ਬਾਬਾ ਫੌਜਾ ਸਿੰਘ ਨੇ ਤਵਾ ਧਰਿਆ ਕਿ ਦੋ ਰਫੜਾਂ ਲਾਹੁੰਨੇ। ਤਵਾ ਧਰਕੇ ਉਹ ਫਰਿਜ਼ ਵਿਚੋਂ ਆਟਾ ਕੱਢਣ ਲੱਗਿਆ ਆਟੇ ਵਾਲਾ ਡੱਬਾ ਦਾਲ ਵਾਲੇ ਪਤੀਲੇ ਪਿੱਛੇ ਪਿਆ ਸੀ ਬਾਬੇ ਨੂੰ ਕਾਹਲੀ ਕਿ ਕਿਤੇ ਤਵਾ ਨਾ ਸੜ ਜਾਏ ਉਸੇ ਕਾਹਲੀ ਵਿਚ ਜਦ ਉਸ ਆਟੇ ਵਾਲਾ ਡੱਬਾ ਧੂਹਿਆ ਦਾਲ ਵਾਲਾ ਪਤੀਲਾ ਚਲ ਥੱਲੇ! ਸ਼ੇਖ ਫਤੇ ਦੀ ਖੀਰ ਤਰ੍ਹਾਂ ਪੈਰਾਂ ਵਿਚ ਤੁਰੀ ਫਿਰਦੀ ਦਾਲ ਦੇਖ ਬਾਬੇ ਹੱਥੋਂ ਆਟੇ ਵਾਲਾ ਅੱਧਾ ਕੁ ਹੱਥ ਲੱਗਾ ਡੱਬਾ ਵੀ ਚਲ ਦਾਲ ਦੇ ਵਿਚੇ!!
ਬਾਬੇ ਨੂੰ ਸਮਝ ਨਾ ਆਵੇ ਦਾਲ ਸਾਂਭੇ ਜਾਂ ਆਟਾ। ਸੁੱਚੇ ਦੀ ਵੇਸਣ ਚੋਂ ਭਿਉਂ ਕੇ ਕੱਢੀ ਮੱਛੀ ਤਰ੍ਹਾਂ ਆਟੇ ਵਾਲੇ ਡੱਬੇ ਵਿਚੋਂ ਦਾਲ ਚੋਂਦੀ ਦੇਖ ਬਾਬੇ ਦਾ ਦਿੱਲ ਨਿਆਣਿਆਂ ਨਾਲ ਸਹਿਮਤ ਜਿਆ ਹੋਣ ਨੂੰ ਕੀਤਾ ਕਿ ਆਹਾ ਆਟੇ-ਦਾਲਾਂ ਨਾ ਘੁਲਣਾ ਅਸੀਂ ਛੱਡਦੇ ਕਿਉਂ ਨਹੀ।
ਬਾਬਾ ਹਾਲੇ ਆਟੇ-ਦਾਲ ਵਾਲੀ ਸਕੀਮ ਵਿਚੋਂ ਬਾਹਰ ਵੀ ਨਹੀ ਸੀ ਆਇਆ ਕਿ ਚੁੱਲੇ ਤੇ ਧਰਿਆ ਤਵਾ ਬਹੁੜੀਆਂ ਪਾ ਉੱਠਿਆ ਕਿ ਜਾਲਮਾ ਮੱਚ ਗਿਆ ਈ। ਸੜਦੇ ਤਵੇ ਦੇ ਉੱਠਦੇ ਧੂੰਏਂ ਤੋਂ ਘਬਰਾ ਕੇ ਬਾਬਾ ਹਾਲੇ ਫਾਇਰ-ਬ੍ਰਗੇਡ ਵਾਲਿਆਂ ਵਾਂਗ ਦੌੜਨ ਹੀ ਲੱਗਾ ਸੀ ਕਿ ਖਿਲਰੀ ਦਾਲ ਕਹਿੰਦੀ ਚਲਿਆਂ ਕਿਧਰ ਤੇ ਦਾਲ ਤੋਂ ਜਿਉਂ ਪੈਰ ਤਿਲਕਿਆ ਕਿ ਬਾਬੇ ਦੀਆਂ ਖੁਰੀਆਂ ਲਾਉਂਣ ਲੱਗੇ ਬਲਦ ਤਰ੍ਹਾਂ ਕਉਂਟਰ ਤੇ ਫਰਿਜ਼ ਦੇ ਵਿਚਾਲੇ ਹੀ ਲੱਤਾਂ ਚੱਕ ਹੋ ਗਈਆਂ! ਸ਼ੁਕਰ ਇਹ ਸੀ ਕਿ ਕਾਉਂਟਰ ਤੇ ਸਿਰ ਵੱਜਣੋ ਬੱਚ ਗਿਆ ਪਰ ਡੁੱਲ੍ਹੀ ਦਾਲ ਨੇ ਜਨਮਾ ਜਨਮਾ ਦੀ ਭੁੱਖ ਲਾਹ ਦਿੱਤੀ ਬਾਬੇ ਦੀ।
