ਮਿਸ ਪੂਜਾ ਅਤੇ ਈ ਜੀ ਸਟਾਰ ਆਲ-ਸਟਾਰਜ਼ ਪੱਛਮੀ ਕੈਨੇਡਾ ਦੇ ਸਭ ਤੋਂ ਵੱਡੇ ਬਹੁ-ਸੱਭਿਆਚਾਰਕ ਮੇਲੇ ਦੀ ਅਗਵਾਈ ਕਰਨਗੇ
ਸਰੀ, ਬੀ.ਸੀ. – ਕੋਸਟ ਕੈਪੀਟਲ (Coast Capital) ਦੀ ਮੱਦਦ ਨਾਲ, 18ਵਾਂ ਸਾਲਾਨਾ ਸਰੀ ਫਿਊਜ਼ਨ ਫ਼ੈਸਟੀਵਲ (Surrey Fusion Festival) ਹਾਲੈਂਡ ਪਾਰਕ ਵਿੱਚ ਸ਼ਨੀਵਾਰ, 19 ਜੁਲਾਈ ਅਤੇ ਐਤਵਾਰ, 20 ਜੁਲਾਈ ਨੂੰ ਸਵੇਰੇ 11 ਵਜੇ ਤੋਂ ਰਾਤ 10 ਵਜੇ ਤੱਕ ਮਨਾਇਆ ਜਾਵੇਗਾ। ਇਹ ਮੁਫ਼ਤ ਦੋ-ਦਿਨਾਂ ਤਿਉਹਾਰ ਇੱਕ ਵਾਰ ਫਿਰ ਸਰੀ ਦੇ ਸਿਟੀ ਸੈਂਟਰ ਨੂੰ ਭੋਜਨ, ਸੰਗੀਤ ਅਤੇ ਸੱਭਿਆਚਾਰ ਦਾ ਰੰਗੀਨ ਕੇਂਦਰ ਬਣਾ ਦੇਵੇਗਾ। ਇਸ ਫ਼ੈਸਟੀਵਲ ਦੀ ਅਗਵਾਈ ਅੰਤਰਰਾਸ਼ਟਰੀ ਪੱਧਰ ‘ਤੇ ਪ੍ਰਸਿੱਧ ਰੇਗੇ ਗਰੁੱਪ ਈ ਜੀ ਸਟਾਰ ਆਲ-ਸਟਾਰਜ਼ (Easy Star All-Stars) ਅਤੇ ਦੱਖਣੀ ਏਸ਼ੀਆਈ ਸੰਗੀਤ ਆਈਕਾਨ ਮਿਸ ਪੂਜਾ ਕਰ ਰਹੇ ਹਨ। ਹੋਰ ਪ੍ਰਸਿੱਧ ਪ੍ਰਦਰਸ਼ਨਾਂ ਵਿੱਚ ਏ.ਐਚ.ਆਈ.( AHI), ਗੀਤਾ ਜ਼ੈਲਦਾਰ ਅਤੇ ਜੋਸ਼ ਬੋਗਰਟ (Josh Bogert) ਸ਼ਾਮਲ ਹਨ।
ਮੇਅਰ ਬਰੈਂਡਾ ਲੌਕ ਨੇ ਕਿਹਾ, ” ਮੈਨੂੰ ਇਹ ਦੇਖ ਕੇ ਮਾਣ ਹੈ ਕਿ ਅਸੀਂ 18ਵਾਂ ਸਾਲਾਨਾ ਸਰੀ ਫਿਊਜ਼ਨ ਫ਼ੈਸਟੀਵਲ ਮਨਾ ਰਹੇ ਹਾਂ ਤੇ ਸਾਡਾ ਸ਼ਹਿਰ ਬਹੁ-ਸੱਭਿਆਚਾਰਕ ਰੰਗੀਨਤਾ ਅਤੇ ਭਾਈਚਾਰਕ ਭਾਵਨਾ ਦੇ ਚਾਨਣ ਮੁਨਾਰੇ ਵਜੋਂ ਚਮਕ ਰਿਹਾ ਹੈ”। “ਇਹ ਤਿਉਹਾਰ ਨਾ ਸਿਰਫ਼ ਸਰੀ ਦੀ ਵਿਲੱਖਣ ਸੰਸਕ੍ਰਿਤਿਕ ਵਿਰਾਸਤ ਨੂੰ ਪ੍ਰਗਟ ਕਰਦਾ ਹੈ, ਸਗੋਂ ਇਹ ਹਰ ਨਿਵਾਸੀ ਅਤੇ ਮਹਿਮਾਨ ਲਈ ਸਨਮਾਨਿਤ, ਉਤਸ਼ਾਹਪੂਰਨ ਅਤੇ ਸਾਰਥਿਕ ਤਜਰਬੇ ਉਤਪੰਨ ਕਰਨ ਦੀ ਸਾਡੀ ਵਚਨਬੱਧਤਾ ਨੂੰ ਵੀ ਦਰਸਾਉਂਦਾ ਹੈ । ਮੈਂ ਸਰੀ ਦੀ ਸੱਚੀ ਭਾਵਨਾ ਨੂੰ ਪ੍ਰਦਰਸ਼ਿਤ ਕਰਨ ਵਾਲੇ ਸ਼ਾਨਦਾਰ ਪ੍ਰਦਰਸ਼ਨਾਂ, ਵਿਭਿੰਨ ਸੁਆਦਾਂ ਅਤੇ ਨਾ ਭੁੱਲਣ ਯੋਗ ਪਲਾਂ ਦਾ ਅਨੰਦ ਲੈਣ ਲਈ ਹਾਲੈਂਡ ਪਾਰਕ ਵਿੱਚ ਹਰ ਕਿਸੇ ਦਾ ਸਵਾਗਤ ਕਰਨ ਲਈ ਉਤਸੁਕ ਹਾਂ। ਸਾਲ ਦਰ ਸਾਲ ਇੱਕ ਸਮਰਪਿਤ ਪੇਸ਼ਕਾਰੀ ਸਪਾਂਸਰ ਬਣਨ ਲਈ ਮੈਂ ਕੋਸਟ ਕੈਪੀਟਲ ਦਾ ਬਹੁਤ ਧੰਨਵਾਦ ਕਰਦੀ ਹਾਂ।”
ਈ ਜੀ ਸਟਾਰ ਆਲ-ਸਟਾਰਜ਼ ਸ਼ਨੀਵਾਰ, 19 ਜੁਲਾਈ ਨੂੰ ਮੇਨ ਸਟੇਜ ‘ਤੇ ਆਪਣੀ ਮਸ਼ਹੂਰ ਰੈਗੇ ਸੰਗੀਤ ਦੀ ਪੇਸ਼ਕਸ਼ ਕਰਨਗੇ। ਐਤਵਾਰ, 20 ਜੁਲਾਈ ਨੂੰ ਮਿਸ ਪੂਜਾ ਮੇਨ ਸਟੇਜ ‘ਤੇ ਧੂਮਾਂ ਪਾਉਣਗੇ ਅਤੇ ਗੀਤਾ ਜ਼ੈਲਦਾਰ ਨਾਲ ਜੋਸ਼ੀਲੇ ਸਾਂਝੇ
ਪ੍ਰਦਰਸ਼ਨ ਵਿੱਚ ਸ਼ਾਮਲ ਹੋਣਗੇ। ਵੀਕੈਂਡ ਲਾਈਨ ਅੱਪ ਵਿੱਚ ਕੈਨੇਡੀਅਨ ਗਾਇਕ-ਗੀਤਕਾਰ ਏ.ਐਚ.ਆਈ. ਅਤੇ ਪੌਪ ਸਟਾਰ ਜੋਸ਼ ਬੋਗਰਟ ਵੀ ਸ਼ਾਮਲ ਹਨ।
ਸਰੀ ਸ਼ਹਿਰ ਸਾਰੇ ਉਮਰ ਵਰਗ ਦੇ ਲੋਕਾਂ ਨੂੰ ਸੱਦਾ ਦਿੰਦਾ ਹੈ ਕਿ ਉਹ ਇਸ ਸਾਲ ਦੇ ਥੀਮ “ਫਲੇਵਰਜ਼ ਆਫ਼ ਦਿ ਵਰਲਡ” (Flavours of the World) ਰਾਹੀਂ 50 ਤੋਂ ਵੱਧ ਸੱਭਿਆਚਾਰਕ ਪਵੇਲੀਅਨਾਂ ਵਿੱਚ ਸ਼ਾਮਲ ਹੋਣ, ਜਿੱਥੇ ਸਥਾਨਕ ਭਾਈਚਾਰਕ ਸਮੂਹ ਆਪਣੇ ਦੇਸ਼ ਦੇ ਸੁਆਦੀ-ਰਵਾਇਤੀ ਪਕਵਾਨਾਂ ਦੀ ਪੇਸ਼ਕਸ਼ ਕਰਨਗੇ। ਇਹ ਇਨਾਮ ਜੇਤੂ ਤਿਉਹਾਰ 8 ਸਟੇਜਾਂ ‘ਤੇ ਮੁਫ਼ਤ ਲਾਈਵ ਸੰਗੀਤ ਅਤੇ ਮਨੋਰੰਜਨ, ਇੱਕ ਪਰਿਵਾਰਿਕ ਜ਼ੋਨ, ਇੰਡੀਜਿਨਸ ਵਿਲੇਜ ਅਤੇ ਬਜ਼ਾਰ, ਡਾਂਸ ਮੁਕਾਬਲੇ, ਕੁਕਿੰਗ ਵਰਕਸ਼ਾਪ, ਖੇਡਾਂ ਅਤੇ ਹੋਰ ਬਹੁਤ ਕੁਝ ਪੇਸ਼ ਕਰੇਗਾ।