸਵਾਰ ਤਸਕਰ ਨੂੰ ਗਿ੍ਫ਼ਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਐੱਸਟੀਐੱਫ਼ ਲੁਧਿਆਣਾ ਦੇ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕੇ ਮੁਲਜ਼ਮ ਖ਼ਿਲਾਫ਼ ਐੱਨਡੀਪੀਐੱਸ ਐਕਟ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਕੇ ਉਸ ਕੋਲੋਂ ਵਧੇਰੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ। ਇੰਸਪੈਕਟਰ ਹਰਬੰਸ ਸਿੰਘ ਦੇ ਮੁਤਾਬਕ ਗਿ੍ਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਬਾਬਾ ਦੀਪ ਸਿੰਘ ਨਗਰ ਪਿੰਡ ਭਿਖੀਵਿੰਡ ਜ਼ਿਲ੍ਹਾ ਤਰਨ ਤਾਰਨ ਦੇ ਵਾਸੀ ਗੁਰਜੰਟ ਸਿੰਘ ਉਰਫ਼ ਜੰਟਾ ਵੱਜੋਂ ਹੋਈ ਹੈ l ਐਸਟੀਐਫ਼ ਦੀ ਟੀਮ ਦਾ ਮੰਨਣਾ ਹੈ ਕਿ ਤਫਤੀਸ਼ ਦੇ ਦੌਰਾਨ ਮੁਲਜ਼ਮ ਕੋਲੋਂ ਕਈ ਵੱਡੇ ਖੁਲਾਸੇ ਹੋ ਸਕਦੇ ਹਨ ।
ਜਾਣਕਾਰੀ ਦਿੰਦਿਆਂ ਐਸਟੀਐਫ਼ ਦੇ ਲੁਧਿਆਣਾ ਮੁਖੀ ਇੰਸਪੈਕਟਰ ਹਰਬੰਸ ਸਿੰਘ ਅਤੇ ਏਸੀਪੀ ਦਵਿੰਦਰ ਚੌਧਰੀ ਨੇ ਦੱਸਿਆ ਕਿ ਪੁਲਿਸ ਪਾਰਟੀ ਨੂੰ ਭਰੋਸੇਯੋਗ ਸੂਤਰਾਂ ਕੋਲੋਂ ਜਾਣਕਾਰੀ ਮਿਲੀ ਕਿ ਮੁਲਜਮ ਜੰਟਾ ਕਈ ਸਾਲਾਂ ਤੋਂ ਹੈਰੋਇਨ ਦੀ ਤਸਕਰੀ ਕਰ ਰਿਹਾ ਹੈ l ਪੁਲਿਸ ਨੂੰ ਪਤਾ ਲੱਗਾ ਕਿ ਉਹ ਭਾਰੀ ਮਾਤਰਾ ਵਿੱਚ ਹੈਰੋਇਨ ਲਿਆ ਕੇ ਮੁੱਲਾਂਪੁਰ ਵਾਲੀ ਸਾਈਡ ਤੋਂ ਲੁਧਿਆਣਾ ਆਪਣੇ ਗਾਹਕਾਂ ਨੂੰ ਸਪਲਾਈ ਦੇਣ ਆ ਰਿਹਾ ਹੈ। ਸੂਚਨਾ ਤੋਂ ਬਾਅਦ ਪੁਲਿਸ ਪਾਰਟੀ ਨੇ ਲੁਧਿਆਣਾ ਮੁੱਲਾਂਪੁਰ ਰੋਡ ‘ਤੇ ਨਾਕਾਬੰਦੀ ਕਰਕੇ ਕਾਰ ਸਵਾਰ ਮੁਲਜਮ ਜੰਟਾ ਨੂੰ ਹਿਰਾਸਤ ‘ਚ ਲਿਆ। ਏਸੀਪੀ ਦਵਿੰਦਰ ਚੌਧਰੀ ਦੀ ਮੌਜੂਦਗੀ ‘ਚ ਜਦ ਸਵਿਫ਼ਟ ਕਾਰ ਦੀ ਤਲਾਸ਼ੀ ਲਈ ਗਈ ਤਾਂ ਕਾਰ ਵਿੱਚ ਲੁਕਾ ਕੇ ਰੱਖੀ ਗਈ ਦੋ ਕਿੱਲੋ 600 ਗਰਾਮ ਹੈਰੋਇਨ ਮਿਲੀ।
