-ਵਾਲੀਬਾਲ ‘ਚ ਰਾਏਕੋਟ ਦੀ ਟੀਮ ਰਹੀ ਜੇਤੂ

-ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਵੱਲੋਂ ਕਰਵਾਇਆ ਟੂਰਨਾਮੈਂਟ

————

ਸੰਜੀਵ ਗੁਪਤਾ, ਜਗਰਾਓਂ : ਜਗਰਾਓਂ ਪੁਲਿਸ ਲਾਈਨ ਵਿਖੇ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਵੱਲੋਂ ਕਰਵਾਏ ਟੂਰਨਾਮੈਂਟ ਵਿਚ ਹਠੂਰ ਦੇ ਬਾਬਿਆਂ ਨੇ ਜਗਰਾਓਂ ਥਾਣਾ ਸਦਰ ਦੀ ਟੀਮ ਨੂੰ ਦਿਲਚਸਪ ਮੁਕਾਬਲੇ ਦੌਰਾਨ ਹਰਾਉਂਦਿਆਂ ਸ਼ਾਨਦਾਰ ਜਿੱਤ ਹਾਸਲ ਕੀਤੀ। ਮੰਗਲਵਾਰ ਨੂੰ ਇਸ ਟੂਰਨਾਮੈਂਟ ‘ਚ ਵਾਲੀਬਾਲ ਅਤੇ ਰੱਸਾ ਕੱਸੀ ਦੇ ਮੁਕਾਬਲੇ ਕਰਵਾਏ ਗਏ। ਇਨਾਂ੍ਹ ਮੁਕਾਬਲਿਆਂ ਦੌਰਾਨ ਹੋਈ ਫਸਵੀਂ ਟੱਕਰ ਦਾ ਖੇਡ ਪੇ੍ਮੀਆਂ ਨੇ ਅਨੰਦ ਮਾਣਿਆ। ਐੱਸਐੱਸਪੀ ਨਵਨੀਤ ਸਿੰਘ ਬੈਂਸ ਦੀ ਨਿਗਰਾਨੀ ਹੇਠ ਹੋਏ ਟੂਰਨਾਮੈਂਟ ਵਿਚ ਵਾਲੀਬਾਲ ਦੀਆਂ 4 ਟੀਮਾਂ ਅਤੇ ਰੱਸਾ ਕੱਸੀ ਦੀਆਂ 9 ਟੀਮਾਂ ਨੇ ਭਾਗ ਲਿਆ।

ਵਾਲੀਬਾਲ ਵਿਚ ਜਬਰਦਸਤ ਮੁਕਾਬਲੇ ‘ਚ ਸੈਮੀਫਾਈਨਲ ਜਿੱਤ ਕੇ ਫਾਈਨਲ ਵਿਚ ਪੁੱਜੀਆਂ ਟੀਮਾਂ ਰਾਏਕੋਟ ਅਤੇ ਪੁਲਿਸ ਲਾਈਨ ਲੁਧਿਆਣਾ ਦਿਹਾਤੀ ਦੀ ਟੀਮ ‘ਚ ਮੁਕਾਬਲਾ ਹੋਇਆ। ਇਸ ਦਿਲਚਸਪ ਮੁਕਾਬਲੇ ਵਿਚ ਰਾਏਕੋਟ ਦੀ ਟੀਮ ਜੇਤੂ ਰਹੀ ਜਦ ਕਿ ਪੁਲਿਸ ਲਾਈਨ ਦੀ ਟੀਮ ਉਪ ਜੇਤੂ ਬਣੀ। ਅੱਜ ਦੇ ਟੂਰਨਾਮੈਂਟ ਵਿਚ ਰੱਸਾ ਕੱਸੀ ਦੇ ਮੁਕਾਬਲੇ ਦਿਲਚਸਪ ਅਤੇ ਰੌਮਾਂਚਕ ਭਰਪੂਰ ਰਹੇ।

ਸੈਮੀਫਾਈਨਲ ਜਿੱਤ ਕੇ ਫਾਈਨਲ ਵਿਚ ਪੁੱਜੀਆਂ ਹਠੂਰ ਅਤੇ ਜਗਰਾਓਂ ਥਾਣਾ ਸਦਰ ਦੀਆਂ ਟੀਮਾਂ ਵਿਚ ਫਸਵਾਂ ਮੁਕਾਬਲਾ ਹੋਇਆ। ਇਹ ਮੁਕਾਬਲਾ ਬੇਹਦ ਦਿਲਚਸਪ ਰਿਹਾ, ਕਿਉਂਕਿ ਹਠੂਰ ਦੀ ਟੀਮ ਵਿਚ ਬਹੁਤੇ ਬਜੁਰਗ ਸਨ ਜਿਨਾਂ੍ਹ ਖਾਦੀਆਂ ਪੁਰਾਣੀਆਂ ਖੁਰਾਕਾਂ ਅਤੇ ਖੇਡਾਂ ਨਾਲ ਵੱਡੀ ਉਮਰੇ ਵੀ ਜੁੜੇ ਰਹਿਣ ਦੇ ਜਜ਼ਬੇ ਸਦਕਾ ਰੱਸਾ ਕੱਸੀ ਦਾ ਇਹ ਮੁਕਾਬਲਾ ਆਪਣੇ ਨਾਮ ਕੀਤਾ।

ਇਸ ਤਰਾਂ੍ਹ ਹਠੂਰ ਦੀ ਟੀਮ ਜੇਤੂ, ਥਾਣਾ ਸਦਰ ਜਗਰਾਓਂ ਦੀ ਟੀਮ ਉਪ ਜੇਤੂ ਰਹੀ, ਜਦ ਕਿ ਦਾਖਾ ਦੀ ਟੀਮ ਤੀਜੇ ਸਥਾਨ ‘ਤੇ ਰਹੀ। ਇਸ ਮੌਕੇ ਟੂਰਨਾਮੈਂਟ ਨੂੰ ਸੰਬੋਧਨ ਕਰਦਿਆਂ ਐੱਸਪੀ ਮਨਵਿੰਦਰਵੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਅਤੇ ਡੀਜੀਪੀ ਪੰਜਾਬ ਦੇ ਨਿਰਦੇਸ਼ਾਂ ‘ਤੇ ਜ਼ਿਲ੍ਹਾ ਪੁਲਿਸ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਖੇਡਾਂ ਨਾਲ ਜੁੜਨ ਦਾ ਸੁਨੇਹਾ ਦੇਣ ਦੇ ਮਕਸਦ ਨਾਲ ਇਹ ਦੂਜਾ ਟੂਰਨਾਮੈਂਟ ਕਰਵਾਇਆ ਗਿਆ ਹੈ, ਜੋ ਮਕਸਦ ਵੱਲ ਸਫਲਤਾ ਨਾਲ ਵੱਧ ਰਿਹਾ ਹੈ। ਉਨਾਂ੍ਹ ਅੱਜ ਦੀਆਂ ਜੇਤੂ ਟੀਮਾਂ ਦੇ ਨਾਲ ਨਾਲ ਟੂਰਨਾਮੈਂਟ ਵਿਚ ਭਾਗ ਲੈਣ ਵਾਲੀ ਹਰ ਇੱਕ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਜਿੱਤ-ਹਾਰ ਨਾਲ ਕੋਈ ਵੱਡਾ ਛੋਟਾ ਨਹੀਂ ਹੁੰਦਾ, ਇਹ ਟੂਰਨਾਮੈਂਟ ਨੌਜਵਾਨੀ ਨੂੰ ਸ਼ਰੀਰਕ ਤੰਦਰੁਸਤੀ, ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਦਿੰਦੇ ਹਨ। ਇਸ ਮੌਕੇ ਜੇਤੂ ਟੀਮਾਂ ਨੂੰ ਐਸਪੀ ਮਨਵਿੰਦਰਵੀਰ ਸਿੰਘ, ਡੀਐੱਸਪੀ ਸਤਵਿੰਦਰ ਸਿੰਘ ਵਿਰਕ ਅਤੇ ਡੀਐੱਸਪੀ ਗੁਰਵਿੰਦਰ ਸਿੰਘ ਵੱਲੋਂ ਸਨਮਾਨਿਤ ਕੀਤਾ ਗਿਆ। ਟੂਰਨਾਮੈਂਟ ਦੌਰਾਨ ਮੰਚ ਸੰਚਾਲਨ ਦੀ ਭੂਮਿਕਾ ਕੈਪਟਨ ਨਰੇਸ਼ ਵਰਮਾ ਨੇ ਬਾਖੂਬੀ ਨਿਭਾਈ।