ਕਿਹੜੇ ਯੱਬ ਨੂੰ ਫੜੇ ਆਂ ਦੱਸ ਬੁੜੀਆਂ ਦਾ ਬੰਦੇ ਅਪਣੇ ਛੱਡ ਪਿੱਛੇ ਜਾਣਾ ਜਰੂਰੀ ਹੁੰਦਾ! ਬਾਬਾ ਫੌਜਾ ਸਿੰਘ ਨੂੰ ਭੁੱਲ ਗਿਆ ਕਿ ਕੱਲ ਤੱਕ ਤਾਂ ਉਹ ਪਤਨੀ ਅਪਣੀ ਨੂੰ ਕਹਿ ਰਿਹਾ ਸੀ ਚਲ ਦੌੜ ਛੇਤੀ ਚਾਰ ਦਿਨ ਸੌਖੇ ਲੰਘਣਗੇ।
ਪਰਸੋਂ ਦੀ ਗੱਲ ਹੈ ਬਾਬਾ ਆਟਾ ਗੁੰਨਣ ਲੱਗਾ ਕਣਕ ਦਾ ਹੁੰਦਾ ਤਾਂ ਹੋਰ ਗੱਲ ਸੀ ਕਈ ਕੁਝ ਜਿਹਾ ਰਲਿਆ ਹੋਣ ਕਾਰਨ ਆਟੇ ਦੀ ਅਜਿਹੀ ਲੇਟੀ ਜਿਹੀ ਬਣੀ ਕਿ ਹੱਥਾਂ ਨੂੰ ‘ਕਰੇਜੀ ਗਲੂਹ’ ਤਰ੍ਹਾਂ ਚਿੰਬੜੀ ਲੱਥੇ ਕਿਥੇ। ਬਾਬੇ ਸੁੱਕਾ ਆਟਾ ਹੋਰ ਪਾ ਕੇ ‘ਸਿੰਕ’ ਦੀ ਫਿਰਨੀ ਜਿਹੀ ਤੇ ਰੱਖ ਜਦ ਵਿਚ ਘਸੁੰਨ ਦਿੱਤਾ ਪਰਾਤ ਜਿਹੀ ਵਰਗਾ ਕੌਲਾ ਤਿਲਕ ਕੇ ਔਹ ਪਿਆ ਈ! ਥੱਲੇ ਮੂਧਾ ਵੱਜਾ ਕੌਲਾ ਜਦ ਬਾਬੇ ਸਿੱਧਾ ਕੀਤਾ ਤਾਂ ਹੇਠਾਂ ਆਟੇ ਦੀ ਪਾਥੀ ਜਿਹੀ ਬਣੀ ਪਈ ਸੀ। ਬਾਬੇ ਨੂੰ ਇਨਾ ਗੁੱਸਾ ਚੜਿਆ ਉਸ ਦਾ ਦਿੱਲ ਕੀਤਾ ਇਸ ਨੂੰ ਲੱਤ ਫੇਰ ਹੀ ਗੁੰਨ ਸੁੱਟੇ ਇਉਂ ਦਾ ਇਉਂ ਹੀ ਜਿਵੇਂ ਤਰੇੜੇ ਛੱਪੜ ਦੀ ਮਿੱਟੀ ਨੂੰ ਲੱਤ ਦਈਦੀ ਹੈ।
ਬਾਬਾ ਫੌਜਾ ਸਿੰਘ ਸੋਚਦਾ ਸੀ ਕਿ ਜੇ ਸੰਸਾਰ ਉਪਰ ਔਰਤ ਨਾ ਹੁੰਦੀ ਤਾਂ ਬੰਦੇ ਦਾ ਬਣਦਾ ਕੀ? ਬੰਦੇ ਸੋਫੇ ਤੇ ਬੈਠੇ ਹੀ ਕਿਲ੍ਹੀ ਜਾਂਦੇ ਰਹਿੰਦੇ ਕਿ ਬੁੜੀਆਂ ਸਾਰਾ ਦਿਨ ਕਿਚਨ ਵਿਚ ਪਤਾ ਕੀ ਕੁੜ ਕੁੜ ਕਰੀ ਜਾਦੀਆਂ ਰਹਿੰਦੀਆਂ ਵਿਹਲੀਆਂ ਪਰ ਬੰਦੇ ਨੂੰ ਜੇ ਚਾਰ ਦਿਨ ਪੂਰਾ ਘਰ ਸਾਂਭਣਾ ਪੈ ਜਾਏ, ਵਿਚੇ ਨਿਆਣੇ , ਸੱਸ-ਸਹੁਰੇ, ਸਫਾਈ, ਲੀੜਾ, ਕਪੜਾ, ਲਾਂਡਰੀ, ਫੈਕਟਰੀ ਤਾਂ ਪੰਜਵੇ ਕੁ ਨੂੰ ਉਈਂ ਕੋਈ ਰੱਸਾ ਰੁੱਸਾ ਬੰਨ ਲਊ ਲਮਕਣ ਲਈ! ਨਹੀ?
ਗੁਰਦੇਵ ਸਿੰਘ ਸੱਧੇਵਾਲੀਆ