========
ਇੱਕ ਸਾਲ ਪਹਿਲਾਂ ਹੋਈ ਸੀ ਜ਼ਮਾਨਤ
ਪੜਤਾਲ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਦੇ ਖਿਲਾਫ਼ ਸਾਲ 2019 ਵਿੱਚ ਐੱਸਟੀਐੱਫ਼ ਲੁਧਿਆਣਾ ਦੀ ਟੀਮ ਨੇ ਐੱਨਡੀਪੀਐੱਸ ਐਕਟ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਸੀ। ਉਸ ਵੇਲੇ ਮੁਲਜਮ ਕੋਲੋਂ ਦੋ ਕਿੱਲੋ 300 ਗ੍ਰਾਮ ਹੈਰੋਇਨ ਮਿਲੀ ਸੀ। ਮੁਲਜਮ ਵੱਖ-ਵੱਖ ਜੇਲ੍ਹਾਂ ‘ਚ ਪਿਛਲੇ ਢਾਈ ਸਾਲ ਤੋਂ ਬੰਦ ਸੀ ਤੇ ਇੱਕ ਸਾਲ ਪਹਿਲਾਂ ਉਹ ਜ਼ਮਾਨਤ ‘ਤੇ ਬਾਹਰ ਆਇਆ ਸੀ । ਜਾਂਚ ਦੌਰਾਨ ਪੁਲਿਸ ਨੂੰ ਇਹ ਵੀ ਪਤਾ ਲੱਗਾ ਕਿ ਮੁਲਜ਼ਮ ਗੁਰਜੰਟ ਸਿੰਘ ਜੰਟਾ ਖੁਦ ਵੀ ਹੈਰੋਇਨ ਦਾ ਨਸ਼ਾ ਕਰਨ ਦਾ ਆਦੀ ਹੈ।
========
ਸੁੱਖਾ ਬਾਬਾ ਕੋਲੋਂ ਲਿਆਉਂਦਾ ਹੈ ਹੈਰੋਇਨ
ਐਸਟੀਐਫ਼ ਦੇ ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਮੁਲਜ਼ਮ ਤਰਨਤਾਰਨ ਦੇ ਰਹਿਣ ਵਾਲੇ ਸੁੱਖਾ ਬਾਬਾ ਕੋਲੋਂ ਹੈਰੋਇਨ ਥੋਕ ਭਾਅ ‘ਚ ਖਰੀਦ ਕੇ ਲਿਆਉਂਦਾ ਸੀ। ਉਹ ਹੈਰੋਇਨ ਪਰਚੂਨ ਮਾਤਰਾ ‘ਚ ਆਪਣੇ ਗਾਹਕਾਂ ਨੂੰ ਮਹਿੰਗੇ ਭਾਅ ‘ਤੇ ਸਪਲਾਈ ਕਰਦਾ ਸੀ। ਇੰਸਪੈਕਟਰ ਹਰਬੰਸ ਸਿੰਘ ਦੇ ਮੁਤਾਬਕ ਮੁਲਜ਼ਮ ਦਾ ਤਿੰਨ ਦਿਨ ਦਾ ਰਿਮਾਂਡ ਹਾਸਿਲ ਕੀਤਾ ਗਿਆ ਹੈ, ਪੁੱਛਗਿੱਛ ਤੇ ਦੌਰਾਨ ਮੁਲਜ਼ਮ ਵੱਡੇ ਖੁਲਾਸੇ ਕਰ ਸਕਦਾ ਹੈ।


